ਲੁਧਿਆਣਾ (ਸਹਿਗਲ) : ਆਯੂਸ਼ਮਾਨ ਭਾਰਤ ਸਕੀਮ ’ਚ ਹਸਪਤਾਲਾਂ ਦੇ 200 ਕਰੋੜ ਰੁਪਏ ਫਸ ਜਾਣ ’ਤੇ ਡਾਕਟਰਾਂ ਨੇ ਹੱਥ ਖੜ੍ਹੇ ਕਰ ਦਿੱਤੇ ਹਨ। ਆਈ. ਐੱਮ. ਏ. ਪੰਜਾਬ ਨੇ ਸਾਰੇ ਹਸਪਤਾਲਾਂ ਨੂੰ ਆਪਣੇ ਰਿਸਕ ’ਤੇ ਇਸ ਸਕੀਮ ਤਹਿਤ ਕੰਮ ਕਰਨ ਲਈ ਕਿਹਾ ਹੈ। ਐਸੋਸੀਏਸ਼ਨ ਦੇ ਪੰਜਾਬ ਦੇ ਪਰਮਜੀਤ ਸਿੰਘ ਮਾਨ ਨੇ ਕਿਹਾ ਕਿ 29 ਦਸੰਬਰ ਨੂੰ ਐੱਸ. ਬੀ. ਆਈ. ਬੀਮਾ ਕੰਪਨੀ ਨੇ ਇਸ ਸਕੀਮ ਤੋਂ ਹੱਥ ਪਿੱਛੇ ਖਿੱਚ ਲਏ ਅਤੇ ਪਾਲਿਸੀ ਬੰਦ ਕਰ ਦਿੱਤੀ, ਜਿਸ ਨਾਲ ਇਸ ਸਕੀਮ ਤਹਿਤ ਭੇਜੇ ਗਏ ਕਲੇਮ ਦੀ ਰਾਸ਼ੀ ਫਸ ਗਈ। ਡਾ. ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਹਸਪਤਾਲ ਸਕੀਮ ਤਹਿਤ ਕੰਮ ਕਰਨ ਲਈ ਮਨ੍ਹਾ ਕਰ ਚੁੱਕੇ ਹਨ ਪਰ ਸਿਹਤ ਮੰਤਰੀ ਦੇ ਦਖ਼ਲ ਕਾਰਨ ਡਾਕਟਰਾਂ ਨੂੰ ਕੰਮ ਜਾਰੀ ਰੱਖਣ ਲਈ ਕਿਹਾ ਪਰ ਆਪ ਬੀਮਾ ਕੰਪਨੀ ਵੱਲੋਂ ਪਾਲਿਸੀ ਬੰਦ ਕਰ ਦਿੱਤੀ ਗਈ ਹੈ। ਬਕਾਇਆ ਰਾਸ਼ੀ ਸਬੰਧੀ ਡਾਕਟਰਾਂ ਨੂੰ ਕੁੱਝ ਦੱਸਿਆ ਨਹੀਂ ਜਾ ਰਿਹਾ। ਅਜਿਹੇ ’ਚ ਉਨ੍ਹਾਂ ਨੇ ਬੀਤੇ ਦਿਨ ਲੁਧਿਆਣਾ ’ਚ ਹੋਈ ਇਕ ਹੰਗਾਮੀ ਮੀਟਿੰਗ ’ਚ ਕਹਿ ਦਿੱਤਾ ਕਿ ਹਸਪਤਾਲ ਆਪਣੇ ਰਿਸਕ ’ਤੇ ਕੰਮ ਕਰਨ।
ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਨਵਾਂ ਅਲਰਟ ਜਾਰੀ, ਜਾਣੋ ਅਗਲੇ 3 ਦਿਨ ਕਿਹੋ ਜਿਹਾ ਰਹੇਗਾ
ਉਨ੍ਹਾਂ ਕਿਹਾ ਕਿ ਜਦੋਂ ਸੂਬਾ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਹ ਇਸ ਸਕੀਮ ਤਹਿਤ ਕੰਮ ਜਾਰੀ ਰੱਖਣ ਲਈ ਕਹਿੰਦੇ ਹਨ ਪਰ ਇਹ ਨਹੀਂ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਪੈਸੇ ਕਦੋਂ ਅਤੇ ਕਿਵੇਂ ਮਿਲਣਗੇ। ਉਨ੍ਹਾਂ ਕਿਹਾ ਕਿ ਸਕੀਮ ਬੰਦ ਹੋਣ ਤੋਂ ਬਾਅਦ ਵੀ ਐਮਰਜੈਂਸੀ ’ਚ ਆਏ ਕੇਸਾਂ ਨੂੰ ਡਾਕਟਰਾਂ ਨੇ ਮਨ੍ਹਾ ਨਹੀਂ ਕੀਤਾ ਅਤੇ ਮਰੀਜ਼ਾਂ ਦਾ ਇਲਾਜ ਕੀਤਾ, ਜਿਸ ਨਾਲ ਉਨ੍ਹਾਂ ’ਤੇ ਆਰਥਿਕ ਬੋਝ ਹੋ ਵੱਧ ਗਿਆ ਹੈ। ਮਾਨ ਨੇ ਕਿਹਾ ਕਿ 29 ਦਸੰਬਰ ਤੋਂ ਬਾਅਦ ਵੀ ਸਰਕਾਰੀ ਅਧਿਕਾਰੀਆਂ ਦੇ ਕਹਿਣ ’ਤੇ ਡਾਕਟਰ ਇਲਾਜ ਕਰਦੇ ਰਹੇ ਅਤੇ 50 ਕਰੋੜ ਹੋਰ ਫਸਾ ਕੇ ਬੈਠ ਗਏ। ਅੱਜ ਹਾਲਾਤ ਇਹ ਹਨ ਕਿ ਕਈ ਹਸਪਤਾਲ ਪੈਸੇ ਨਾ ਮਿਲਣ ਕਾਰਨ ਚੱਲਣੇ ਮੁਸ਼ਕਿਲ ਹੋ ਗਏ ਹਨ। ਡਾਕਟਰਾਂ ’ਤੇ ਆਰਥਿਕ ਬੋਝ ਵੱਧ ਗਿਆ ਹੈ। ਉਹ ਖ਼ੁਦ ਡਿਪਰੈਸ਼ਨ ਵਿਚ ਹਨ। ਸਰਕਾਰੀ ਪੱਧਰ ’ਤੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਚੋਣਾਂ ਸਿਰ ’ਤੇ ਹਨ, ਸਭ ਉਨ੍ਹਾਂ ਵਿਚ ਵਿਅਸਤ ਹਨ। ਪਤਾ ਨਹੀਂ ਕੱਲ ਕਿਸ ਦੀ ਸਰਕਾਰ ਬਣੇਗੀ, ਇਹ ਸਕੀਮ ਸ਼ੁਰੂ ਹੋਵੇਗੀ ਵੀ ਜਾਂ ਨਹੀਂ। ਲਿਹਾਜ਼ਾ ਐਸੋਸੀਏਸ਼ਨ ਨੇ ਫ਼ੈਸਲਾ ਕੀਤਾ ਹੈ ਕਿ ਲਿਖ਼ਤੀ ਭਰੋਸੇ ਤੋਂ ਬਿਨਾਂ ਇਸ ਸਕੀਮ ਤਹਿਤ ਕੋਈ ਕੰਮ ਨਹੀਂ ਕੀਤਾ ਜਾਵੇਗਾ।
ਬੀਮਾ ਕੰਪਨੀ ’ਤੇ ਸਰਕਾਰ ਨੇ ਵਧਾਇਆ ਬੋਝ
ਦੱਸਿਆ ਜਾਂਦਾ ਹੈ ਕਿ ਕੇਂਦਰ ਸਰਕਾਰ ਵੱਲੋਂ ਸ਼ੁਰੂ ਹੋਈ ਇਕ ਸਕੀਮ ਨੂੰ ਸੂਬਿਆਂ ਨੇ ਆਪਣੇ ਪੱਧਰ ’ਤੇ ਲਾਗੂ ਕਰਨਾ ਅਤੇ ਉਸ ਵਿਚ ਆਪਣੇ ਹਿੱਸੇ ਦਾ ਆਰਥਿਕ ਯੋਗਦਾਨ ਵੀ ਦੇਣਾ ਸੀ। ਸਿਹਤ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਇਹ ਸਕੀਮ ਬੀ. ਪੀ. ਐੱਲ. ਕਾਰਡ ਧਾਰਕਾਂ ਲਈ ਸ਼ੁਰੂ ਕੀਤੀ ਗਈ ਸੀ, ਜਿਸ ਦੇ ਤਹਿਤ ਉਨ੍ਹਾਂ ਦੇ ਪਰਿਵਾਰ ਲਈ 5 ਲੱਖ ਰੁਪਏ ਦਾ ਬੀਮਾ ਦਿੱਤਾ ਗਿਆ ਪਰ ਬਾਅਦ ਵਿਚ ਸਿਆਸੀ ਲਾਭ ਲੈਣ ਲਈ ਇਹ ਸਕੀਮ ਸਭ ਦੇ ਲਈ ਓਪਨ ਕਰ ਦਿੱਤੀ, ਜਿਸ ਦੌਰਾਨ ਬੀਮਾ ਕੰਪਨੀ ਕੋਲ ਦਾਅਵਿਆਂ ਦਾ ਹੜ੍ਹ ਆ ਗਿਆ। ਸੂਤਰ ਦੱਸਦੇ ਹਨ ਕਿ 3-4 ਮਹੀਨਿਆਂ ’ਚ ਹੀ ਕੰਪਨੀ ਕੋਲ ਕਰੋੜ ਰੁਪਏ ਦੇ ਕਲੇਮ ਪੈਂਡਿੰਗ ਹੋ ਗਏ। ਲਿਹਾਜਾ ਕੰਪਨੀ ਨੇ ਇਸ ਸਕੀਮ ਤੋਂ ਆਪਣੇ ਹੱਥ ਖਿੱਚ ਲਏ।
ਇਹ ਵੀ ਪੜ੍ਹੋ : ਰਵਨੀਤ ਬਿੱਟੂ ਦਾ ਵੱਡਾ ਬਿਆਨ, 'CM ਚੰਨੀ ਦੇ ਭਾਣਜੇ ਨੂੰ ਬੋਰੀਆਂ 'ਚ ਪਾ-ਪਾ ਕੁੱਟਿਆ ਗਿਆ'
ਲੋਕ ਕੱਢ ਰਹੇ ਹਸਪਤਾਲਾਂ ਦੇ ਗੇੜੇ
ਇਸ ਸਕੀਮ ਤਹਿਤ ਕਵਰ ਕੀਤੇ ਗਏ ਲੋਕਾਂ ਦੀ ਹਾਲਤ ਕਾਫੀ ਖ਼ਰਾਬ ਹੈ। ਲੋਕ ਹਸਪਤਾਲਾਂ ਵਿਚ ਆਪਣਾ ਇਲਾਜ ਕਰਵਾਉਣ ਲਈ ਆਯੂਸ਼ਮਾਨ ਭਾਰਤ ਸਕੀਮ ਦੇ ਕਾਰਡ ਲੈ ਕੇ ਜਾਂਦੇ ਹਨ ਤਾਂ ਉਨ੍ਹਾਂ ਦਾ ਇਲਾਜ ਕਰਨ ਦੀ ਬਜਾਏ ਉਨ੍ਹਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਜਾਂ ਉਨ੍ਹਾਂ ਨੂੰ ਨਕਦ ਪੈਸੇ ਜਮ੍ਹਾਂ ਕਰਵਾ ਕੇ ਇਲਾਜ ਕਰਵਾਉਣ ਲਈ ਕਿਹਾ ਜਾ ਰਿਹਾ ਹੈ। ਆਈ. ਐੱਮ. ਏ. ਦੇ ਕਈ ਅਹੁਦੇਦਾਰ ਦੱਸਦੇ ਹਨ ਕਿ ਅਜਿਹੇ ’ਚ ਕਈ ਹਸਪਤਾਲਾਂ ’ਚ ਲੋਕ ਉੂਗਰ ਰੂਪ ਧਾਰਨ ਕਰ ਲੈਂਦੇ ਹਨ ਅਤੇ ਲੜਾਈ-ਝਗੜੇ ਦੀ ਨੌਬਤ ਆ ਜਾਂਦੀ ਹੈ। ਹੁਣ ਇਹ ਹਸਪਤਾਲਾਂ ਦੀ ਰੁਟੀਨ ਦਾ ਹਿੱਸਾ ਬਣਦਾ ਜਾ ਰਹਾ ਹੈ। ਕਈ ਹਸਪਤਾਲ ਪ੍ਰਬੰਧਕਾਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਉਨ੍ਹਾਂ ਨੇ ਫ਼ੈਸਲਾ ਕੀਤਾ ਹੈ ਕਿ ਮੈਂ ਸਕੀਮ ਤਹਿਤ ਕਦੇ ਕੰਮ ਨਹੀਂ ਕਰਨਗੇ ਪਰ ਸਰਕਾਰ ਇਸ ਸਿਲਸਿਲੇ ਵਿਚ ਮੌਨ ਧਾਰੀ ਬੈਠੀ ਹੈ। ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਹਸਪਤਾਲ ਜਾਣ ’ਤੇ ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਕਿ ਇਹ ਸਕੀਮ ਬੰਦ ਹੋ ਗਈ ਹੈ। ਇਲਾਜ ਕਰਵਾਉਣਾ ਹੈ ਤਾਂ ਨਕਦ ਪੈਸੇ ਨਾਲ ਹੀ ਹੋਵੇਗਾ। ਅਜਿਹੇ ਵਿਚ ਕਿੱਥੇ ਜਾਈਏ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ 'ਚ PM ਮੋਦੀ ਦੀਆਂ ਰੈਲੀਆਂ ਦਾ ਕਾਂਗਰਸ ਤੇ ਕਿਸਾਨ ਜੱਥੇਬੰਦੀਆਂ ਕਰਨਗੀਆਂ ਵਿਰੋਧ
NEXT STORY