ਫਰੀਦਕੋਟ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦਾ ਗੜ੍ਹ ਰਹੀ ਫਰੀਦਕੋਟ ਦੀ ਸੀਟ 'ਤੇ ਅਕਾਲੀ ਦਲ ਕਾਂਗਰਸ ਨਾਲੋਂ ਟੁੱਟ ਕੇ ਆਏ ਜੋਗਿੰਦਰ ਸਿੰਘ ਪੰਜਗਰਾਈਂ 'ਤੇ ਦਾਅ ਲਾ ਸਕਦਾ ਹੈ, ਜਦਕਿ ਕਾਂਗਰਸ ਹੀ ਅਕਾਲੀ ਦਲ ਤੋਂ ਟੁੱਟ ਕੇ ਆਏ ਅਜੀਤ ਸਿੰਘ ਸ਼ਾਂਤ 'ਤੇ ਦਾਅ ਲਾ ਸਕਦੀ ਹੈ। ਉਮੀਦਵਾਰਾਂ ਦੇ ਨਾਂ ਦਾ ਐਲਾਨ ਹੋਣ ਤਕ ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਦੇ ਨਾਂ 'ਤੇ ਸਸਪੈਂਸ ਕਾਇਮ ਰਹਿ ਸਕਦਾ ਹੈ। ਇਹ ਸੀਟ ਅਕਾਲੀ ਦਲ ਦੇ ਪ੍ਰਭਾਵ ਵਾਲੀ ਰਹੀ ਹੈ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਇਲਾਵਾ ਉਸ ਦੇ ਪੁੱਤਰ ਸੁਖਬੀਰ ਬਾਦਲ ਵੀ ਇਸ ਸੀਟ ਤੋਂ 3 ਵਾਰ ਐੱਮ. ਪੀ. ਰਹਿ ਚੁੱਕੇ ਹਨ ਪਰ 2009 ਦੀ ਡੀ-ਲਿਮੀਟੇਸ਼ਨ ਤੋਂ ਬਾਅਦ ਇਹ ਸੀਟ ਰਿਜ਼ਰਵ ਹੋ ਗਈ ਹੈ, ਜਿਸ ਤੋਂ ਬਾਅਦ ਬਾਦਲ ਪਰਿਵਾਰ ਨੇ ਇਸ ਸੀਟ ਤੋਂ ਸ਼ਿਫਟ ਹੋ ਕੇ ਬਠਿੰਡੇ ਜਾਣਾ ਪਿਆ।
ਕਾਂਗਰਸ ਛੱਡਣ ਵਾਲੇ 'ਸ਼ਾਂਤ' ਹੋ ਸਕਦੇ ਹਨ ਪਾਰਟੀ ਦੇ ਉਮੀਦਵਾਰ
ਕਾਂਗਰਸ ਵਲੋਂ ਪਾਰਟੀ ਦੇ ਸਾਬਕਾ ਵਿਧਾਇਕ ਰਹੇ ਅਜੀਤ ਸਿੰਘ ਸ਼ਾਂਤ ਦਾ ਨਾਂ ਇਸ ਸੀਟ ਲਈ ਚਰਚਾ ਵਿਚ ਹੈ। ਸ਼ਾਂਤ ਨੇ 2013 ਵਿਚ ਕਾਂਗਰਸ ਦਾ ਪੱਲਾ ਛੱਡ ਕੇ ਅਕਾਲੀ ਦਲ ਵੱਲ ਚਲੇ ਗਏ ਸਨ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮਹਿਲ ਕਲਾਂ ਸੀਟ ਤੋਂ ਅਕਾਲੀ ਦਲ ਦੇ ਉਮੀਦਵਾਰ ਵਜੋਂ ਮੈਦਾਨ ਵਿਚ ਉਤਰੇ ਸਨ ਪਰ ਅਕਾਲੀ ਦਲ ਦੀ ਟਿਕਟ 'ਤੇ ਉਹ ਚੋਣ ਹਾਰ ਗਏ ਸਨ। ਇਸ ਤੋਂ ਬਾਅਦ 16 ਫਰਵਰੀ ਨੂੰ ਉਨ੍ਹਾਂ ਨੇ ਕਾਂਗਰਸ ਪਾਰਟੀ ਵਿਚ ਵਾਪਸੀ ਕੀਤੀ। ਕਾਂਗਰਸ ਵਿਚ ਵਾਪਸੀ ਤੋਂ ਬਾਅਦ ਫਰੀਦਕੋਟ ਲੋਕ ਸਭਾ ਸੀਟ 'ਤੇ ਉਨ੍ਹਾਂ ਦੇ ਨਾਂ ਦੀ ਚਰਚਾ ਹੈ।
ਸਾਧੂ ਸਿੰਘ ਹੋਣਗੇ 'ਆਪ' ਦੇ ਉਮੀਦਵਾਰ
ਆਮ ਆਦਮੀ ਪਾਰਟੀ ਨੇ ਆਪਣੇ ਮੌਜੂਦਾ ਸੰਸਦ ਮੈਂਬਰ ਸਾਧੂ ਸਿੰਘ ਧਰਮਸੌਤ ਨੂੰ ਹੀ ਇਸ ਹਲਕੇ ਤੋਂ ਉਤਾਰਨ ਦਾ ਫੈਸਲਾ ਲਿਆ ਹੈ। ਪਾਰਟੀ ਨੇ ਉਸ ਦਾ ਨਾਂ ਅਕਤੂਬਰ ਵਿਚ ਹੀ ਐਲਾਨ ਕਰ ਦਿੱਤਾ ਸੀ। ਭਾਵੇਂ ਵਿਧਾਨ ਸਭਾ ਚੋਣਾਂ ਵਿਚ ਮਾੜੇ ਪ੍ਰਦਰਸ਼ਨ ਅਤੇ ਪਾਰਟੀ ਫੁੱਟ ਤੋਂ ਬਾਅਦ ਫਰੀਦਕੋਟ ਸੀਟ 'ਤੇ 'ਆਪ' ਦੀ ਸਥਿਤੀ ਪਹਿਲਾਂ ਵਾਲੀ ਨਹੀਂ ਰਹੀ ਹੈ ਕਿਉਂਕਿ ਇਸ ਸੀਟ 'ਤੇ ਸੁਖਪਾਲ ਖਹਿਰਾ ਦੀ ਪੰਜਾਬ ਏਕਤਾ ਪਾਰਟੀ, ਬਸਪਾ ਅਤੇ ਲੋਕ ਇਨਸਾਫ ਪਾਰਟੀ ਦਾ ਉਮੀਦਵਾਰ ਵੀ ਮੈਦਾਨ ਵਿਚ ਹੋਵੇਗਾ, ਜਿਸ ਨਾਲ 'ਆਪ' ਦੀ ਵੋਟ ਵੰਡ ਹੋਣ ਦੀ ਸੰਭਾਵਨਾ ਹੈ।
ਕਾਂਗਰਸ ਤੋਂ ਆਏ ਪੰਜਗਰਾਈਂ ਹੋ ਸਕਦੇ ਹਨ ਅਕਾਲੀ ਉਮੀਦਵਾਰ
ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਦੀ ਟਿਕਟ 'ਤੇ ਫਰੀਦਕੋਟ ਤੋਂ ਲੋਕ ਸਭਾ ਦੀ ਚੋਣ ਲੜਨ ਵਾਲੇ ਜੋਗਿੰਦਰ ਸਿੰਘ ਪੰਜਗਰਾਈਂ ਇਸ ਵਾਰ ਅਕਾਲੀ ਦਲ ਦੇ ਉਮੀਦਵਾਰ ਹੋ ਸਕਦੇ ਹਨ। ਪੰਜਗਰਾਈਂ ਨੇ ਵੀ ਇਸੇ ਸਾਲ 16 ਜਨਵਰੀ ਨੂੰ ਕਾਂਗਰਸ ਛੱਡ ਕੇ ਅਕਾਲੀ ਦਲ ਜੁਆਇਨ ਕੀਤਾ ਹੈ। ਉਹ 2007 ਦੀਆਂ ਚੋਣਾਂ ਵਿਚ ਪੰਜਗਰਾਈਂ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਬਣੇ ਸਨ ਜਦਕਿ 2012 ਵਿਚ ਉਸ ਨੇ ਜੈਤੋ ਤੋਂ ਚੋਣ ਲੜੀ ਸੀ ਜਦਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਹ ਭਦੌੜ ਸੀਟ ਤੋਂ ਚੋਣ ਹਾਰ ਗਏ ਸਨ।
ਇਸ ਸੀਟ ਤੋਂ ਪਿਛਲੀਆਂ ਚੋਣਾਂ ਦੌਰਾਨ 'ਆਪ' ਦੇ ਉਮੀਦਵਾਰ ਪ੍ਰੋ. ਸਾਧੂ ਸਿੰਘ ਨੇ ਅਕਾਲੀ ਦਲ ਦੀ ਪਰਮਜੀਤ ਕੌਰ ਗੁਲਸ਼ਨ ਨੂੰ 1,72,516 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸਾਧੂ ਸਿੰਘ ਨੂੰ 4,50,754 ਵੋਟਾਂ ਮਿਲੀਆਂ ਸਨ ਜਦਕਿ ਅਕਾਲੀ ਦਲ ਦੀ ਉਮੀਦਵਾਰ ਪਰਮਜੀਤ ਕੌਰ ਗੁਲਸ਼ਨ ਨੂੰ 2,51,222 ਵੋਟਾਂ ਨਾਲ ਤੀਸਰੇ ਨੰਬਰ 'ਤੇ ਰਹੀ ਸੀ।
ਇਹ ਪਹਿਲਾ ਮੌਕਾ ਸੀ ਜਦ ਕਿਸੇ ਨਵੀਂ ਪਾਰਟੀ ਦੇ ਉਮੀਦਵਾਰ ਨੂੰ ਚੁਣ ਕੇ ਸੰਸਦ ਵਿਚ ਭੇਜਿਆ ਸੀ। ਇਸ ਤੋਂ ਪਹਿਲਾਂ ਇਹ ਅਕਾਲੀ ਦਲ ਦੇ ਪ੍ਰਭਾਵ ਵਾਲੀ ਸੀਟ ਰਹੀ ਹੈ ਅਤੇ 1977 ਤੋਂ ਬਾਅਦ ਇਸ ਸੀਟ 'ਤੇ ਹੋਏ 11 ਮੁਕਾਬਲਿਆਂ ਵਿਚ ਅਕਾਲੀ ਦਲ ਦਾ ਉਮੀਦਵਾਰ 6 ਵਾਰ ਚੋਣਾਂ ਜਿੱਤ ਚੁੱਕਾ ਹੈ ਜਦਕਿ ਇਕ ਵਾਰ ਇਹ ਸੀਟ ਅਕਾਲੀ ਦਲ ਅੰਮ੍ਰਿਤਸਰ ਨੇ ਜਿੱਤੀ ਹੈ। ਕਾਂਗਰਸ ਇਸ ਸੀਟ 'ਤੇ ਸਿਰਫ 3 ਵਾਰ ਜਿੱਤੀ ਹੈ।
ਵਿਧਾਨ ਸਭਾ ਚੋਣਾਂ ਵਿਚ ਕਮਜ਼ੋਰ ਹੋਈ 'ਆਪ'
2014 ਦੀਆਂ ਚੋਣਾਂ ਵਿਚ 'ਆਪ' ਨੇ ਇਸ ਸੀਟ ਦੇ ਤਹਿਤ ਆਉਂਦੀਆਂ ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ, ਮੋਗਾ, ਫਰੀਦਕੋਟ, ਧਰਮਕੋਟ, ਕੋਟਕਪੂਰਾ ਅਤੇ ਜੈਤੋ ਵਿਧਾਨ ਸਭਾ ਸੀਟਾਂ 'ਤੇ ਲੀਡ ਬਣਾਈ ਸੀ ਪਰ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਨ੍ਹਾਂ ਸੀਟਾਂ 'ਚੋਂ ਕਾਂਗਰਸ ਨੇ ਬਾਘਾਪੁਰਾਣਾ, ਮੋਗਾ, ਧਰਮਕੋਟ ਅਤੇ ਫਰੀਦਕੋਟ ਸੀਟਾਂ 'ਤੇ ਲੀਡ ਹਾਸਲ ਕਰ ਲਈ ਜਦਕਿ 'ਆਪ' ਦੀ ਲੀਡ ਨਿਹਾਲ ਸਿੰਘ ਵਾਲਾ, ਕੋਟਕਪੂਰਾ ਅਤੇ ਜੈਤੋ ਤਕ ਹੀ ਸੀਮਤ ਰਹੀ। ਕਾਂਗਰਸ ਨੇ ਰਾਮਪੁਰਾ ਫੂਲ ਅਤੇ ਗਿੱਦੜਬਾਹਾ ਦੀਆਂ ਸੀਟਾਂ 'ਤੇ ਜਿੱਤ ਹਾਸਲ ਕੀਤੀ। ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ 4,46,474 ਵੋਟਾਂ ਮਿਲੀਆਂ, ਜੋ ਉਸ ਨੂੰ 2014 ਵਿਚ ਮਿਲੀਆਂ 2,51,222 ਵੋਟਾਂ ਦੇ ਮੁਕਾਬਲੇ 1,95,252 ਵੋਟਾਂ ਜ਼ਿਆਦਾ ਹਨ। ਦੂਜੇ ਪਾਸੇ ਅਕਾਲੀ ਦਲ ਨੂੰ ਵੀ ਇਸ ਸੀਟ 'ਤੇ ਵੋਟਾਂ ਦੇ ਲਿਹਾਜ ਨਾਲ ਫਾਇਦਾ ਹੋਇਆ ਹੈ। ਅਕਾਲੀ ਦਲ ਨੂੰ 2014 ਵਿਚ ਇਸ ਸੀਟ 'ਤੇ 2,78,235 ਵੋਟਾਂ ਮਿਲੀਆਂ, ਜੋ 2017 ਵਿਚ ਵਧ ਕੇ 3,54,494 ਹੋ ਗਈਆਂ ਜਦਕਿ 'ਆਪ' ਨੂੰ ਵਿਧਾਨ ਸਭਾ ਚੋਣਾਂ ਦੌਰਾਨ ਵੋਟਾਂ ਦੇ ਲਿਹਾਜ ਨਾਲ ਨੁਕਸਾਨ ਹੋਇਆ ਅਤੇ ਉਸ ਦੀਆਂ ਵੋਟਾਂ 4,50,751 ਤੋਂ ਘਟ ਕੇ 3,84,078 ਰਹਿ ਗਈਆਂ।
ਸਿਰਸਾ ਨੇ ਫਰਜ਼ੀ ਬਿੱਲਾਂ ਦੇ ਰਾਹੀਂ ਕੀਤੀ ਕਰੋੜਾਂ ਦੀ ਗੜਬੜੀ : ਸਰਨਾ
NEXT STORY