ਸਾਡੇ ਮੁਲਕ ਨੂੰ ਤਿਉਹਾਰਾਂ ਤੇ ਮੇਲਿਆਂ ਦਾ ਮੁਲਕ ਕਿਹਾ ਜਾਂਦਾ ਹੈ। ਮਨਾਏ ਜਾਣ ਵਾਲੇ ਤਿਉਹਾਰਾਂ ’ਚੋਂ ਬਹੁਤ ਸਾਰਿਆਂ ਦਾ ਸਬੰਧ ਰੁੱਤ ਤਬਦੀਲੀ ਨਾਲ ਹੈ। ਸਾਡੇ ਮੁਲਕ ’ਚ ਸਰਦੀ ਤੇ ਗਰਮੀ ਸਮੇਤ ਬਹੁਤ ਸਾਰੀਆਂ ਰੁੱਤਾਂ ਆਉਂਦੀਆਂ ਹਨ। ਇਨ੍ਹਾਂ ਰੁੱਤਾਂ ’ਚੋਂ ਬਸੰਤ ਰੁੱਤ ਦਾ ਅਹਿਮ ਸਭ ਤੋਂ ਜ਼ਿਆਦਾ ਹੈ। ਬਸੰਤ ਪੰਚਮੀ ਬਸੰਤ ਰੁੱਤ ਦੀ ਆਮਦ ’ਤੇ ਮਨਾਇਆ ਜਾਣ ਵਾਲਾ ਤਿਉਹਾਰ ਹੈ। ਰੁੱਤ ਦੀ ਤਬਦੀਲੀ ਬਦੌਲਤ ਬਨਸਪਤੀ ’ਤੇ ਛਾਏ ਖੇੜਿਆਂ ਦੀ ਤਰਜ਼ਮਾਨੀ ਕਰਦੇ ਇਸ ਤਿਉਹਾਰ ਵਾਲੇ ਦਿਨ ਇਉਂ ਜਾਪਦਾ ਹੈ ਜਿਵੇਂ ਸਮੁੱਚੀ ਕਾਇਨਾਤ ਹੀ ਨੱਚ ਰਹੀ ਹੋਵੇ। ਸਾਰੀ ਬਨਸਪਤੀ ਖ਼ੁਸ਼ੀਆਂ ਦੇ ਹੁੰਗਾਰੇ ਭਰਦੀ ਪ੍ਰਤੀਤ ਹੁੰਦੀ ਹੈ। ਕਾਇਨਾਤ ’ਤੇ ਜਵਾਨੀ ਆਈ ਜਾਪਦੀ ਹੈ। ਬਸੰਤ ਪੰਚਮੀ ਵਾਲੇ ਦਿਨ ਤੋਂ ਬਸੰਤ ਰੁੱਤ ਦੀ ਸ਼ੁਰੂਆਤ ਮੰਨੀ ਜਾਂਦੀ ਹੈ। ਇਸ ਰੁੱਤ ’ਚ ਨਾ ਸਰਦੀ ਤੇ ਨਾ ਗਰਮੀ ਹੁੰਦੀ ਹੈ। ਇਸ ਸੁਹਾਵਣੇ ਮੌਸਮ ’ਚ ਜਿਥੇ ਲੋਕ ਸਰਦੀ ਦਾ ਡਰ ਭੁਲਾ ਕੇ ਬਾਹਰ ਨਿਕਲਦੇ ਹਨ, ਉਥੇ ਫ਼ਸਲਾਂ ਵੀ ਛਾਲਾਂ ਮਾਰ-ਮਾਰ ਵਧਦੀਆਂ ਹਨ। ਖੇਤਾਂ ’ਚ ਖਿੜੇ ਸਰੋਂ ਦੇ ਫੁੱਲ ਤੇ ਬਾਗਾਂ ’ਚ ਖਿੜੇ ਫੁੱਲ ਸ਼ੈਨਤਾਂ ਕਰ-ਕਰ ਬੁਲਾਉਂਦੇ ਜਾਪਦੇ ਹਨ। ਬਾਗਾਂ ’ਚ ਤਿਤਲੀਆਂ ਉਡਾਰੀਆਂ ਭਰਨ ਲੱਗਦੀਆਂ ਹਨ। ਖੇਤਾਂ ’ਚ ਫ਼ਸਲਾਂ ਦੇ ਸ਼ੁਰੂ ਹੋਏ ਵਿਕਾਸ ਨੂੰ ਦੇਖ ਕਿਸਾਨਾਂ ਦਾ ਮਨ ਵੀ ਉਡਾਰੀਆਂ ਮਾਰਨ ਨੂੰ ਕਰਦਾ ਹੈ। ਇਸ ਰੁੱਤ ’ਚ ਇਨਸਾਨਾਂ ਤੇ ਬਨਸਪਤੀ ਦੀ ਤਾਂ ਗੱਲ ਛੱਡੋ, ਪਸ਼ੂਆਂ ਤੇ ਪੰਛੀਆਂ ਦੇ ਮਨਾਂ ’ਤੇ ਵੀ ਖੇੜਾ ਛਾਅ ਜਾਂਦਾ ਹੈ।
ਬਸੰਤ ਰੁੱਤ ਦਾ ਵਰਣਨ ਪਵਿੱਤਰ ਗੁਰਬਾਣੀ ’ਚ
ਬਸੰਤ ਰੁੱਤ ਦਾ ਵਰਣਨ ਪਵਿੱਤਰ ਗੁਰਬਾਣੀ ’ਚ ਵੀ ਮਿਲਦਾ ਹੈ। ਬਸੰਤ ਰਾਗ ਗੁਰਬਾਣੀ ਦੇ ਰਾਗਾਂ ’ਚ ਸ਼ੁਮਾਰ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਸ ਰੁੱਤ ਬਾਰੇ ਦਾਰਸ਼ਨਿਕ ਨਜ਼ਰੀਏ ਤੋਂ ਫੁਰਮਾਨ ਹੈ ‘ਨਾਨਕ ਤਿਨਾ ਬਸੰਤ ਹੈ, ਜਿਨ ਘਰ ਵਸਿਆ ਕੰਤੁ’। ਜਨਵਰੀ-ਫਰਵਰੀ ਮਹੀਨੇ ’ਚ ਮਨਾਏ ਜਾਣ ਵਾਲੇ ਇਸ ਤਿਉਹਾਰ ਨੂੰ ਹਿੰਦੂਮਤ ਨਜ਼ਰੀਏ ਤੋਂ ਸਰਸਵਤੀ ਦੇ ਆਗਮਨ ਨਾਲ ਜੋੜ ਕੇ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦਾ ਸਬੰਧ ਬ੍ਰਹਮਾ ਵਲੋਂ ਸ੍ਰਿਸ਼ਟੀ ਦੀ ਸਿਰਜਣਾ ਕਰਨ ਵਾਲੀ ਕਥਾ ਤੋਂ ਇਲਾਵਾ ਇਤਿਹਾਸਕ ਤੌਰ ’ਤੇ ਇਸ ਦਾ ਸਬੰਧ ਪ੍ਰਿਥਵੀ ਰਾਜ ਚੌਹਾਨ ਤੇ ਮੁਹੰਮਦ ਗੌਰੀ ਦੇ ਯੁੱਧਾਂ ਨਾਲ ਜੁੜਦਾ ਹੈ। ਰਾਜਾ ਭੋਜ ਦਾ ਜਨਮਦਿਨ ਵੀ ਬਸੰਤ ਪੰਚਮੀ ਵਾਲੇ ਦਿਨ ਹੀ ਮਨਾਇਆ ਜਾਂਦਾ ਹੈ। ਵੀਰ ਹਕੀਕਤ ਰਾਏ ਨਾਲ ਵੀ ਇਸ ਤਿਉਹਾਰ ਦਾ ਸਬੰਧ ਜੋੜਿਆ ਜਾਂਦਾ ਹੈ।
ਰਾਮ ਸਿੰਘ ਕੂਕਾ ਦਾ ਜਨਮਦਿਨ ਵੀ ਬਸੰਤ ਪੰਚਮੀ ਵਾਲੇ ਦਿਨ ਬਹੁਤ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਇਸ ਰੁੱਤ ਦੌਰਾਨ ਖੇਤਾਂ ’ਚ ਹਰਿਆਲੀ ਦਾ ਪਹਿਰਾ ਲੱਗ ਜਾਂਦਾ ਹੈ। ਪੀਲੇ ਫੁੱਲਾਂ ਨਾਲ ਲੱਦੀਆਂ ਸਰੋਂ ਦੀਆਂ ਫ਼ਸਲਾਂ ਖੇਤਾਂ ’ਚ ਮਨਮੋਹਕ ਨਜ਼ਾਰਾ ਪੇਸ਼ ਕਰਦੀਆਂ ਹਨ। ਕਣਕਾਂ ਦੀਆਂ ਫ਼ਸਲਾਂ ਨੂੰ ਫਲ ਪੈਣਾ ਸ਼ੁਰੂ ਹੋ ਜਾਂਦਾ ਹੈ। ਚਾਰੇ ਪਾਸੇ ਪੀਲੇ ਤੇ ਹਰੇ ਰੰਗ ਦੀ ਬਹਾਰਾਂ ਕਾਰਨ ਸ਼ਾਇਦ ਬਸੰਤ ਪੰਚਮੀ ਵਾਲੇ ਦਿਨ ਪੀਲੇ ਰੰਗ ਦੇ ਕੱਪੜੇ ਪਹਿਨਣ ਤੇ ਪੀਲੇ ਰੰਗ ਦੇ ਭੋਜਨ ਪਦਾਰਥ ਖਾਣ ਦਾ ਰਿਵਾਜ਼ ਪ੍ਰਚਲਿਤ ਹੋਇਆ ਹੋਵੇਗਾ।
ਬਸੰਤ ਪੰਚਮੀ ’ਤੇ ਕੀਤੀ ਜਾਂਦੀ ਹੈ ਸਰਸਵਤੀ ਮਾਤਾ ਦੀ ਪੂਜਾ
ਪੁਰਾਤਨ ਰਵਾਇਤਾਂ ਅਨੁਸਾਰ ਕਲਾ ਦੇ ਖੇਤਰ ਨਾਲ ਜੁੜੇ ਲੋਕ ਆਪਣੀ ਕਲਾ ਦੇ ਹੋਰ ਨਿਖਾਰ ਲਈ ਇਸ ਦਿਨ ਸਰਸਵਤੀ ਦੀ ਪੂਜਾ ਕਰਦੇ ਹਨ। ਪਤੰਗਬਾਜ਼ੀ ਕਰਕੇ ਬਸੰਤ ਪੰਚਮੀ ਮਨਾਉਣ ਦਾ ਰਿਵਾਜ਼ ਬਹੁਤ ਪੁਰਾਣਾ ਹੈ। ਅੰਬਰਾਂ ’ਚ ਉਡਾਰੀਆਂ ਮਾਰਦੇ ਰੰਗ ਬਿਰੰਗੇ ਪਤੰਗ ਇਨਸਾਨੀ ਮਨ੍ਹ ਨੂੰ ਹੋਰ ਵੀ ਖੇੜਾ ਬਖਸ਼ਦੇ ਹਨ। ਉਂਝ ਬੇਸ਼ੱਕ ਪਤੰਗਬਾਜ਼ੀ ਬੱਚਿਆਂ ਦੀ ਖੇਡ ਮੰਨੀ ਗਈ ਹੈ ਪਰ ਇਸ ਦਿਨ ਨੌਜਵਾਨ ਤੇ ਵੱਡੀ ਉਮਰ ਦੇ ਸਭ ਲੋਕ ਰਲ ਮਿਲ ਕੇ ਪਤੰਗਬਾਜ਼ੀ ਕਰਦੇ ਹਨ। ਪਤੰਗਬਾਜ਼ੀ ਦੌਰਾਨ ਇਕ-ਦੂਜੇ ਦੇ ਪਤੰਗ ਕੱਟ ਕੇ ਖੂਬ ਮੰਨੋਰੰਜਨ ਕੀਤਾ ਜਾਂਦਾ ਹੈ ਪਰ ਇਸ ਪਤੰਗਬਾਜ਼ੀ ਨੇ ਇਕ ਨਵੀਂ ਅਲਾਮਤ ਨੂੰ ਜਨਮ ਦੇ ਦਿੱਤਾ ਹੈ। ਉਹ ਹੈ ਪਤੰਗਬਾਜ਼ੀ ਦੌਰਾਨ ਵਰਤੀ ਜਾਣ ਵਾਲੀ ਚਾਈਨਾ ਡੋਰ। ਇਹ ਡੋਰ ਕਈ ਹਾਦਸਿਆਂ ਦਾ ਕਾਰਨ ਬਣ ਰਹੀ ਹੈ। ਪਾਬੰਦੀ ਹੋਣ ਦੇ ਬਾਵਜੂਦ ਵਰਤੋਂ ਦਾ ਆਲਮ ਰੁੱਕ ਨਹੀਂ ਰਿਹਾ। ਦੁਕਾਨਦਾਰਾਂ ਵਲੋਂ ਸ਼ਰੇਆਮ ਚਾਈਨਾ ਡੋਰ ਵੇਚ ਕੇ ਕਾਨੂੰਨ ਦੀ ਧੱਜੀਆਂ ਉਡਾਉਂਦਿਆਂ ਇਨਸਾਨਾਂ ਸਮੇਤ ਪੰਛੀਆਂ ਲਈ ਖ਼ਤਰਾ ਪੈਦਾ ਕੀਤਾ ਜਾ ਰਿਹਾ ਹੈ। ਹਵਾ ’ਚ ਉੱਡਦੀ ਇਹ ਡੋਰ ਕਿੰਨੇ ਹੀ ਲੋਕਾਂ ਦੇ ਗਲੇ ਕੱਟਣ ਦਾ ਸਬੱਬ ਬਣ ਚੁੱਕੀ ਹੈ।
ਚਾਈਨਾ ਡੋਰ ’ਤੇ ਲਾਈ ਪਾਬੰਦੀ ਨੂੰ ਅਮਲੀਜਾਮਾ ਪਹਿਨਾਉਣ ਦੀ ਲੋੜ
ਹਵਾ ’ਚ ਉੱਡਦੇ ਪੰਛੀ ਵਿਚਾਰੇ ਅਕਸਰ ਇਸ ਦੀ ਲਪੇਟ ’ਚ ਆ ਕੇ ਜ਼ਖ਼ਮੀ ਹੋ ਜਾਂਦੇ ਹਨ। ਚਾਈਨਾ ਡੋਰ ਨਾਲ ਕੀਤੀ ਜਾਂਦੀ ਪਤੰਗਬਾਜ਼ੀ ਬਸੰਤ ਦੇ ਰੰਗ ’ਚ ਭੰਗ ਪਾ ਜਾਂਦੀ ਹੈ। ਬਸੰਤ ਦੀਆਂ ਖ਼ੁਸ਼ੀਆਂ ਤੇ ਖੇੜਿਆਂ ਦੀ ਸਲਾਮਤੀ ਲਈ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਚਾਈਨਾ ਡੋਰ ’ਤੇ ਲਗਾਈ ਪਾਬੰਦੀ ਨੂੰ ਅਮਲੀਜਾਮਾ ਪਹਿਨਾਉਣ ਲਈ ਸਰਕਾਰ ਦਾ ਸਾਥ ਦੇਈਏ। ਚਾਈਨਾ ਡੋਰ ਦੀ ਵਰਤੋਂ ਤਾਂ ਦੂਰ ਦੀ ਗੱਲ ਸਾਡਾ ਫਰਜ਼ ਬਣਦਾ ਹੈ ਕਿ ਇਸ ਦੀ ਵਿਕਰੀ ਤੇ ਵਰਤੋਂ ਕਰਨ ਵਾਲਿਆਂ ਦੀ ਸੂਚਨਾ ਪ੍ਰਸ਼ਾਸ਼ਨ ਨੂੰ ਦੇ ਕੇ ਸੱਚੇ ਨਾਗਰਿਕ ਹੋਣ ਦਾ ਫਰਜ਼ ਨਿਭਾਈਏ। ਪਤੰਗਬਾਜ਼ੀ ਜ਼ਰੂਰ ਕਰੀਏ ਪਰ ਸੁਰੱਖਿਅਤ ਤਰੀਕੇ ਨਾਲ ਦੇਸੀ ਡੋਰ ਦਾ ਇਸਤੇਮਾਲ ਕਰਦਿਆਂ। ‘ਆਈ ਬਸੰਤ ਪਾਲਾ ਉਡੰਤ ਦੇ’ ਕਹਿਣ ਮੁਤਾਬਕ ਇਸ ਤਿਉਹਾਰ ਤੋਂ ਬਾਅਦ ਬੜੀ ਸਾਵੀਂ ਰੁੱਤ ਦਾ ਆਗਮਨ ਹੁੰਦਾ ਹੈ। ਹਰ ਤਿਉਹਾਰ ਮੌਕੇ ਕੁਝ ਸਾਵਧਾਨੀਆਂ ਜ਼ਰੂਰ ਵਰਤਣੀਆਂ ਪੈਂਦੀਆਂ ਹਨ। ਜਿਉਂ ਹੀ ਇਨ੍ਹਾਂ ਸਾਵਧਾਨੀਆਂ ਪ੍ਰਤੀ ਅਵੇਸਲਾਪਣ ਆਉਂਦਾ ਹੈ ਤਾਂ ਦੁਰਘਟਨਾ ਘਟ ਜਾਂਦੀ ਹੈ। ਸੋ ਆਓ ਬਸੰਤ ਦੇ ਤਿਉਹਾਰ ਮੌਕੇ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਨੂੰ ਮਨ ’ਚ ਵਸਾਉਂਦਿਆਂ ਖ਼ੁਸ਼ੀਆਂ ਤੇ ਖੇੜਿਆਂ ਦਾ ਪਹਿਰਾ ਬਰਕਰਾਰ ਰੱਖੀਏ।
ਨੋਟ– ਤੁਸੀਂ ਬਸੰਤ ਦਾ ਤਿਉਹਾਰ ਕਿਵੇਂ ਮਨਾਉਂਦੇ ਹੋ? ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।
'ਗੁਰਨਾਮ ਸਿੰਘ ਚੜੂਨੀ' ਨੇ ਜਾਰੀ ਕੀਤਾ ਚੋਣ ਮੈਨੀਫੈਸਟੋ, ਕਿਸਾਨਾਂ ਲਈ ਕਹੀਆਂ ਵੱਡੀਆਂ ਗੱਲਾਂ
NEXT STORY