ਬਠਿੰਡਾ (ਰਾਜਵੰਤ) : ਪੰਜਾਬ ਦੇ ਨੌਜਵਾਨਾਂ 'ਚ ਇਨ੍ਹੀਂ ਦਿਨੀਂ ਵਿਦੇਸ਼ ਜਾਣ ਦਾ ਖ਼ੁਮਾਰ ਸਿਰ ਚੜ੍ਹ ਕੇ ਬੋਲਣ ਲੱਗਾ ਹੈ। ਇਹੀ ਕਾਰਣ ਹੈ ਕਿ ਸੂਬੇ ਦੇ ਮਸ਼ਹੂਰ ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਮੋਗਾ, ਲੁਧਿਆਣਾ ਆਦਿ 'ਚ ਹੁਣ ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦੇ ਵਸੀਲਿਆਂ ਦਾ ਨਿਰਮਾਣ ਹੋਣ ਲੱਗਾ ਹੈ। ਜੇਕਰ ਗੱਲ ਮਾਲਵੇ ਦੀ ਕੀਤੀ ਜਾਵੇ ਤਾਂ ਮਾਲਵੇ ਦੇ ਵਿਦਿਆਰਥੀ ਵੀ ਹੁਣ ਵਿਦੇਸ਼ ਵੱਲ ਉਡਾਣਾਂ ਭਰਨ ਲੱਗੇ ਹਨ ਪਰ ਇਸ 'ਚ ਦਿਲਚਸਪ ਗੱਲ ਇਹ ਹੈ ਕਿ ਪੜ੍ਹਾਈ ਹੋਵੇ ਜਾਂ ਰੋਜ਼ਗਾਰ, ਦੋਵਾਂ ਦੀ ਪੂਰਤੀ ਲਈ ਮਾਲਵੇ ਦੇ ਵਿਦਿਆਰਥੀਆਂ ਨੂੰ ਹੁਣ 'ਵਾਇਆ ਬਠਿੰਡਾ' ਹੋਣਾ ਲਾਜ਼ਮੀ ਬਣ ਗਿਆ ਹੈ। ਇਹੀ ਕਾਰਣ ਹੈ ਕਿ ਉਕਤ ਸ਼ਹਿਰਾਂ ਦੀ ਤਰ੍ਹਾਂ ਹੁਣ ਬਠਿੰਡਾ ਵੀ ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦੇ ਇਕ ਜ਼ਰੀਏ ਵਜੋਂ ਉਭਰ ਰਿਹਾ ਹੈ। ਸਿੱਖਿਆ ਦਾ ਹੱਬ ਬਣ ਚੁੱਕਾ ਬਠਿੰਡਾ ਅੱਜ ਆਪਣੀ ਇਕ ਵਿਲੱਖਣ ਪਛਾਣ ਤਹਿਤ ਹਰ ਖਿੱਤੇ 'ਚ ਮੋਹਰੀ ਗਿਣਿਆ ਜਾਣ ਲੱਗਾ ਹੈ। ਸਿੱਖਿਆ ਤੋਂ ਲੈ ਕੇ ਰੋਜ਼ਗਾਰ ਤੱਕ ਦੇ ਹਰ ਤਰ੍ਹਾਂ ਦੇ ਵਸੀਲੇ ਇਸ ਸ਼ਹਿਰ ਅੰਦਰ ਮਿਲਣ ਲੱਗੇ ਹਨ। ਚਾਰ ਲੱਖ ਦੇ ਕਰੀਬ ਆਬਾਦੀ ਵਾਲਾ ਬਠਿੰਡਾ ਹੁਣ ਹੋਰਨਾਂ ਸੂਬਿਆਂ ਦੇ ਨੌਜਵਾਨਾਂ ਲਈ ਵੀ ਰੋਜ਼ਗਾਰ ਦਾ ਸਾਧਨ ਬਣਨ ਲੱਗਾ ਹੈ। ਸ਼ਹਿਰ ਅੰਦਰ ਸੈਂਕੜਿਆਂ ਦੀ ਗਿਣਤੀ 'ਚ ਆਈਲੈਟਸ ਸੈਂਟਰ, ਵੱਡੇ ਕਾਲਜ, ਯੂਨੀਵਰਸਿਟੀਆਂ ਸਥਾਪਤ ਹਨ, ਜੋ ਨੌਜਵਾਨਾਂ ਨੂੰ ਪੜ੍ਹਾਈ ਦੇ ਨਾਲ-ਨਾਲ ਰੋਜ਼ਗਾਰ ਮੁਹੱਈਆ ਕਰਵਾਉਣ 'ਚ ਵੀ ਲਗਾਤਾਰ ਸਰਗਰਮ ਹਨ।
ਬਠਿੰਡਾ ਬਣ ਗਿਐ ਸਿੱਖਿਆ ਦਾ ਹੱਬ
ਸਮੇਂ ਦਾ ਹਾਣੀ ਬਣਦਿਆਂ ਹੁਣ ਬਠਿੰਡਾ ਸਿੱਖਿਆ ਦਾ ਹੱਬ ਮੰਨਿਆ ਜਾਣ ਲੱਗਾ ਹੈ। ਹੁਣ ਇੱਥੇ ਮਾਲਵੇ ਦੇ ਜ਼ਿਆਦਾਤਰ ਨੌਜਵਾਨ ਮੁੰਡੇ-ਕੁੜੀਆਂ ਨੂੰ ਪੜ੍ਹਾਈ ਜਾਂ ਰੋਜ਼ਗਾਰ ਦੇ ਵਸੀਲੇ ਪ੍ਰਾਪਤ ਕਰਨ ਲਈ ਆਪਣਾ ਸਫ਼ਰ 'ਵਾਇਆ ਬਠਿੰਡਾ' ਸ਼ੁਰੂ ਕਰਨਾ ਪੈਂਦਾ ਹੈ, ਜਿਸ ਨੇ 'ਵਾਇਆ ਬਠਿੰਡਾ' ਦੇ ਮਾਇਨੇ ਬਦਲ ਦੇ ਰੱਖ ਦਿੱਤੇ ਹਨ। ਬਠਿੰਡਾ ਸ਼ਹਿਰ ਜੋ ਮਾਲਵੇ ਦਾ ਦਿਲ ਹੈ, ਲੰਘੇ ਤਿੰਨ ਦਹਾਕਿਆਂ ਤੋਂ ਵਿੱਦਿਆ ਦਾ ਧੁਰਾ ਬਣ ਕੇ ਉਭਰ ਚੁੱਕਾ ਹੈ, ਫ਼ਿਰ ਚਾਹੇ ਪੰਜਾਬ ਜਾਂ ਦੇਸ਼ ਦੇ ਨੌਜਵਾਨ, ਮੁੰਡੇ, ਕੁੜੀਆਂ ਨੇ ਡਾਕਟਰੀ ਜਾਂ ਇੰਜੀਨੀਅਰਿੰਗ ਦੀ ਪੜ੍ਹਾਈ ਕਰਨੀ ਹੋਵੇ, ਮੁਕਾਬਲੇ ਦੇ ਇਮਤਿਹਾਨਾਂ ਦੀ ਸਿੱਖਿਆ ਲੈਣੀ ਹੋਵੇ, ਸਭ ਤਰ੍ਹਾਂ ਦੇ ਸਿਖਲਾਈ ਕੇਂਦਰ ਇੱਥੇ ਮੌਜੂਦ ਹਨ। ਪਿਛਲੇ ਦੋ ਦਹਾਕਿਆਂ 'ਚ ਇਨ੍ਹਾਂ ਕੇਂਦਰਾਂ ਦੇ ਗਿਣਤੀ ਬਾਰੇ ਸ਼ਾਇਦ ਸਰਕਾਰੀ ਅਦਾਰੇ ਅੰਕੜੇ ਇਕੱਠੇ ਕਰਨ 'ਚ ਨਾਕਾਮਯਾਬ ਹੋਏ ਹਨ ਪਰ ਛੋਟੇ-ਛੋਟੇ ਲੋਕਾਂ ਨੇ ਪੇਇੰਗ ਗੈਸਟ, ਐਜੂਕੇਸ਼ਨਲ ਇੰਸਟੀਚਿਊਟ, ਸਟੇਸ਼ਨਰੀ, ਖ਼ਾਣ ਪੀਣ ਦੀਆਂ ਚੀਜ਼ਾਂ ਦੀਆਂ ਦੁਕਾਨਾਂ ਖ਼ੋਲ੍ਹ ਲਈਆਂ ਹਨ। ਇਸ ਤੋਂ ਇਲਾਵਾ ਐੱਨ. ਐੱਫ. ਐੱਲ ਤੇ ਬਠਿੰਡਾ ਛਾਉਣੀ, ਰਿਫਾਈਨਰੀ ਆਦਿ ਸਨਅਤਾਂ 'ਚ ਵਸੇ ਪਰਿਵਾਰ, ਜੋ ਦੇਸ਼ ਦੇ ਕੋਨੇ-ਕੋਨੇ 'ਚੋਂ ਆਏ ਹਨ, ਇਸ ਕਰ ਕੇ ਬਠਿੰਡਾ ਸ਼ਹਿਰ ਮਿੰਨੀ ਭਾਰਤ ਵਜੋਂ ਜਾਣਿਆ ਜਾਣ ਲੱਗਾ ਹੈ। ਇੰਨਾ ਵੱਡਾ ਵਿੱਦਿਅਕ ਦਾ ਹੱਬ ਬਠਿੰਡਾ ਬਣਨ ਦੇ ਨਾਲ-ਨਾਲ ਪ੍ਰਵਾਸੀ ਪਰਿਵਾਰ ਆਪਣੇ ਬੱਚਿਆਂ ਨੂੰ ਉਚੇਰੀ ਸਿੱਖਿਆ ਦੇਣ ਲਈ ਬਠਿੰਡਾ ਨੂੰ ਤਰਜੀਹ ਦੇਣ ਲੱਗੇ ਹਨ। ਭਾਵੇਂ 70-80 ਦੇ ਦਹਾਕਿਆਂ 'ਚ ਬਠਿੰਡਾ ਵਿਖੇ ਬਹੁਤ ਅਜਿਹੇ ਸੈਂਟਰ ਨਹੀਂ ਸਨ ਪਰ ਕੁਝ ਸਾਲਾਂ ਅੰਦਰ ਬਹੁਤ ਕੁਝ ਬਦਲ ਗਿਆ ਹੈ। ਇਕ ਸਰਵੇਖਣ ਮੁਤਾਬਕ ਬਠਿੰਡਾ ਜ਼ਿਲੇ ਦੇ ਮੂਲ ਨਿਵਾਸੀ ਅੱਜ ਵੀ ਕਿੱਤਾ ਮੁਖੀ ਕੋਰਸਾਂ ਤੇ ਉਚੀ ਸਿੱਖਿਆ 'ਚ ਘੱਟ ਹੀ ਦਿਸਦੇ ਹਨ ਪਰ ਆਈਲੈਟਸ ਸਿਖਲਾਈ ਕੇਂਦਰ ਇੱਥੇ ਬਹੁਤ ਖੁੱਲ੍ਹ ਗਏ ਹਨ। ਸ਼ਹਿਰ ਅੰਦਰ ਰੋਜ਼ਾਨਾ ਆਸ-ਪਾਸ ਦੇ ਸ਼ਹਿਰਾਂ, ਪਿੰਡਾਂ ਤੇ ਸੂਬਿਆਂ ਤੋਂ ਸੈਂਕੜੇ ਵਿਦਿਆਰਥੀ ਪੜ੍ਹਾਈ ਜਾਂ ਆਈਲੈਟਸ ਕਰਨ ਲਈ ਆ ਰਹੇ ਹਨ।
ਰਾਜਨੀਤੀ ਦਾ ਵੀ ਮੰਨਿਆ ਜਾਂਦਾ ਹੈ ਮੁੱਖ ਧੁਰਾ
ਸਿੱਖਿਆ ਅਤੇ ਰੋਜ਼ਗਾਰ ਦੇ ਨਾਲ-ਨਾਲ ਵਧਦਾ ਫੁੱਲਦਾ ਬਠਿੰਡਾ ਪਿਛਲੇ ਕਈ ਦਹਾਕਿਆਂ ਤੋਂ ਰਾਜਨੀਤੀ ਦਾ ਵੀ ਮੁੱਖ ਧੁਰਾ ਮੰਨਿਆ ਜਾ ਰਿਹਾ ਹੈ, ਜੋ ਸਿਲਸਿਲਾ ਅੱਜ ਵੀ ਲਗਾਤਾਰ ਬਰਕਰਾਰ ਹੈ। ਲੋਕ ਸਭਾ ਚੋਣਾਂ ਹੋਣ ਜਾਂ ਫ਼ਿਰ ਵਿਧਾਨ ਸਭਾ, ਹਮੇਸ਼ਾ ਹੀ ਸਾਰੀਆਂ ਪਾਰਟੀਆਂ ਵੱਲੋਂ ਬਠਿੰਡਾ ਸੀਟ ਨੂੰ ਵਧੇਰੇ ਤਰਜੀਹ ਦਿੱਤੀ ਜਾਂਦੀ ਹੈ ਕਿਉਂਕਿ ਪੰਜਾਬ ਦੀ ਸਿਆਸਤ ਬਠਿੰਡਾ ਦੀ ਧਰਤੀ ਤੋਂ ਸ਼ੁਰੂ ਹੁੰਦੀ ਹੈ। ਇਸ ਲਈ ਬਠਿੰਡਾ 'ਚ ਹੋਣ ਵਾਲੀ ਹਰ ਛੋਟੀ ਵੱਡੀ ਸਰਗਰਮੀ ਨੂੰ ਪੂਰੇ ਸੂਬੇ ਅੰਦਰ ਦੇਖਿਆ ਜਾਂਦਾ ਹੈ। ਇਹੀ ਕਾਰਣ ਹੈ ਕਿ ਹਰ ਚੋਣਾਂ ਦੇ ਮਾਹੌਲ ਦੌਰਾਨ ਬਠਿੰਡਾ 'ਚ ਸਿਆਸੀ ਅਖ਼ਾੜਾ ਭਖ਼ਦਾ ਹੈ, ਜਦੋਂਕਿ ਚੋਣਾਂ ਦੇ ਵੇਲੇ ਕਈ ਸਿਆਸੀ ਪਾਰਟੀਆਂ ਦੇ ਵੱਡੇ ਨੇਤਾਵਾਂ ਦੀ ਵੀ ਬਠਿੰਡਾ 'ਚ ਆਮਦ ਹੁੰਦੀ ਹੈ।
ਕੀ ਹੈ ਬਠਿੰਡਾ ਦੀ ਇਤਿਹਾਸਿਕ ਮਹੱਤਤਾ?
ਬਠਿੰਡਾ ਦਾ ਪੁਰਾਤਨ ਇਤਿਹਾਸ ਬੜਾ ਹੀ ਦਿਲਚਸਪ ਬਣਿਆ ਰਿਹਾ ਹੈ। ਬਠਿੰਡਾ ਨੂੰ ਪੁਰਾਤਨ ਕਾਲ, ਮੱਧ ਕਾਲ ਅਤੇ ਆਧੁਨਿਕ ਸਮੇਂ 'ਚ ਵੱਖੋ- ਵੱਖਰੇ ਨਾਵਾਂ ਨਾਲ ਜਾਣਿਆ ਜਾਂਦਾ ਰਿਹਾ ਹੈ। ਪਹਿਲਾਂ ਬਠਿੰਡਾ ਦੀ ਭੁਗੋਲਿਕ ਸਥਿਤੀ ਅਜਿਹੀ ਸੀ ਕਿ ਕਿਸੇ ਵੀ ਬਾਹਰਲੇ ਹਮਲਾਵਰ ਨੂੰ ਉਤਰੀ ਭਾਰਤ ਦੇ ਜੋ ਰਾਜੇ ਸਨ, ਉਨ੍ਹਾਂ 'ਤੇ ਹਮਲਾ ਕਰਨ ਲਈ ਪਹਿਲਾਂ ਬਠਿੰਡਾ ਫਤਿਹ ਕਰ ਕੇ ਲੰਘਣਾ ਪੈਂਦਾ ਸੀ। ਉਸ ਵੇਲੇ ਬਠਿੰਡਾ ਇਕੋ-ਇਕ ਅਜਿਹਾ ਧੁਰਾ ਹੁੰਦਾ ਸੀ, ਜਿਸ ਨੂੰ ਫਤਿਹ ਕਰਨ ਵਾਲਾ ਸਮੇਂ ਦਾ ਭਲਵਾਨ ਮੰਨਿਆ ਜਾਂਦਾ ਸੀ। ਪੁਰਾਣੇ ਬਠਿੰਡੇ ਦਾ ਰੇਲਵੇ ਸਟੇਸ਼ਨ ਵੀ ਮੁਲਕ ਦੇ ਮੋਹਰੀ ਰੇਲਵੇ ਸਟੇਸ਼ਨਾਂ 'ਚੋਂ ਇਕ ਸੀ ਅਤੇ ਵੱਖ-ਵੱਖ ਰੂਟਾਂ ਦੀਆਂ 7 ਰੇਲਵੇ ਲਾਈਨਾਂ ਇਸ ਸਟੇਸ਼ਨ ਤੋਂ ਹੋ ਕੇ ਨਿਕਲਦੀਆਂ ਸਨ।
ਸਮੇਂ ਦੀ ਨਜ਼ਾਕਤ ਅਨੁਸਾਰ ਢਲਿਆ ਮਹਾਨਗਰ
ਬਠਿੰਡਾ ਦੇ ਬਦਲੇ ਮਿਜ਼ਾਜ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ ਹੈ। ਸਮੇਂ ਦੀ ਨਜ਼ਾਕਤ ਨੂੰ ਭਾਂਪਦਿਆਂ ਮਹਾਨਗਰ 'ਚ ਕਈ ਤਰ੍ਹਾਂ ਦੇ ਬਦਲਾਅ ਆਉਂਦੇ ਰਹੇ, ਜਦੋਂਕਿ ਮੌਜੂਦਾ ਸਮੇਂ 'ਚ ਬਠਿੰਡਾ ਹਰ ਖੇਤਰ 'ਚ ਮੋਹਰੀ ਜ਼ਿਲਿਆਂ ਦੀ ਲਿਸਟ 'ਚ ਆਉਣ ਲੱਗਾ ਹੈ। ਏਸ਼ੀਆ ਦੀ ਵੱਡੀ ਛਾਉਣੀ, ਹਵਾਈ ਅੱਡਾ, ਦੋ ਥਰਮਲ ਪਲਾਂਟ, ਖ਼ਾਦ ਫੈਕਟਰੀ, ਗੁਰੂ ਗੋਬਿੰਦ ਸਿੰਘ ਰਿਫਾਈਨਰੀ, ਵੱਖ-ਵੱਖ ਕੰਪਨੀਆਂ ਦੇ ਤੇਲ ਡਿਪੂ, ਗ੍ਰੋਥ ਸੈਂਟਰ, ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ, ਗਿਆਨੀ ਜ਼ੈਲ ਸਿੰਘ ਇੰਜੀਨੀਅਰਿੰਗ ਕਾਲਜ, ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਬਠਿੰਡਾ, ਆਦੇਸ਼ ਮੈਡੀਕਲ ਯੂਨੀਵਰਸਿਟੀ, ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਟ, ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ, ਸੈਂਕੜੇ ਆਈਲੈਟਸ ਸੈਂਟਰ ਅਤੇ ਕਈ ਮੋਹਰੀ ਅਖ਼ਬਾਰਾਂ ਦੀਆਂ ਪ੍ਰਿੰਟਿੰਗ ਪ੍ਰੈੱਸਾਂ ਇੱਥੇ ਮੌਜੂਦ ਹਨ। ਇਸ ਤੋਂ ਇਲਾਵਾ ਕਾਰਗਿਲ ਦੀ ਫੀਡ ਫੈਕਟਰੀ, ਕਈ ਸ਼ਾਪਿੰਗ ਮਾਲ, ਡੇਢ ਸੌ ਸਾਲ ਪੁਰਾਣਾ ਰੇਲਵੇ ਸਟੇਸ਼ਨ, ਕਿਲਾ ਮੁਬਾਰਕ, ਤਖ਼ਤ ਦਮਦਮਾ ਸਾਹਿਬ, ਮਾਤਾ ਦੁਰਗਾ ਦਾ ਮੰਦਿਰ ਮਾਈਸਰਖ਼ਾਨਾ, ਇਤਿਹਾਸਿਕ ਲੱਖੀ ਜੰਗਲ ਸਾਹਿਬ, ਬਾਬਾ ਹਾਜ਼ੀਰਤਨ ਦੀ ਦਰਗਾਹ ਆਦਿ ਖਿੱਚ ਦਾ ਕੇਂਦਰ ਬਣੇ ਹੋਏ ਹਨ।
ਧਾਰਮਿਕ ਅਸਥਾਨ 'ਤੇ ਔਰਤ ਦੀ ਲਾਸ਼ ਬਰਾਮਦ
NEXT STORY