ਬਠਿੰਡਾ (ਵਿਜੇ)-ਤਕਰੀਬਨ ਦੋ ਮਹੀਨਿਆਂ ਦੀ ਉਡੀਕ ਤੋਂ ਬਾਅਦ ਬਠਿੰਡਾ ਨਗਰ ਨਿਗਮ ਨੂੰ ਮੇਅਰ ਨਸੀਬ ਹੋ ਹੀ ਗਿਆ। ਸਾਰਿਆਂ ਨੂੰ ਹੈਰਾਨ ਕਰਦਿਆਂ ਸੀਨੀਅਰ ਆਗੂਆਂ ਦੇ ਦਾਅਵਿਆਂ ਨੂੰ ਨਕਾਰਦਿਆਂ ਰਮਨ ਗੋਇਲ ਨੂੰ ਮੇਅਰ ਬਣਾਇਆ ਗਿਆ ਹੈ, ਜਦਕਿ ਮੇਅਰ ਦੇ ਦਾਅਵੇਦਾਰ ਮੰਨੇ ਜਾ ਰਹੇ ਅਸ਼ੋਕ ਪ੍ਰਧਾਨ ਨੂੰ ਸੀਨੀਅਰ ਡਿਪਟੀ ਮੇਅਰ ਤੇ ਅਕਾਲੀ ਦਲ ਤੋਂ ਕਾਂਗਰਸ ’ਚ ਗਏ ਤੇ ਸਾਬਕਾ ਐੱਫ. ਐੱਨ. ਸੀ. ਸੀ. ਮੈਂਬਰ ਮਾਸਟਰ ਹਰਮੰਦਰ ਸਿੰਘ ਨੂੰ ਡਿਪਟੀ ਮੇਅਰ ਬਣਾਇਆ ਗਿਆ ਹੈ।
ਇਸ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਆਗੂ ਤੇ ਜ਼ਿਲ੍ਹਾ ਪਲਾਨਿੰਗ ਬੋਰਡ ਦੀ ਚੇਅਰਮੈਨੀ ਛੱਡ ਕੇ ਚੋਣ ਲੜਨ ਵਾਲੇ ਜਗਰੂਪ ਸਿੰਘ ਗਿੱਲ ਦਾ ਦਾਅਵਾ ਸਭ ਤੋਂ ਮਜ਼ਬੂਤ ਮੰਨਿਆ ਜਾ ਰਿਹਾ ਸੀ ਪਰ ਹਾਈਕਮਾਨ ਨੇ ਸਾਰਿਆਂ ਨੂੰ ਇਕ ਪਾਸੇ ਕਰ ਕੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਨਗਰ ਨਿਗਮ ’ਚ 50 ਫੀਸਦੀ ਕੋਟਾ ਬੀਬੀਆਂ ਦਾ ਹੈ ਤੇ ਇੰਨੀਆਂ ਹੀ ਬੀਬੀਆਂ ਜਿੱਤ ਕੇ ਸਦਨ ’ਚ ਪਹੁੰਚੀਆਂ ਹਨ। ਇਸ ਹਾਲਤ ’ਚ ਮੇਅਰ ਦਾ ਅਹੁਦਾ ਵੀ ਕਿਸੇ ਜਨਰਲ ਬੀਬੀ ਨੂੰ ਦਿੱਤਾ ਜਾਣਾ ਚਾਹੀਦਾ ਹੈ। ਇਸੇ ਕਾਰਨ ਵਾਰਡ ਨੰਬਰ 35 ਤੋਂ ਕੌਂਸਲਰ ਬਣੀ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਸੰਦੀਪ ਗੋਇਲ ਦੀ ਪਤਨੀ ਰਮਨ ਗੋਇਲ ਨੂੰ ਮੇਅਰ ਦੇ ਅਹੁਦੇ ਨਾਲ ਨਿਵਾਜਿਆ ਗਿਆ ਹੈ। ਉਥੇ ਹੀ ਕਾਂਗਰਸ ’ਚ 4 ਦਹਾਕਿਆਂ ਤੋਂ ਆਪਣਾ ਸਿੱਕਾ ਜਮਾਉਂਦੇ ਰਹੇ ਅਸ਼ੋਕ ਪ੍ਰਧਾਨ ਨੂੰ ਸੀਨੀਅਰ ਡਿਪਟੀ ਮੇਅਰ ਵਰਗੇ ਮਹੱਤਵਪੂਰਨ ਅਹੁਦੇ ’ਤੇ ਬਿਠਾ ਕੇ ਦਲਿਤ ਵੋਟ ਬੈਂਕ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਥੇ ਹੀ ਜੱਟ ਭਾਈਚਾਰੇ ਦੇ ਵੋਟ ਬੈਂਕ ਨੂੰ ਲੁਭਾਉਣ ਲਈ ਮਾਸਟਰ ਹਰਮੰਦਰ ਸਿੰਘ ਨੂੰ ਡਿਪਟੀ ਮੇਅਰ ਬਣਾਇਆ ਗਿਆ ਹੈ।
ਨਗਰ ਨਿਗਮ ਚੋਣਾਂ ਤੋਂ ਦੋ ਮਹੀਨਿਆਂ ਬਾਅਦ ਵੀਰਵਾਰ ਨੂੰ ‘ਕੌਣ ਬਣੇਗਾ ਮੇਅਰ’ਦੀ ਚਰਚਾ ’ਤੇ ਰੋਕ ਲੱਗ ਗਈ ਹੈ। ਮਿੰਨੀ ਸਕੱਤਰੇਤ ਦੇ ਡੀ. ਸੀ. ਮੀਟਿੰਗ ਹਾਲ ’ਚ ਸਾਢੇ 11 ਵਜੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ’ਚ ਹੋਈ ਮੀਟਿੰਗ ਦੌਰਾਨ ਉਨ੍ਹਾਂ ਵੱਲੋਂ ਲਿਆਂਦੇ ਗਏ ਲਿਫਾਫੇ ਨਾਲ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਨਾਂ ਨਿਕਲ ਗਏ। ਮੌਕੇ ’ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਹਾਜ਼ਰ ਸਨ। ਉਨ੍ਹਾਂ ਸਾਰੇ ਕੌਂਸਲਰਾਂ ਨੂੰ ਇੱਕਜੁੱਟ ਹੋ ਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰਨ ਲਈ ਕਿਹਾ, ਉਥੇ ਹੀ ਨਵ-ਨਿਯਕੁਤ ਮੇਅਰ ਤੋਂ ਸ਼ਹਿਰ ਦੇ ਵਿਕਾਸ ਲਈ ਕੰਮ ਕਰਨ ਤੇ ਪੈਂਡਿੰਗ ਯੋਜਨਾਵਾਂ ਨੂੰ ਤੇਜ਼ੀ ਨਾਲ ਪੂਰਾ ਕਰਨ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਇਕ ਲੰਮੇ ਸਮੇਂ ਬਾਅਦ ਨਗਰ ਨਿਗਮ ਬਠਿੰਡਾ ’ਚ ਕਾਂਗਰਸ ਦਾ ਮੇਅਰ ਬਣਾਇਆ ਹੈ ਤੇ ਲੋਕਾਂ ਨੇ ਭਾਰੀ ਬਹੁਮਤ ਨਾਲ ਨਗਰ ਨਿਗਮ ਦੀ ਜ਼ਿੰਮੇਵਾਰੀ ਕਾਂਗਰਸ ਨੂੰ ਸੌਂਪੀ ਹੈ। ਇਸ ਹਾਲਤ ’ਚ ਉਸ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲੋਕਾਂ ਦੀਆਂ ਉਮੀਦਾਂ ’ਤੇ ਖਰੇ ਉਤਰੇ ਤੇ ਸ਼ਹਿਰ ਦੇ ਚਹੁੰਮੁਖੀ ਵਿਕਾਸ ਲਈ ਦਿਨ-ਰਾਤ ਇਕ ਕਰ ਕੇ ਕੰਮ ਕਰਨ।
ਲਾਪਤਾ ਨੌਜਵਾਨ ਦੀ ਖ਼ੇਤਾਂ ’ਚੋਂ ਮਿਲੀ ਲਾਸ਼, ਸਰੀਰ ’ਤੇ ਨਜ਼ਰ ਆਏ ਨਿਸ਼ਾਨਾਂ ਨੇ ਖੜ੍ਹੇ ਕੀਤੇ ਕਈ ਸਵਾਲ
NEXT STORY