ਪਠਾਨਕੋਟ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਵਪਾਰੀਆਂ ਨੂੰ ਦੱਸਿਆ ਕਿ ਕਾਂਗਰਸ ਸਰਕਾਰ ਗੁਰਦਾਸਪੁਰ ਜ਼ਿਮਨੀ ਚੋਣ ਤੋਂ ਤੁਰੰਤ ਬਾਅਦ ਬਿਜਲੀ ਦੇ ਰੇਟ 12 ਫੀਸਦੀ ਤੱਕ ਵਧਾਉਣ ਅਤੇ ਨਵੇਂ ਟੈਕਸ ਲਾਉਣ ਦੀਆਂ ਤਿਆਰੀਆਂ ਖਿੱਚੀ ਬੈਠੀ ਹੈ । ਇਸ ਨੂੰ ਅਜਿਹਾ ਕਰਨ ਤੋਂ ਰੋਕਣ ਦਾ ਇਕੋ ਜ਼ਰੀਆ ਹੈ ਕਿ ਸੂਬਾ ਕਾਂਗਰਸ ਕਮੇਟੀ ਦੇ ਮੁਖੀ ਸੁਨੀਲ ਜਾਖੜ ਨੂੰ ਬੁਰੀ ਤਰ੍ਹਾਂ ਹਰਾਇਆ ਜਾਵੇ।
ਇਥੇ ਅਤੇ ਸੁਜਾਨਪੁਰ ਵਿਖੇ ਭਾਰੀ ਜਨਤਕ ਰੈਲੀਆਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁਫਤ ਬਿਜਲੀ ਦੀ ਸਹੂਲਤ ਖਤਮ ਕਰਨ ਤੇ ਲੋਕ ਵਿਰੋਧੀ ਫੈਸਲਿਆਂ ਮਗਰੋਂ ਕਾਂਗਰਸ ਸਰਕਾਰ ਵਪਾਰੀਆਂ ਅਤੇ ਉਦਯੋਗਪਤੀਆਂ ਲਈ ਬਿਜਲੀ ਦੇ ਰੇਟ ਵਧਾਉਣ ਦਾ ਵੀ ਫੈਸਲਾ ਲੈ ਚੁੱਕੀ ਹੈ, ਜਿਸ ਬਾਰੇ ਸੂਬੇ ਦੀ ਬਿਜਲੀ ਅਥਾਰਟੀ ਨੂੰ ਵੀ ਸੁਨੇਹਾ ਭੇਜਿਆ ਜਾ ਚੁੱਕਾ ਹੈ । ਉਨ੍ਹਾਂ ਕਿਹਾ ਕਿ ਇਸ ਲੋਕ ਵਿਰੋਧੀ ਕਦਮ ਨੂੰ ਰੋਕਣ ਦਾ ਇਕੋ ਤਰੀਕਾ ਬਚਿਆ ਹੈ ਕਿ ਸੁਨੀਲ ਜਾਖੜ ਦਾ ਬੋਰੀ ਬਿਸਤਰਾ ਗੋਲ ਕਰਕੇ ਉਸ ਨੂੰ ਵਾਪਸ ਅਬੋਹਰ ਭੇਜ ਦਿੱਤਾ ਜਾਵੇ।
ਲੋਕਾਂ ਨੂੰ ਅਕਾਲੀ-ਭਾਜਪਾ ਸਰਕਾਰ ਅਤੇ ਕਾਂਗਰਸ ਵੱਲੋਂ ਇਸ ਇਲਾਕੇ ਵਿਚ ਕੀਤੇ ਕੰਮਾਂ ਦਾ ਮੁਲਾਂਕਣ ਕਰਨ ਲਈ ਆਖਦਿਆਂ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਬਿਆਸ ਦਰਿਆ 'ਤੇ ਬਹੁਤ ਸਾਰੇ ਪੁਲਾਂ ਦਾ ਨਿਰਮਾਣ ਕਰਕੇ ਇਸ ਖੇਤਰ ਨੂੰ ਦੋਆਬੇ ਨਾਲ ਜੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਇਸ ਇਲਾਕੇ ਵਿਚ ਥੀਨ ਡੈਮ ਵੀ ਬਾਦਲ ਸਾਹਿਬ ਵੱਲੋਂ ਬਣਾਇਆ ਗਿਆ ਸੀ ਤੇ ਸੜਕਾਂ ਦਾ ਜਾਲ ਵਿਛਾਇਆ। ਇਸ ਦੇ ਉਲਟ ਕਾਂਗਰਸ ਸਰਕਾਰ ਨੇ ਕੁੱਝ ਵੀ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੁਝ ਦੇਣਾ ਤਾਂ ਭੁੱਲ ਹੀ ਜਾਓ, ਉਨ੍ਹਾਂ ਸ਼ਗਨ, ਬੁਢਾਪਾ ਪੈਨਸ਼ਨ ਅਤੇ ਆਟਾ-ਦਾਲ ਵਰਗੀਆਂ ਸਮਾਜ ਭਲਾਈ ਸਕੀਮਾਂ ਵੀ ਬੰਦ ਕਰ ਦਿੱਤੀਆਂ ਹਨ। ਜੇ ਤੁਸੀਂ ਆ ਰਹੀ ਜ਼ਿਮਨੀ ਚੋਣ 'ਚ ਕਾਂਗਰਸ ਪਾਰਟੀ ਨੂੰ ਕਰਾਰਾ ਝਟਕਾ ਦੇ ਦਿਓ ਤਾਂ ਇਨ੍ਹਾਂ ਸਾਰੀਆਂ ਸਕੀਮਾਂ ਨੂੰ ਦੁਬਾਰਾ ਸ਼ੁਰੂ ਕਰਵਾ ਸਕਦੇ ਹੋ। ਇਸ ਮੌਕੇ ਭਾਜਪਾ ਉਮੀਦਵਾਰ ਸਵਰਨ ਸਲਾਰੀਆ ਬਾਰੇ ਉਨ੍ਹਾਂ ਕਿਹਾ ਕਿ ਭਾਜਪਾ ਉਮੀਦਵਾਰ ਦਾ ਇਸ ਹਲਕੇ ਦੀ ਸੇਵਾ ਕਰਨ ਦਾ 10 ਸਾਲ ਦਾ ਰਿਕਾਰਡ ਹੈ। ਉਨ੍ਹਾਂ ਕਿਹਾ ਕਿ ਸਲਾਰੀਆ ਸਿਰਫ ਇਸ ਮਿੱਟੀ ਦਾ ਜਾਇਆ ਹੀ ਨਹੀਂ ਹੈ, ਸਗੋਂ ਉਹ ਤੁਹਾਡੀ ਭਲਾਈ ਲਈ ਵੀ ਵਚਨਬੱਧ ਹੈ।
ਇਸ ਮੌਕੇ ਪੰਜਾਬ ਭਾਜਪਾ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਲੋਕਾਂ ਨਾਲ ਕੀਤਾ ਕੋਈ ਵੀ ਵਾਅਦਾ, ਭਾਵੇਂ ਇਹ ਕਰਜ਼ਾ ਮੁਆਫੀ ਹੋਵੇ ਜਾਂ ਸਾਰਿਆਂ ਨੂੰ ਨੌਕਰੀਆਂ ਦੇਣਾ, ਪੂਰਾ ਕਰਨ ਵਿਚ ਨਾਕਾਮ ਰਹੀ ਹੈ।
ਇਸ ਮੌਕੇ ਭਾਜਪਾ ਉਮੀਦਵਾਰ ਸਵਰਨ ਸਲਾਰੀਆ, ਅਸ਼ਵਨੀ ਸ਼ਰਮਾ ਅਤੇ ਹੰਸ ਰਾਜ ਹੰਸ ਨੇ ਵੀ ਸੰਬੋਧਨ ਕੀਤਾ।
ਸੜਕ ਹਾਦਸੇ 'ਚ ਔਰਤ ਸਣੇ 2 ਦੀ ਮੌਤ
NEXT STORY