ਕਪੂਰਥਲਾ/ਸੁਲਤਾਨਪੁਰ ਲੋਧੀ, (ਭੂਸ਼ਣ, ਮਲਹੋਤਰਾ, ਸੋਢੀ)- ਕਪੂਰਥਲਾ ਪੁਲਸ ਨੇ ਦੋਆਬਾ ਖੇਤਰ 'ਚ ਪਿਸਤੌਲ ਦੀ ਨੋਕ 'ਤੇ ਲੁੱਟ-ਖੋਹ ਅਤੇ ਡਰੱਗ ਸਮੱਗਲਿੰਗ ਦੀਆਂ ਅਣਗਿਣਤ ਵਾਰਦਾਤਾਂ ਨੂੰ ਅੰਜਾਮ ਦੇ ਕੇ ਭਾਰੀ ਦਹਿਸ਼ਤ ਫੈਲਾਉਣ ਵਾਲੇ ਬਦਨਾਮ ਲਾਰੇਂਸ ਬਿਸ਼ਨੋਈ ਗੈਂਗ ਨਾਲ ਸਬੰਧਤ 5 ਖਤਰਨਾਕ ਮੁਲਜ਼ਮਾਂ ਨੂੰ ਪਿਸਤੌਲ, ਤੇਜ਼ਧਾਰ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਗੈਂਗ ਦੇ ਖਿਲਾਫ ਵੱਖ-ਵੱਖ ਥਾਣਿਆਂ 'ਚ 50 ਦੇ ਕਰੀਬ ਮਾਮਲੇ ਦਰਜ ਹਨ।
ਜ਼ਿਲਾ ਪੁਲਸ ਲਾਈਨ 'ਚ ਐਤਵਾਰ ਨੂੰ ਬੁਲਾਏ ਗਏ ਪੱਤਰਕਾਰ ਸੰੰਮੇਲਨ ਨੂੰ ਸੰਬੋਧਨ ਕਰਦੇ ਹੋਏ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨੇ ਦੱਸਿਆ ਕਿ ਜ਼ਿਲਾ ਭਰ 'ਚ ਚਲਾਈ ਜਾ ਰਹੀ ਅਪਰਾਧ ਵਿਰੋਧ ਮੁਹਿੰਮ ਦੇ ਤਹਿਤ ਐੱਸ. ਐੱਚ. ਓ. ਤਲਵੰਡੀ ਚੌਧਰੀਆਂ ਨਰਿੰਦਰ ਸਿੰਘ ਔਜਲਾ ਨੇ ਪੁਲਸ ਪਾਰਟੀ ਦੇ ਨਾਲ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਐੱਸ. ਐੱਚ. ਓ. ਔਜਲਾ ਨੂੰ ਸੂਚਨਾ ਮਿਲੀ ਕਿ ਸੂਬੇ ਦੇ ਮਸ਼ਹੂਰ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਨਾਲ ਸਬੰਧਤ ਗੈਂਗ ਦੇ ਕਈ ਮੈਂਬਰ ਹਥਿਆਰਾਂ ਨਾਲ ਲੈਸ ਹੋ ਕੇ ਜੰਗਲਾ ਰੋਡ ਦੇ ਨਜ਼ਦੀਕ ਬਣੇ ਬਿਜਲੀ ਘਰ ਦੇ ਪਿੱਛੇ ਇਕ ਵਿਰਾਨ ਕੁਆਰਟਰ 'ਚ ਬੈਠੇ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ।
ਇਸ 'ਤੇ ਜਦੋਂ ਪੁਲਸ ਟੀਮ ਨੇ ਉਕਤ ਥਾਂ 'ਤੇ ਛਾਪਾਮਾਰੀ ਕੀਤੀ ਤਾਂ 5 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ, ਜਦਕਿ ਇਕ ਮੁਲਜ਼ਮ ਕੰਧ ਟੱਪ ਕੇ ਭੱਜ ਨਿਕਲਿਆ। ਐੱਸ. ਐੱਸ. ਪੀ. ਨੇ ਦੱਸਿਆ ਕਿ ਗ੍ਰਿਫਤਾਰ ਗੈਂਗਸਟਰਾਂ ਤੋਂ ਸਖਤੀ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ, ਉਥੇ ਗੈਂਗ ਨਾਲ ਜੁੜੇ ਹੋਰ ਗੈਂਗਸਟਰਾਂ ਦੀ ਤਲਾਸ਼ 'ਚ ਛਾਪੇਮਾਰੀ ਜਾਰੀ ਹੈ।
ਗੈਂਗਸਟਰ ਦਿਲਬਾਗ ਸਿੰਘ ਉਰਫ ਬਾਘਾ ਤੋਂ ਇਕ 315 ਬੋਰ ਦੀ ਨਾਜਾਇਜ਼ ਪਿਸਤੌਲ ਤੇ 140 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ, ਜਦਕਿ ਮਨਪ੍ਰੀਤ ਸਿੰਘ ਉਰਫ ਮਾਪੀ ਤੋਂ 100 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਇੰਦਰਜੀਤ ਸਿੰਘ ਉਰਫ ਫਰੂਟਾ ਤੋਂ ਇਕ ਦੇਸੀ ਏਅਰ ਪਿਸਟਲ ਅਤੇ 160 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਅਮਰੀਕ ਉਰਫ ਭੋਲਾ ਤੋਂ 1 ਦਾਤਰ ਬਰਾਮਦ ਹੋਇਆ। ਕੁਲਦੀਪ ਸਿੰਘ ਉਰਫ ਕਾਕਾ ਤੋਂ 100 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।
ਪੁਲਸ ਦੀ ਢਿੱਲੀ ਕਾਰਵਾਈ ਖਿਲਾਫ ਲੋਕਾਂ ਜਤਾਇਆ ਰੋਸ
NEXT STORY