ਜਲੰਧਰ (ਰਮਨਦੀਪ ਸੋਢੀ) - ਇੰਗਲੈਂਡ ਛੱਡ ਪੰਜਾਬ ਆਏ ਸਫਲ ਵਪਾਰੀ ਤੇ ਅੱਜ ਪੰਜਾਬ 'ਚ ਪਟੈਟੋ ਕਿੰਗ ਵਜੋਂ ਜਾਣੇ ਜਾਂਦੇ ਹਰਜਾਪ ਸਿੰਘ ਸੰਘਾ ਨਾਲ ਜਗ ਬਾਣੀ ਨੇ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਦੌਰਾਨ ਸੰਘਾ ਵਲੋਂ ਜਿਥੇ ਉਨਤ ਖੇਤੀ ਬਾਰੇ ਖੁੱਲ ਕੇ ਵਿਚਾਰ-ਚਰਚਾ ਕੀਤੀ ਗਈ ਉਥੇ ਹੀ ਉਨ੍ਹਾਂ ਨੇ ਖੇਤੀ ਨੂੰ ਕਿੰਝ ਲਾਹੇਵੰਦ ਧੰਦਾ ਬਣਾਇਆ ਜਾ ਸਕਦਾ ਹੈ, ਬਾਰੇ ਆਪਣੇ ਵਿਚਾਰ ਰੱਖੇ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼-
5500 ਏਕੜ ਦੀ ਖੇਤੀ ਕਿਵੇਂ ਮੈਨੇਜ਼ ਹੁੰਦੀ ਹੈ?
ਅਸੀਂ ਤਕਰੀਬਨ 5500 ਏਕੜ 'ਚ ਖੇਤੀ ਕਰ ਰਹੇ ਹਾਂ। ਅਸੀਂ ਠੇਕੇ 'ਤੇ ਪੈਲੀ ਲੈਂਦੇ ਹਾਂ। ਜਲੰਧਰ ਵਿਚ ਸਾਡਾ ਹੈੱਡ ਕੁਆਰਟਰ ਹੈ। ਕਰਤਾਰਪੁਰ, ਕਪੂਰਥਲਾ, ਮੀਛਾਵਾੜਾ, ਸੁਲਤਾਨਪੁਰ ਵਰਗੇ ਇਲਾਕਿਆਂ ਵਿਚ ਅਸੀਂ ਸੀਮਿਤ ਹਾਂ। ਇਸ ਨੂੰ ਮੈਨੇਜ ਕਰਨ ਦੇ ਲਈ ਕਈ ਟੀਮਾਂ ਕੰਮ ਕਰ ਰਹੀਆਂ ਹਨ, ਜਿਨ੍ਹਾਂ ਨੂੰ ਅਸੀਂ ਡੇਰਾ ਕਹਿੰਦੇ ਹਾਂ। ਸਾਡੇ ਸੈਟੇਲਾਈਟ ਹੱਬ ਬਣੇ ਹੋਏ ਹਨ, ਜਿੱਥੇ ਡੇਰਾ ਇੰਚਾਰਜ, ਤੇਲ ਵਾਲਾ ਇੰਚਾਰਜ, ਹਾਜ਼ਰੀ ਵਾਲਾ ਇੰਚਾਰਜ ਤੇ ਸਾਡੇ ਕੋਲ ਖੇਤੀ ਨਾਲ ਸੰਬੰਧਤ ਸਾਰੇ ਸੰਦ ਮੌਜੂਦ ਹਨ।
ਪਟੈਟੋ ਕਿੰਗ ਟਾਈਟਲ ਤਕ ਪਹੁੰਚਣ ਦਾ ਕਿੰਨਾ ਵੱਡਾ ਸਫਰ ਹੈ?
ਇਹ ਸਫਰ ਬਹੁਤ ਸੰਘਰਸ਼ ਭਰਪੂਰ ਹੈ। ਸਾਡਾ ਸਾਰਾ ਪਰਿਵਾਰ ਕਾਫੀ ਪੜ੍ਹਿਆ ਲਿਖਿਆ ਰਿਹਾ ਹੈ। ਸਰਦਾਰ ਜੀ ਹੁਰਾਂ ਨੇ ਐੱਮ. ਐੱਸ. ਕੀਤੀ ਸੀ, ਮੇਰੇ ਦਾਦਾ ਜੀ ਦੇ ਪਿਤਾ ਜੀ ਡਾਕਟਰ ਸਨ। ਐਜੂਕੇਸ਼ਨ ਸਾਡੇ ਪਰਿਵਾਰ ਵਿਚ ਸ਼ੁਰੂ ਤੋਂ ਹੀ ਹੈ। 1962 ਵਿਚ ਮੇਰੇ ਦਾਦਾ ਜੀ ਹਰਦੇਵ ਸਿੰਘ ਸੰਘਾ ਨੇ ਵਾਹੀ ਸ਼ੁਰੂ ਕੀਤੀ। ਉਸ ਵੇਲੇ ਇਹ ਰੇਤਲੀਆਂ ਪੈਲੀਆਂ ਸਨ ਤੇ ਲੋਕ ਇੱਥੇ ਮੂੰਗਫਲੀ ਲਗਾਉਂਦੇ ਹੁੰਦੇ ਸਨ। ਮੇਰੇ ਦਾਦਾ ਜੀ ਨੂੰ ਬੰਗਾਲ ਦੇ ਪ੍ਰੋਫ਼ੈਸਰ ਨੇ ਸਲਾਹ ਦਿੱਤੀ ਕਿ ਤਾਪਮਾਨ ਅਤੇ ਮਿੱਟੀ ਦੀ ਹਾਲਤ ਸਹੀ ਹੈ, ਇਸ ਲਈ ਉਨ੍ਹਾਂ ਨੂੰ ਆਲੂ ਦੀ ਖੇਤੀ ਦਾ ਤਜ਼ਰਬਾ ਕਰ ਲੈਣਾ ਚਾਹੀਦਾ ਹੈ। ਪੀਕ ਸਮੇਂ ‘ਚ ਅਸੀਂ 10000 ਏਕੜ ਵਿਚ ਵਾਹੀ ਕਰਦੇ ਸੀ । ਉਨ੍ਹਾਂ ਦੇ ਬਜ਼ੁਰਗ ਪਿਛਿੱਓਂ ਝੁੱਡੋ ਸਿੰਧ ਤੋਂ ਆਏ ਸਨ ਤੇ ਦਾਦਾ ਜੀ ਦੇ ਪਿਤਾ ਜੀ ਨੂੰ ਇਹ ਕਾਦੀਆਂ ਵਾਲੀ ਜ਼ਮੀਨ ਅਲਾਟ ਹੋਈ ਸੀ। ਉਸ ਵੇਲੇ ਖੇਤੀ ਤੋਂ ਜ਼ਿਆਦਾ ਕਮਾਈ ਨਹੀਂ ਸੀ ਇਸ ਲਈ ਦਾਦਾ ਜੀ ਦੇ ਪਿਤਾ ਜੀ ਉਨ੍ਹਾਂ ਨੂੰ ਖੇਤੀ ਨਹੀਂ ਸੀ ਕਰਨੀ ਦੇਣਾ ਚਾਹੁੰਦੇ ਪਰ ਦਾਦਾ ਜੀ ਕਿਸੇ ਦੀ ਨੌਕਰੀ ਨਹੀਂ ਸੀ ਕਰਨੀ ਚਾਹੁੰਦੇ, ਇਸ ਲਈ ਉਨ੍ਹਾਂ ਨੇ ਖੇਤੀ ਕਰਨ ਦਾ ਫ਼ੈਸਲਾ ਲਿਆ ਸੀ। ਦਾਦਾ ਜੀ ਦੇ ਪਿਤਾ ਜੀ ਨੇ ਇਹ ਜ਼ਮੀਨ ਦਾਦਾ ਜੀ ਦੇ ਨਾਨਕਿਆਂ ਨੂੰ ਦੇ ਦਿੱਤੀ। ਫ਼ਿਰ ਮੇਰੇ ਦਾਦਾ ਜੀ ਨੇ ਉਨ੍ਹਾਂ ਤੋਂ ਜ਼ਮੀਨ ਲੈ ਕੇ ਇੱਥੇ ਕੰਮ ਸ਼ੁਰੂ ਕੀਤਾ।
ਸੰਘਾ ਸੀਡ ਫਾਰਮ ਵਰਲਡ ਬ੍ਰਾਂਡ ਕਿਵੇਂ ਬਣਿਆ?
1962 ਵਿਚ ਹੀ ਸੰਘਾ ਸੀਡ ਫਾਰ ‘S‘ ਮਾਰਕਾ ਬਣ ਗਿਆ ਸੀ ਕਿਉਂਕਿ ਅਸੀਂ ਕਦੇ ਵੀ ਮਾੜੀ ਮਨਸ਼ਾ ਜਾਂ ਗਲਤ ਇਰਾਦੇ ਨਾਲ ਕੰਮ ਨਹੀਂ ਕੀਤਾ। ਸਾਡੇ ਕੋਲ ਕਈ ਲੋਕਾਂ ਦੀਆਂ ਜ਼ਮੀਨਾਂ ਠੇਕੇ 'ਤੇ ਹਨ, ਜਿਨ੍ਹਾਂ ਵਿਚ ਕਈਆਂ ਨੂੰ 40 ਸਾਲ ਵੀ ਹੋ ਗਏ ਹਨ। ਉਨ੍ਹਾਂ ਨੂੰ ਪਤਾ ਹੈ ਕਿ ਇਹ ਪੂਰੀ ਤਰ੍ਹਾਂ ਸੁਰੱਖਿਅਤ ਹਨ। ਇਥੇ ਤਾਂ ਵਿਦੇਸ਼ ਬੈਠੇ ਲੋਕਾਂ ਦੀਆਂ ਰਿਸ਼ਤੇਦਾਰਾਂ ਨੇ ਜ਼ਮੀਨਾਂ ਤਕ ਦੱਬ ਲਈਆਂ ਪਰ ਅਸੀਂ ਸਾਰਿਆਂ ਨਾਲ ਪਰਿਵਾਰਕ ਮਾਹੌਲ ਬਣਾਇਆ ਹੋਇਆ ਹੈ।
ਖੇਤੀ ‘ਚ ਟੈਕਨਾਲੌਜੀ ਬਾਰੇ ਤੁਸੀਂ ਕੀ ਕਹੋਗੇ?
ਟੈਕਨਾਲੌਜੀ ਸਾਡਾ ਸਭ ਤੋਂ ਮਜ਼ਬੂਤ ਪਲੱਸ ਪੁਆਇੰਟ ਰਿਹਾ। ਅਸੀਂ ਸ਼ੁਰੂ ਤੋਂ ਹੀ ਟੈਕਨਾਲੌਜੀ ਨਾਲ ਚੱਲਦੇ ਆਏ ਹਾਂ। ਅਸੀਂ ਕਦੇ ਵੀ ਟੈਕਨਾਲੌਜੀ ਜਾਂ ਸਾਇੰਸ ਨੂੰ ਓਪਰਾ ਨਹੀਂ ਮੰਨਿਆ ਬਲਕਿ ਇਸ ਨੂੰ ਅਪਨਾਇਆ ਕਿ ਕਿਵੇਂ ਦੁਨੀਆ ਤਰੱਕੀ ਕਰ ਰਹੀ ਹੈ। ਸਾਡੀ ਹਰ ਵੈਰਾਇਟੀ ਦੀ ਵੱਖਰੀ ਸਪੈਸੀਫਿਕੇਸ਼ਨ ਹੈ। ਜਿਹੜੀ ਵੀ ਫਸਲ ਅਸੀਂ ਲਗਾਉਂਦੇ ਹਾਂ ਬਕਾਇਦਾ ਇਸ ਦਾ ਧਿਆਨ ਰੱਖਦੇ ਹਾਂ ਕਿ ਇਸ ਨੂੰ ਕਿਸ ਚੀਜ਼ ਦੀ ਲੋੜ ਹੈ ਅਤੇ ਉਸ ਦਾ ਕੀ ਅਸਰ ਹੋਵੇਗਾ। ਅਸੀਂ ਅੰਨ੍ਹੇਵਾਹ ਖਾਧਾਂ ਦੀ ਵਰਤੋਂ ਨਹੀਂ ਕਰਦੇ।
ਤੁਸੀਂ ਕਿੰਨੀ ਤਰ੍ਹਾਂ ਦੀ ਸੀਡ ਤਿਆਰ ਕਰਦੇ ਹੋ?
ਅਸੀਂ ਆਲੂ ਦੀਆਂ 300 ਤੋਂ 350 ਕਿਸਮਾਂ ਵੇਚਦੇ ਹਾਂ। ਅਕਤੂਬਰ ਵਿਚ ਜਦੋਂ ਆਲੂ ਸਟੋਰ ਖੁਲ੍ਹਦੇ ਹਨ ਤਾਂ ਇਹ ਕਿਸਮਾਂ ਦੇਖੀਆਂ ਜਾ ਸਕਦੀਆਂ ਹਨ। ਕਿਸੇ ਦੀਆਂ ਅੱਖਾਂ ਗੁਲਾਬੀ ਹੁੰਦੀਆਂ ਹਨ ਤੇ ਕੋਈ ਪੂਰਾ ਆਲੂ ਹੀ ਗੁਲਾਬੀ ਹੁੰਦਾ ਹੈ। ਕਿਸੇ ਦੀ ਛਿੱਲ ਸਾਫਟ ਤੇ ਕਿਸੇ ਦੀ ਚਿੱਟੀ ਹੋਵੇਗੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇਨਸਾਨਾਂ ਦੀਆਂ ਅੱਖਾਂ, ਨੱਕ, ਕੰਨ ਵੱਖ-ਵੱਖ ਹੁੰਦੇ ਹਨ ਇਸੇ ਤਰ੍ਹਾਂ ਆਲੂਆਂ ਵਿਚ ਵਖਰੇਵੇਂ ਹਨ।
ਤੁਸੀਂ ਵਿਦੇਸ਼ ‘ਚ ਡਬਲ ਐਮਐਸਸੀ ਕਰਨ ਦੇ ਬਾਵਜੂਦ ਵੀ ਖੇਤੀ ਨੂੰ ਕਿਉਂ ਚੁਣਿਆ?
ਇਸ ਪਿੱਛੇ ਦਿਲਚਸਪ ਕਹਾਣੀ ਹੈ। ਜਦੋਂ ਮੈਂ ਵਿਦੇਸ਼ ਪੜ੍ਹਨ ਲਈ ਗਿਆ ਤਾਂ ਮੈਂ ਇਹੀ ਸੋਚਿਆ ਕਿ ਵਾਪਸ ਪਰਤ ਕੇ ਖੇਤੀ ਹੀ ਕਰਾਂਗਾ। ਕਸੌਲੀ ਕੋਲ ਸਥਿਤ ਸਨਾਵਰ ਸਕੂਲ ਵਿਚ ਪੜ੍ਹਾਈ ਕੀਤੀ, ਉਸ ਤੋਂ ਬਾਅਦ ਮੈਂ ਜਲੰਧਰ ਆ ਗਿਆ ਜਿਥੇ ਮੈਂ 12ਵੀਂ ਦੀ ਪੜ੍ਹਾਈ ਕੀਤੀ। ਫਿਰ ਮੈਂ ਨੋਇਡਾ ਚਲਾ ਗਿਆ, ਜਿਥੇ ਮੈਂ ਐਮਿਟੀ ਯੂਨੀਵਰਸਿਟੀ ਵਿਚ ਬੀ. ਬੀ. ਏ. ਮਾਰਕੀਟਿੰਗ ਸੇਲਜ਼ ਕੀਤੀ। ਯੂਨੀਵਰਸਿਟੀ ਵਿਚ ਹੀ ਦੋ ਕੰਪਨੀਆਂ ਨੇ ਪਲੇਸਮੈਂਟ ਦਿੱਤੀ, ਜਿਸ ਵਿਚ ਮੈਨੂੰ ਸਿਰਫ 9 ਹਜ਼ਾਰ ਰੁਪਏ ਮਹੀਨਾ ਤਨਖਾਹ ਆਫਰ ਕੀਤੀ ਗਈ। ਉਦੋਂ ਮੈਨੂੰ ਬੇਹੱਦ ਹੈਰਾਨਗੀ ਹੋਈ ਕਿ ਇੰਨੀ ਮਹਿੰਗੀ ਡਿਗਰੀ ਦੇ ਬਾਵਜੂਦ ਸਿਰਫ 9 ਹਜ਼ਾਰ ਰੁਪਏ ਤਨਖਾਹ। ਮੈਨੂੰ ਉਸ ਸਮੇਂ ਅਹਿਸਾਸ ਹੋਇਆ ਕਿ ਅਸਲ ਦੁਨੀਆ ਆਪਣੀ ਖੁਆਬੀ ਦੁਨੀਆ ਤੋਂ ਬਹੁਤ ਵੱਖਰੀ ਹੈ ਤੇ ਵਿਹਾਰਕ ਅਨੁਭਵ ਬਹੁਤ ਮਹੱਤਵਪੂਰਨ ਹੈ । ਜਿਸ ਤੋਂ ਬਾਅਦ ਮੈਂ ਯੂ. ਪੀ. ਵਿਚ ਮੋਨਸੈਂਟੋ ਵਿਚ ਨੌਕਰੀ ਕੀਤੀ। ਫਿਰ ਮੈਂ ਇਕ ਸਾਲ ਫਾਰਮ ਵਿਚ ਲਾਇਆ ਜਿਥੇ ਮੈਂ ਗ੍ਰਾਊਂਡ 'ਤੇ ਕੰਮ ਕੀਤਾ ਅਤੇ ਇਕ-ਇਕ ਸੰਦ ਚਲਾਉਣਾ ਸਿੱਖਿਆ। ਫਿਰ ਮੈਂ ਲੰਡਨ ਚਲਾ ਗਿਆ, ਜਿਥੇ ਮੈਂ ਡਬਲ ਐਮਐਸਸੀ ਕੀਤੀ। ਜਿੰਮੀਂਦਾਰ ਇਕ ਅਜਿਹਾ ਕਿੱਤਾ ਜਿਸ ਵਿਚ ਤੁਸੀਂ ਸਿਰਫ ਪਿਆਰ ਹੀ ਵੰਡ ਸਕਦੇ ਹੋ।
ਤੁਹਾਡੇ ਕੋਲ ਕੁੱਲ ਕਿੰਨੇ ਟਰੈਕਟਰ ਹਨ ?
300 ਤੋਂ 315 ਟਰੈਕਟਰ ਹਨ। ਜਿਨ੍ਹਾਂ ਦੀ ਰਿਪੇਅਰਿੰਗ ਦਾ ਕੰਮ ਵੀ ਅਸੀਂ ਖੁਦ ਹੀ ਕਰਦੇ ਹਾਂ। ਕੁਝ ਸਮਾਂ ਪਹਿਲਾਂ ਇਕ ਘਟਨਾ ਵਿਚ ਸਾਡੇ 23 ਟਰੈਕਟਰ ਸੜ ਗਏ ਸਨ, ਜਿਨ੍ਹਾਂ ਨੂੰ ਵੇਚਣ ਦੀ ਬਜਾਏ ਅਸੀਂ ਰਿਪੇਅਰ ਕੀਤਾ। 23 ਟਰੈਕਟਰਾਂ ਵਿਚ 19 ਪੂਰੀ ਤਰ੍ਹਾਂ ਰਿਪੇਅਰ ਹੋ ਚੁੱਕੇ ਹਨ ਸਿਰਫ ਦੋ ਤਿੰਨ ਹੀ ਬਾਕੀ ਬਚੇ ਹਨ। ਸਾਡੇ ਕੋਲ ਸਾਰੇ ਜੌਹਨ ਡੀਅਰ ਟਰੈਕਟਰ ਹਨ। ਇਸ ਦਾ ਇਕ ਵੱਡਾ ਕਾਰਣ ਇਹ ਵੀ ਹੈ ਕਿ ਸਾਰਿਆਂ ਦੇ ਸਪੇਅਰ ਪਾਰਟਸ ਇਕੋ ਜਿਹੇ ਹਨ। ਜਿਸ ਕਾਰਣ ਪਾਰਟਸ ਇਕ ਦੂਜੇ ਵਿਚ ਫਿਟ ਹੋ ਜਾਂਦੇ ਹਨ। 2001 ਵਿਚ ਅਸੀਂ ਟਰੈਕਟਰ ਲਏ ਸਨ, ਜੋ ਹੁਣ ਤਕ ਵੀ ਚੱਲ ਰਹੇ ਹਨ। ਟਰੈਕਟਰਾਂ ਦੀ ਰਿਪੇਅਰ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ। ਇਸ ਲਈ ਬਕਾਇਦਾ ਟੀਮਾਂ ਕੰਮ ਕਰ ਹੀਆਂ ਹਨ। ਆਲੂਆਂ ਦੀ ਬਿਜਾਈ ਤੋਂ ਪੁਟਾਈ ਸਮੇਂ ਤਕ ਬਕਾਇਦਾ ਟ੍ਰੈਕਟਰਾਂ ਦੇ ਟਾਇਰ ਬਦਲੇ ਜਾਂਦੇ ਹਨ।
ਤੁਹਾਡੇ ਕੋਲ ਲੈਬ ਵੀ ਹੈ, ਇਸ ਵਿਚ ਕੀ ਕੀ ਤਿਆਰ ਕੀਤਾ ਜਾਂਦਾ ਹੈ?
ਸਾਡੇ ਕੋਲ ਟਿਸ਼ੂ ਕਲਚਰ ਲੈਬ ਹੈ, ਜਿਸ ਵਿਚ ਛੋਟੇ ਜਿਹੇ ਟਿਸ਼ੂ ਤੋਂ ਪਲਾਂਟ ਗ੍ਰੋਅ ਹੋਣਾ ਸ਼ੁਰੂ ਹੁੰਦਾ ਹੈ। ਜਿਸ ਦੀ ਇਕ ਵੱਖਰੀ ਪ੍ਰਕਿਰਿਆ ਹੁੰਦੀ ਹੈ। ਸਾਫ ਲਫਜ਼ਾਂ ਵਿਚ ਆਖਿਆ ਜਾ ਸਕਦਾ ਹੈ ਕਿ ਸਾਡੇ ਫਾਰਮ ਵਿਚ ਆਲੂ ਦਾ ਜਨਮ ਇਸੇ ਲੈਬ ਵਿਚੋਂ ਹੁੰਦਾ ਹੈ। ਅਸੀਂ 1962 ਤੋਂ ਹੀ ਵਿਗਿਆਨੀ ਤਰੀਕੇ ਨਾਲ ਕੰਮ ਕਰ ਰਹੇ ਹਾਂ। 94 ਵਿਚ ਮੇਰੇ ਚਾਚਾ ਜੀ ਸਰਦਾਰ ਜੰਗ ਬਹਾਦਰ ਸਿੰਘ ਸੰਘਾ ਨੇ ਕਾਰਨੇਲ ਯੂਨੀਵਰਸਿਟੀ ਯੂ.ਐਸ.ਏ ਵਿੱਚ ਪੜ੍ਹਾਈ ਪੂਰੀ ਕਰਕੇ ਇਸ ਲੈਬ ਦੀ ਸਥਾਪਨਾ ਕੀਤੀ ਸੀ।। ਆਪਣੇ ਆਪ ਵਿਚ ਟਿਸ਼ੂ ਕਲਚਰ ਵਾਲੀ ਇਹ ਪਹਿਲੀ ਪ੍ਰਾਈਵੇਟ ਲੈਬ ਸੀ। ਔਰਤਾਂ ਦੇ ਸਸ਼ਕਤੀਕਰਨ ਨੂੰ ਸਾਡੀ ਸਮਾਜਿਕ ਜ਼ਿੰਮੇਵਾਰੀ ਦੇ ਰੂਪ ਵਿੱਚ ਧਿਆਨ ਵਿੱਚ ਰੱਖਦੇ ਹੋਏ ਸਾਡੀ ਲੈਬ ਵਿਚ ਸਿਰਫ ਲੋਕਲ ਕੁੜੀਆਂ ਹੀ ਕੰਮ ਕਰ ਰਹੀਆਂ। ਇਸ ਲਈ ਬਕਾਇਦਾ ਇਕ ਟੀਮ ਕੰਮ ਕਰ ਰਹੀ ਜਿਸ ਵਿਚ ਡਾਕਟਰ ਵੀ ਸ਼ਾਮਲ ਹਨ। ਸਾਡਾ ਕਈ ਯੂਨੀਵਰਸਿਟੀਆਂ ਅਤੇ ਕਈ ਸਰਕਾਰਾਂ ਨਾਲ ਟਾਈਅਪ ਹੈ।
ਤੁਹਾਡੇ ਨਾਲ ਕਿੰਨੇ ਕੁ ਕਿਸਾਨ ਜੁੜੇ ਹੋਏ ਹਨ, ਜਿਹੜੇ ਤੁਹਾਡੇ ਤੋਂ ਸੀਡ ਖਰੀਦਦੇ ਹਨ?
ਸਾਡੇ ਨਾਲ ਹਜ਼ਾਰਾਂ ਦੇ ਹਿਸਾਬ ਨਾਲ ਕਿਸਾਨ ਜੁੜੇ ਹੋਏ ਹਨ। ਸੀਡ ਲਈ ਪੰਜਾਬ, ਵੈਸਟ ਬੰਗਾਲ, ਗੁਜਰਾਤ, ਮੱਧ ਪ੍ਰਦੇਸ਼, ਮਹਾਰਾਸ਼ਟਰ, ਯੂ. ਪੀ., ਹਰਿਆਣਾ, ਅਸਾਮ ਦੇ ਕਿਸਾਨ ਜੁੜੇ ਹੋਏ ਹਨ। ਇੰਝ ਆਖ ਲਵੋ ਕਿ ਜਿੱਥੇ ਜਿੱਥੇ ਆਲੂ ਦੀ ਫਸਲ ਲੱਗਦੀ ਹੈ, ਉਥੇ ਸਾਡੀ ਸੀਡ ਜਾਂਦੀ ਹੈ।
ਬੰਗਾਲ ਵਿਚ ਆਲੂ ਦੀ ਬਹੁਤ ਫ਼ਸਲ ਲੱਗਦੀ ਹੈ, ਕਿੰਨਾ ਕੁ ਕੰਪੀਟੀਸ਼ਨ ਮੰਨਦੇ ਹੋ?
ਮੁਕਾਬਲਾ ਕਾਫੀ ਹੈ। ਜਦੋਂ ਤੁਹਾਨੂੰ ਕੋਈ ਕੰਪਨੀਟੀਸ਼ਨ ਨਾ ਦੇਵੇ ਤਾਂ ਤੁਸੀਂ ਰਿਲੈਕਸ ਹੋ ਜਾਂਦੇ ਹੋ ਪਰ ਜਦੋਂ ਤੁਹਾਨੂੰ ਕੋਈ ਟੱਕਰ ਦਿੰਦੇ ਹੋਣ ਤਾਂ ਤੁਸੀਂ ਪੂਰੀ ਤਰ੍ਹਾਂ ਚੌਕਸ ਰਹਿੰਦੇ ਹੋ। ਜਿਸ ਕਾਰਣ ਤੁਸੀਂ ਕੁਆਲਿਟੀ ਦੇ ਮਾਮਲੇ ਵਿਚ ਕੋਈ ਸਮਝੌਦਤਾ ਨਹੀਂ ਕਰਦੇ। ਜੇ ਕੰਪੀਟੀਸ਼ਨ ਨਾ ਹੋਵੇ ਤਾਂ ਬੰਦਾ ਆਪਣੇ ਆਪ ਨੂੰ ਮਾਲਕ ਸਮਝਣ ਲੱਗ ਜਾਂਦਾ ਹੈ ਅਤੇ ਜੋ ਮਰਜ਼ੀ ਵੇਚਦਾ ਹੈ। ਹੈਲਥੀ ਕੰਪੀਟੀਸ਼ਨ ਹੋਣਾ ਜ਼ਰੂਰੀ ਹੈ। ਅਸੀਂ ਕੁਆਇਲਟੀ ਕਾਰਣ ਹੀ ਮਾਰਕਿਟ ਵਿਚ ਹਾਂ। ਕਈ ਲੋਕ ਸ਼ਾਰਟ ਟਰਮ ਗੇਨ ਲਈ ਰੇਟ ਘਟਾ ਦਿੰਦੇ ਹਨ ਜਿਸ ਦਾ ਮਾਰਕਿਟ ਨੂੰ ਫਰਕ ਪੈਂਦਾ ਹੈ।
ਆਮ ਤੌਰ 'ਤੇ ਕਿਹਾ ਜਾਂਦਾ ਆਲੂ ਚਾਰ ਸਾਲ ਬਾਅਦ ਘਾਟਾ ਪਾਉਂਦਾ, ਤੁਹਾਡਾ ਇਸ ਬਾਰੇ ਕੀ ਤਜ਼ਰਬਾ ਹੈ?
ਆਲੂ ਇਕ ਅਜਿਹੀ ਫਸਲ ਹੈ ਜਿਹੜੀ ਡਿਮਾਂਡ ਦੇ ਆਧਾਰ 'ਤੇ ਸਪਲਾਈ ਹੁੰਦੀ ਹੈ। ਆਲੂ ਅਜਿਹੀ ਫਸਲ ਨਹੀਂ ਕਿ ਇਹ 400 ਰੁਪਏ ਕਿੱਲੋ ਵਿਕੇਗਾ। ਆਲੂ ਘੱਟ ਮਾਰਜਨ ਵਿਚ ਜਿੰਨਾ ਵੱਧ ਵੇਚੋਗੇ ਉਨੀ ਕਮਾਈ ਹੋਵੇਗੀ। ਆਲੂ ਸਾਰੀ ਦੁਨੀਆ ਵਿਚ ਹੋਣ ਵਾਲੀ ਫਸਲ ਹੈ।
ਤੁਹਾਡਾ ਸਾਂਝਾ ਪਰਿਵਾਰ ਹੈ, ਤੁਹਾਡੀ ਜ਼ਿੰਦਗੀ ਵਿਚ ਪਰਿਵਾਰ ਦਾ ਕੀ ਰੋਲ ਹੈ?
ਬਹੁਤ ਵੱਡਾ ਰੋਲ ਹੈ। ਅਸੀਂ ਚਾਰ ਭਰਾ ਹਾਂ। ਅਸੀਂ ਚਾਚੇ-ਤਾਇਆਂ ਦੇ ਭਰਾ ਨਹੀਂ ਸਗੋਂ ਭਰਾ ਕਹੇ ਜਾਂਦੇ ਹਾਂ। ਸਾਡੀ ਸਲਾਹ ਸਾਂਝੀ ਹੁੰਦੀ ਹੈ ਪਰ ਡਸੀਜ਼ਨ ਇਕ ਬੰਦੇ ਦਾ ਹੁੰਦਾ ਹੈ। ਇਸ ਵਿਚ ਕੋਈ ਵੀ ਕਿੰਤੂ-ਪ੍ਰੰਤੂ ਨਹੀਂ ਕਰਦਾ। ਸਾਨੂੰ ਸ਼ੁਰੂ ਤੋਂ ਇਕੋ ਗੱਲ ਸਿਖਾਈ ਹੈ ਜੋ ਵੀ ਤੁਹਾਡੇ ਭਲੇ ਲਈ ਹੈ। ਇਸੇ ਦਾ ਨਤੀਜਾ ਹੈ ਕਿ ਅੱਜ ਤਕ ਪਰਿਵਾਰ ਇਕੱਠਾ ਹੈ ਅਤੇ ਪਰਿਵਾਰ ਇਕੱਠਾ ਨਾ ਹੁੰਦਾ ਤਾਂ ਇਹ ਸਭ ਸੰਭਵ ਨਹੀਂ ਸੀ। ਅੱਜ ਮੈਂ ਬੇਫਿਕਰ ਹੋ ਕੇ ਇਸੇ ਲਈ ਤੁਰ ਰਿਹਾ ਕਿਉਂਕਿ ਮੈਨੂੰ ਪਤਾ ਮੇਰੇ ਪਿੱਛੇ ਮੇਰਾ ਪਰਿਵਾਰ ਹੈ।
ਤੁਸੀਂ ਕਾਰੋਬਾਰ ਵੀ ਕਰ ਰਹੇ ਤੇ ਸਿਆਸਤ ਵੀ ਇਹ ਕਿਵੇਂ ਸੰਭਵ ਹੋਇਆ?
ਮੈਂ ਪਹਿਲਾਂ ਵੀ ਦੱਸਿਆ ਕਿ ਇਹ ਸਭ ਕੁਝ ਪਰਿਵਾਰ ਕਰਕੇ ਹੀ ਸੰਭਵ ਹੋਇਆ ਹੈ। ਜਦੋਂ ਬੰਦਾ ਸਿਆਸਤ ਵਿਚ ਸਰਗਰਮ ਹੋ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਕੰਮ ਪਿੱਛੇ ਪੈਂਦਾ ਜਾਂਦਾ ਹੈ ਪਰ ਮੇਰਾ ਪਰਿਵਾਰ ਬਹੁਤ ਸਪੋਰਟਿਵ ਹੈ। ਉਨ੍ਹਾਂ ਨੇ ਕਦੇ ਵੀ ਕਿਸੇ ਗੱਲ ਤੋਂ ਨਹੀਂ ਰੋਕਿਆ। ਜਿੱਥੇ ਕੰਮ ਦੀ ਜ਼ਿੰਮੇਵਾਰੀ ਹੁੰਦੀ ਹੈ ਉਹ ਵੀ ਨਿਭਾਉਂਦੇ ਹਾਂ, ਜਿੱਥੇ ਹਲਕੇ ਨੂੰ ਜ਼ਰੂਰਤ ਪੈਂਦੀ ਹੈ ਉਹ ਵੀ ਨਿਭਾਉਂਦੇ ਹਾਂ। ਇਹ ਜ਼ਿੰਮੇਵਾਰੀਆਂ ਤਾਂ ਹੀ ਨਿਭਾਈਆਂ ਜਾਂਦੀਆਂ ਹਨ ਜੇਕਰ ਤੁਹਾਡਾ ਪਰਿਵਾਰ ਤੁਹਾਡੇ ਨਾਲ ਹੋਵੇ।
ਜਦੋਂ ਤੁਸੀਂ ਵਿਦੇਸ਼ੋਂ ਪੜ੍ਹ ਕੇ ਆਉਂਦੇ ਹੋ ਤੁਹਾਨੂੰ ਗੱਲਾਂ ਬਹੁਤ ਆਉਂਦੀਆਂ। ਐਕਸਪੋਜ਼ਰ ਹੁੰਦਾ ਨਹੀਂ ਹੈ, ਇਸੇ ਤਰ੍ਹਾਂ ਮੇਰੇ ਨਾਲ ਵੀ ਹੋਇਆ। ਉਸ ਸਮੇਂ ਸੀਜ਼ਨ ਬਹੁਤ ਮਾੜਾ ਲੱਗਾ ਅਤੇ ਹਾਲਾਤ ਬੁਰੇ ਹੋ ਗਏ। ਮੈਂ ਦਾਦਾ ਜੀ ਕੋਲ ਗਿਆ ਅਤੇ ਕਿਹਾ ਕਿ ਅਸੀਂ ਹੋਰ ਜ਼ਮੀਨ ਠੇਕੇ 'ਤੇ ਲੈ ਲਈਏ। ਜਿਹੜਾ ਸੀਡ ਨਹੀਂ ਵਿਕੇਗਾ ਉਹ ਜ਼ਮੀਨ ਵਿਚ ਉਗਾ ਲਵਾਂਗੇ। ਜਿਹੜਾ ਨੁਕਸਾਨ ਹੋਇਆ ਹੈ, ਉਹ ਕਵਰ ਹੋ ਜਾਵੇਗਾ। ਇਸ 'ਤੇ ਦਾਦਾ ਜੀ ਨੇ ਕਿਹਾ ਕਿ ਤੁਹਾਡਾ ਬ੍ਰਾਂਡ ਕੁਆਇਲਟੀ ਬੇਸ ਹੈ, ਜਿਸ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ, ਸਾਡਾ ਆਖਰੀ ਗਾਹਕ ਕਿਸਾਨ ਹੈ। ਜੇ ਕਿਸਾਨ ਨਾਲ ਹੀ ਧੋਖਾ ਕੀਤਾ ਤੇ ਉਸ ਨੂੰ ਮੁਨਾਫਾ ਨਾ ਆਇਆ ਤਾਂ ਉਹ ਅੱਗੇ ਦਸ ਕਿਸਾਨਾਂ ਕੋਲ ਨਿੰਦਾ ਕਰੇਗਾ। ਇਸ ਲਈ ਨੇੜੇ ਦੇ ਫਾਇਦੇ ਨਾਲੋਂ ਦੂਰ ਦਾ ਨੁਕਸਾਨ ਦੇਖਿਆ ਜ਼ਿਆਦਾ ਚੰਗਾ ਹੈ। ਇਹੀ ਸਾਡਾ ਵਿਜ਼ਨ ਹੈ ਬਾਕੀ ਘਾਟੇ ਵਾਧੇ ਮਾਲਕ ਦੇ ਹੱਥ ਹਨ।
ਪੰਜਾਬ 'ਚ ਮੁੜ ਚੱਲੀਆਂ ਗੋਲ਼ੀਆਂ, ਗੱਡੀ ਨੂੰ ਟੱਕਰ ਮਾਰਨ ਤੋਂ ਬਾਅਦ ਨੌਜਵਾਨਾਂ ਨੇ ਕਰ'ਤੀ ਫਾਇਰਿੰਗ
NEXT STORY