ਲੁਧਿਆਣਾ (ਵਿੱਕੀ) : ਸੀਨੀਅਰ ਕਲਾਸਾਂ 'ਚ ਪੁੱਜਦੇ ਹੀ ਜ਼ਿਆਦਾਤਰ ਵਿਦਿਆਰਥੀਆਂ ਦੇ ਹਿੰਦੀ ਵਿਸ਼ੇ ਤੋਂ ਦੂਰ ਹੋਣ ਦੇ ਵਧਦੇ ਰੁਝਾਨ ਤੋਂ ਬਾਅਦ ਕੇਂਦਰ ਸਰਕਾਰ ਨੇ ਵਿਦਿਆਰਥੀਆਂ ਨੂੰ ਇਸ ਵਿਸ਼ੇ ਨਾਲ ਜੋੜਨ ਲਈ ਨਵੀਂ ਪਹਿਲ ਕੀਤੀ ਹੈ। ਮੋਦੀ ਸਰਕਾਰ ਨੇ ਮਾਨਵ ਸੰਸਾਧਨ ਵਿਕਾਸ ਮੰਤਰਾਲਿਆਂ ਦੀ ਪਹਿਲਕਦਮੀ ਤੋਂ ਬਾਅਦ ਵਿਦਿਆਰਥੀਆਂ ਨੂੰ ਹਿੰਦੀ ਨਾਲ ਜੋੜਨ ਤੇ ਇਸ ਵਿਸ਼ੇ ਦੀ ਪ੍ਰੀਖਿਆ ਨੂੰ ਵੀ ਸਰਲ ਬਣਾਉਣ ਲਈ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ ਇਸ ਵਾਰ ਹਿੰਦੀ ਦੇ ਪ੍ਰੀਖਿਆ ਪੈਟਰਨ 'ਚ ਵੀ ਬਦਲਾਅ ਕੀਤੇ ਹਨ।
ਇਸ ਲੜੀ 'ਚ ਬੋਰਡ ਨੇ ਇਸ ਵਾਰ ਲਈ ਜਾਣ ਵਾਲੀ 12ਵੀਂ ਦੀ ਪ੍ਰੀਖਿਆ ਤਹਿਤ ਹਿੰਦੀ ਵਿਸ਼ੇ ਦਾ ਵੀ ਪ੍ਰੈਕਟੀਕਲ ਇਗਜ਼ਾਮ ਲੈਣ ਦੀ ਤਿਆਰੀ ਕਰ ਲਈ ਹੈ। ਬੋਰਡ ਵੱਲੋਂ ਬਣਾਈ ਯੋਜਨਾ ਤਹਿਤ 12ਵੀਂ ਦੇ ਪ੍ਰੀਖਿਆਰਥੀਆਂ ਨੂੰ ਹਿੰਦੀ ਦੇ ਪ੍ਰੈਕਟੀਕਲ ਦੀ ਪ੍ਰੀਖਿਆ ਦੇਣੀ ਹੋਵੇਗੀ। ਇਸ ਸਾਲ 'ਚ ਹੋਣ ਜਾ ਰਹੀ ਪ੍ਰੀਖਿਆ 'ਚ ਇਸ ਤਰ੍ਹਾਂ ਪਹਿਲੀ ਵਾਰ ਹੋਵੇਗਾ ਕਿ ਜਦੋਂ ਹਿੰਦੀ ਵਿਸ਼ੇ 'ਚ ਵੀ ਪ੍ਰੈਕਟੀਕਲ ਇਗਜ਼ਾਮ ਹੋਵੇਗਾ। ਨਵੇਂ ਨਿਯਮ ਤਹਿਤ ਹੋਣ ਵਾਲੇ ਹਿੰਦੀ ਪ੍ਰੈਕਟੀਕਲ ਅਧੀਨ ਹਿੰਦੀ ਇਲੈਕਟਿਵ ਤੇ ਹਿੰਦੀ ਕੋਰ ਦੋਵੇਂ ਹੀ ਵਿਸ਼ਿਆਂ 'ਚ 20 ਅੰਕਾਂ ਦੀ ਪ੍ਰੈਕਟੀਕਲ ਪ੍ਰੀਖਿਆ ਹੋਵੇਗੀ।
ਵੈੱਬਸਾਈਟ 'ਤੇ ਅੰਕ ਹੋਣਗੇ ਅਪਲੋਡ
ਸੀ. ਬੀ. ਐੱਸ. ਈ. ਦੇ ਪ੍ਰੀਖਿਆ ਕੰਟਰੋਲਰ ਡਾ. ਸੰਜੇ ਭਾਰਦਵਾਜ ਨੇ ਇਸ ਸਬੰਧੀ ਬੋਰਡ ਦੀ ਅਧਿਕਾਰਕ ਵੈੱਬਸਾਈਟ 'ਤੇ ਵੀ ਹੁਣ ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਬੋਰਡ ਦੇ ਨਿਰਦੇਸ਼ਾਂ 'ਚ ਪ੍ਰੈਕਟੀਕਲ ਪ੍ਰੀਖਿਆ 2 ਵੱਖ-ਵੱਖ ਸੈਸ਼ਨ 'ਚ ਲੈਣ ਦਾ ਹੁਕਮ ਦਿੱਤਾ ਗਿਆ ਹੈ। ਇਸ ਲੜੀ 'ਚ 20 ਤੋਂ ਜ਼ਿਆਦਾ ਪ੍ਰੀਖਿਆਰਥੀ ਹੋਣ 'ਤੇ ਇਸ ਨੂੰ 2 ਸੈਸ਼ਨ 'ਚ ਵੰਡਿਆ ਜਾਵੇਗਾ। ਉਥੇ ਪ੍ਰੈਕਟੀਕਲ ਦੇ ਅੰਕ ਪ੍ਰੀਖਿਆ ਨਾਲ ਹੀ ਵੈੱਬਸਾਈਟ 'ਤੇ ਅਪਲੋਡ ਹੋਣਗੇ।
10-10 ਅੰਕਾਂ ਦੀ ਹੋਵੇਗੀ ਅਸੈੱਸਮੈਂਟ ਤੇ ਪ੍ਰਾਜੈਕਟ ਵਰਕ
ਸੀ. ਬੀ. ਐੱਸ. ਈ. ਦੇ ਨਵੇਂ ਨਿਯਮ ਅਧੀਨ ਹੋਣ ਵਾਲੇ ਹਿੰਦੀ ਪ੍ਰੈਕਟੀਕਲ ਅਧੀਨ ਹਿੰਦੀ ਇਲੈਕਟਿਵ ਤੇ ਹਿੰਦੀ ਕੋਰ ਦੋਵੇਂ ਹੀ ਵਿਸ਼ਿਆਂ 'ਚ 20 ਅੰਕਾਂ ਦੀ ਪ੍ਰੈਕਟੀਕਲ ਪ੍ਰੀਖਿਆ ਹੋਵੇਗੀ। ਜਾਣਕਾਰੀ ਮੁਤਾਬਕ ਪ੍ਰੈਕਟੀਕਲ ਦੇਣ ਵਾਲੇ ਪ੍ਰੀਖਿਆਰਥੀ ਨੂੰ 10 ਅੰਕ ਦਾ ਐੱਸ. ਐੱਸ. ਐੱਲ. (ਅਸੈੱਸਮੈਂਟ) ਅਤੇ 10 ਅੰਕਾਂ ਦਾ ਪ੍ਰਾਜੈਕਟ ਵਰਕ ਬਣਾਉਣਾ ਹੋਵੇਗਾ। ਇਹ ਦੋਵੇਂ ਸਕੂਲ ਪੱਧਰ 'ਤੇ ਲਏ ਜਾਣਗੇ, ਜਿਸਦੇ ਅੰਕ ਵੀ ਸਕੂਲਾਂ ਨੇ ਹੀ ਲਾਉਣੇ ਹੋਣਗੇ।
ਥਿਊਰੀ ਤੇ ਪ੍ਰੈਕਟੀਕਲ 'ਚ ਲਿਆਉਣੇ ਹੋਣਗੇ 33 ਫੀਸਦੀ ਅੰਕ
ਨਵੇਂ ਨਿਯਮਾਂ ਅਧੀਨ ਹਿੰਦੀ 'ਚ ਪਾਸ ਹੋਣ ਲਈ 20 ਅੰਕ ਦੇ ਪ੍ਰੈਕਟੀਕਲ 'ਚ ਪ੍ਰਾਜੈਕਟ ਅਤੇ ਅਸੈੱਸਮੈਂਟ ਮਿਲਾ ਕੇ ਪ੍ਰੀਖਿਆਰਥੀਆਂ ਨੂੰ 33 ਫੀਸਦੀ ਅੰਕ ਲਿਆਉਣੇ ਹੋਣਗੇ। ਇਸਦੇ ਨਾਲ ਹੀ 33 ਫੀਸਦੀ ਅੰਕ ਥਿਊਰੀ 'ਚ ਵੀ ਲਿਆਉਣੇ ਹੋਣਗੇ। ਹਿੰਦੀ ਨਾਲ ਵਿਦਿਆਰਥੀਆਂ ਨੂੰ ਜੋੜਨ ਲਈ ਇਹ ਪਹਿਲ ਕੀਤੀ ਗਈ ਹੈ। 12ਵੀਂ 'ਚ ਆਉਣ 'ਤੇ ਵੱਡੀ ਗਿਣਤੀ 'ਚ ਵਿਦਿਆਰਥੀ ਹਿੰਦੀ ਵਿਸ਼ਾ ਛੱਡ ਦਿੰਦੇ ਹਨ। ਪ੍ਰੈਕਟੀਕਲ ਸ਼ੁਰੂ ਕਰਨ ਨਾਲ ਵਿਦਿਆਰਥੀਆਂ ਦੀ ਗਿਣਤੀ ਵਧੇਗੀ।
ਵਿਦਿਆਰਥੀਆਂ ਲਈ ਪਰੇਸ਼ਾਨੀ ਬਣੀ ਸੰਘਣੀ ਧੁੰਦ
NEXT STORY