ਲੁਧਿਆਣਾ (ਵਿੱਕੀ) - ਸੈਂਟ੍ਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਦੀਆਂ ਸ਼ਨੀਵਾਰ ਤੋਂ ਸ਼ੁਰੂ ਹੋਣ ਵਾਲੀਆਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਲਈ ਬੋਰਡ ਅਧਿਕਾਰੀ ਅੱਜ ਦਿਨ ਭਰ ਤਿਆਰੀਆਂ ਬਾਰੇ ਅਪਡੇਟ ਲੈਂਦੇ ਰਹੇ। ਸੀ. ਬੀ. ਐੱਸ. ਈ. ਚੰਡੀਗੜ੍ਹ ਰਿਜਨ ਦੇ ਰਿਜਨਲ ਅਫਸਰ ਰਾਜੇਸ਼ ਗੁਪਤਾ ਨੇ ਦੱਸਿਆ ਕਿ ਬੋਰਡ ਵਲੋਂ ਚੰਡੀਗੜ੍ਹ ਰਿਜਨ ਦੇ ਅਧੀਨ ਆਉਂਦੇ ਪੰਜਾਬ, ਚੰਡੀਗੜ੍ਹ, ਜੰਮੂ-ਕਸ਼ਮੀਰ ਅਤੇ ਲੇਹ ’ਚ ਕੁੱਲ 425 ਪ੍ਰੀਖਿਆ ਕੇਂਦਰ ਬਣਾਏ ਗਏ ਹਨ, ਜਿਨ੍ਹਾਂ ’ਚ ਕਰੀਬ 2.74 ਲੱਖ ਪ੍ਰੀਖਿਆਰਥੀ ਦੋਵੇਂ ਕਲਾਸਾਂ ਲਈ ਅਪੀਅਰ ਹੋਣਗੇ। ਇਨ੍ਹਾਂ ’ਚ ਲਗਭਗ 1.27 ਲੱਖ ਪ੍ਰੀਖਿਆਰਥੀ 12ਵੀਂ, ਜਦੋਂਕਿ 1.47 ਲੱਖ ਕੈਂਡੀਡੇਟਸ 10ਵੀਂ ਕਲਾਸ ਲਈ ਅਪੀਅਰ ਹੋਣਗੇ।
ਉਨ੍ਹਾਂ ਦੱਸਿਆ ਕਿ ਪ੍ਰੀਖਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸੀ. ਬੀ. ਐੱਸ. ਈ. ਚੰਡੀਗੜ੍ਹ ਵਿਚ ਪਹਿਲੀ ਵਾਰ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਇਸ ਕੰਟ੍ਰੋਲ ਰੂਮ ’ਤੇ ਪ੍ਰੀਖਿਆ ਕੇਂਦਰ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਸ਼ਿਕਾਇਤਾਂ ਦੀ ਐਂਟਰੀ ਕਰ ਕੇ ਉਨ੍ਹਾਂ ਦਾ ਹੱਲ ਕਰਨ ਦਾ ਯਤਨ ਕੀਤਾ ਜਾਵੇਗਾ।
ਰਿਜਨਲ ਅਫਸਰ ਗੁਪਤਾ ਨੇ ਦੱਸਿਆ ਕਿ ਇਹ ਕੰਟ੍ਰੋਲ ਰੂਮ ਪ੍ਰੀਖਿਆ ਵਾਲੇ ਦਿਨ ਸਵੇਰੇ 7.30 ਵਜੇ ਤੋਂ ਸ਼ਾਮ 5.30 ਵਜੇ ਤੱਕ ਕੰਮ ਕਰੇਗਾ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਕੰਟ੍ਰੋਲ ਰੂਮ ਲਈ 4 ਅਧਿਕਾਰੀ ਲੇਹ ਅਤੇ ਕਾਰਗਿਲ ਲਈ ਖਾਸ ਤੌਰ ’ਤੇ 2 ਨੋਡਲ ਅਧਿਕਾਰੀ ਲਗਾਏ ਗਏ ਹਨ।
ਸੀ. ਬੀ. ਐੱਸ. ਈ. ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਪ੍ਰੀਖਿਆ ਤੋਂ ਘੱਟ ਤੋਂ ਘੱਟ 1 ਘੰਟਾ ਪਹਿਲਾਂ ਪ੍ਰੀਖਿਆ ਕੇਂਦਰ ’ਤੇ ਪੁੱਜਣ। ਵਿਦਿਆਰਥੀਆਂ ਨੂੰ ਦਿੱਤੇ ਗਏ ਸਮੇਂ ਤੋਂ ਪਹਿਲਾਂ ਪ੍ਰੀਖਿਆ ਹਾਲ ’ਚ ਦਾਖਲ ਹੋਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਦਿਨ ਭਰ ਅਪਡੇਟ ਲੈਂਦੇ ਰਹੇ ਚੇਅਰਮੈਨ ਰਾਹੁਲ ਸਿੰਘ
ਓਧਰ, ਪ੍ਰੀਖਿਆਵਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਸੀ. ਬੀ. ਐੱਸ. ਈ. ਦੇ ਚੇਅਰਮੈਨ ਰਾਹੁਲ ਸਿੰਘ ਅਤੇ ਕੰਟ੍ਰੋਲਰ ਐਗਜ਼ਾਮੀਨੇਸ਼ਨ ਡਾ. ਸੰਜਮ ਭਾਰਦਵਾਜ ਵੀ ਪੂਰੀ ਤਰ੍ਹਾਂ ਸਰਗਰਮ ਹਨ ਅਤੇ ਦੇਸ਼ ਭਰ ਦੇ ਪ੍ਰੀਖਿਆ ਕੇਂਦਰਾਂ ਬਾਰੇ ਪਲ-ਪਲ ਦੀ ਅਪਡੇਟ ਰਿਜਨਲ ਅਧਿਕਾਰੀਆਂ ਤੋਂ ਲੈ ਰਹੇ ਹਨ।
ਇਸ ਸਬੰਧੀ ਚੇਅਰਮੈਨ ਨੇ ਸ਼ੁੱਕਰਵਾਰ ਨੂੰ ਪ੍ਰੀਖਿਆ ਨਾਲ ਜੁੜੇ ਸਾਰੇ ਅਧਿਕਾਰੀਆਂ, ਐਗਜ਼ਾਮੀਨੇਸ਼ਨ ਕੰਟ੍ਰੋਲਰਾਂ, ਸਕੂਲ ਦੇ ਨਾਲ ਕਰੀਬ 4 ਘੰਟੇ ਤੱਕ ਵੈਬੀਨਾਰ ਮੀਟਿੰਗ ਕਰ ਕੇ ਪ੍ਰੀਖਿਆ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ।
ਕਿਸੇ ਵੀ ਸਮੇਂ ਪੁੱਜ ਸਕਦੀਆਂ ਹਨ ਫਲਾਇੰਗ ਟੀਮਾਂ
ਦੱਸਿਆ ਜਾ ਰਿਹਾ ਹੈ ਕਿ ਸੀ. ਬੀ. ਐੱਸ. ਈ. ਵਲੋਂ ਫਲਾਇੰਗ ਟੀਮਾਂ ਪ੍ਰੀਖਿਆ ਕੇਂਦਰਾਂ ਦੀ ਚੈਕਿੰਗ ਲਈ ਕਿਸੇ ਵੀ ਸਮੇਂ ਪੁੱਜ ਸਕਦੀਆਂ ਹਨ। ਇਸ ਦੇ ਲਈ ਬਾਕਾਇਦਾ ਟੀਮਾਂ ਦਿੱਲੀ ਅਤੇ ਚੰਡੀਗੜ੍ਹ ਤੋਂ ਵੱਖ-ਵੱਖ ਸ਼ਹਿਰਾਂ ’ਚ ਪੁੱਜ ਚੁੱਕੀਆਂ ਹਨ। ਦੋਵੇਂ ਕਲਾਸਾਂ ਦੀਆਂ ਪ੍ਰੀਖਿਆਵਾਂ ਸਵੇਰੇ 10.30 ਵਜੇ ਸ਼ੁਰੂ ਹੋਣਗੀਆਂ। 10ਵੀਂ ਕਲਾਸ ਦਾ ਸ਼ਨੀਵਾਰ ਨੂੰ ਪਹਿਲਾ ਪੇਪਰ ਇੰਗਲਿਸ਼ ਵਿਸ਼ੇ ਦਾ ਹੋਵੇਗਾ, ਜਦੋਂਕਿ 12ਵੀਂ ਦਾ ਐਂਟਰਪ੍ਰਿਨਿਊਰਸ਼ਿਪ ਦਾ ਹੋਵੇਗਾ। 12ਵੀਂ ਦਾ ਇੰਗਲਿਸ਼ ਵਿਸ਼ੇਸ਼ ਦਾ ਪੇਪਰ ਸੋਮਵਾਰ 17 ਫਰਵਰੀ ਨੂੰ ਹੋਵੇਗਾ।
ਅਫਵਾਹਾਂ ਫੈਲਾਉਣ ਵਾਲਿਆਂ ’ਤੇ ਨਜ਼ਰ
ਸੀ. ਬੀ. ਐੱਸ. ਈ. ਨੇ ਪ੍ਰੀਖਿਆ ਦੌਰਾਨ ਨਕਲ ਦੀ ਅਫਵਾਹ ਫੈਲਾਉਣ ਵਾਲਿਆਂ ਨੂੰ ਵੀ ਚਿਤਾਵਨੀ ਦਿੱਤੀ ਹੈ। ਜੇਕਰ ਕਿਸੇ ਵੀ ਅਰਾਜਕ ਤੱਤ ਵਲੋਂ ਪੇਪਰ ਲੀਕ, ਪ੍ਰਸ਼ਨ ਪੱਤਰ ਆਉਣ ਦਾ ਦਾਅਵਾ ਜਾਂ ਫਿਰ ਬੋਰਡ ਪ੍ਰੀਖਿਆ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਅਫਵਾਹ ਫੈਲਾਈ ਜਾਂਦੀ ਹੈ ਤਾਂ ਉਸ ਦੇ ਖਿਲਾਫ ਆਈ. ਪੀ. ਸੀ. ਅਤੇ ਆਈ. ਟੀ. ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ।
ਕੋਈ ਪ੍ਰੇਸ਼ਾਨੀ ਆਵੇ ਤਾਂ ਡਾਇਲ ਕਰੋ ਕੰਟ੍ਰੋਲ ਰੂਮ ਦਾ ਨੰਬਰ ਅਤੇ ਈ-ਮੇਲ
7589560901 ਅਤੇ 7589560902
ਵਹ੍ਹਟਸਐਪ ਨੰਬਰ : 7589560900
ਕਾਰਗਿਲ ਕੰਟ੍ਰੋਲ ਰੂਮ ਲਈ : 8082847497
ਲੇਹ ਕੰਟ੍ਰੋਲ ਰੂਮ ਦੇ ਲਈ : 8494066491
ਈ-ਮੇਲ ਆਈ. ਡੀ. examination20250cbseshiksha.in
ਇਨ੍ਹਾਂ ਨਿਰਦੇਸ਼ਾਂ ਦਾ ਰੱਖੋ ਧਿਆਨ
-ਐਡਮਿਟ ਕਾਰਡ ’ਤੇ ਦਿੱਤੇ ਗਏ ਸਮੇਂ ਮੁਤਾਬਕ ਪ੍ਰੀਖਿਆਰਥੀ ਐਗਜ਼ਾਮ ਸੈਂਟਰ ’ਤੇ ਕਰਨ ਰਿਪੋਰਟ।
-ਦੇਰ ਨਾਲ ਪੁੱਜਣ ਵਾਲਿਆਂ ਨੂੰ ਪ੍ਰੀਖਿਆ ਕੇਂਦਰ ’ਚ ਨਹੀਂ ਮਿਲੇਗੀ ਐਂਟਰੀ।
-ਪ੍ਰੀਖਿਆ ਹਾਲ ’ਚ ਮੋਬਾਈਲ ਫੋਨ, ਸਮਾਰਟ ਘੜੀਆਂ, ਬਲੂਟੁਥ ਡਿਵਾਈਸ, ਈਅਰਫੋਨ ਦੀ ਆਗਿਆ ਨਹੀਂ ਹੋਵੇਗੀ।
ਨੌਜਵਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲਾ ਮੁੱਖ ਮੁਲਜ਼ਮ ਅਮਰੀਕਾ ਹੋਇਆ ਫਰਾਰ
NEXT STORY