ਜਲੰਧਰ (ਗੁਲਸ਼ਨ)—ਸਿਟੀ ਰੇਲਵੇ ਸਟੇਸ਼ਨ 'ਤੇ ਵੀਰਵਾਰ ਸ਼ਾਮ ਨੂੰ ਜਮ ਕੇ ਹੰਗਾਮਾ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਨੰਦੇੜ ਸਾਹਿਬ ਤੋਂ ਚੱਲ ਕੇ ਅੰਮ੍ਰਿਤਸਰ ਨੂੰ ਆਉਣ ਵਾਲੀ ਸੱਚਖੰਡ ਐਕਸਪ੍ਰੈੱਸ (12715) ਜਿਵੇਂ ਹੀ ਸਿਟੀ ਸਟੇਸ਼ਨ 'ਤੇ ਪਹੁੰਚੀ ਤਾਂ ਟਰੇਨ ਦੇ ਬੀ-3 ਕੋਚ ਵਿਚ ਯਾਤਰੀਆਂ ਅਤੇ ਸਿੱਖ ਸੰਗਤ ਦੇ ਇਕ ਜਥੇ ਨੇ ਟੀ. ਟੀ. ਈ. ਦੁਆਰਾ ਬਜ਼ੁਰਗ ਯਾਤਰੀ ਨਾਲ ਦੁਰਵਿਵਹਾਰ ਕਰਨ ਦਾ ਦੋਸ਼ ਲਗਾਉਂਦੇ ਹੋਏ ਜਮ ਕੇ ਹੰਗਾਮਾ ਕੀਤਾ। ਹੰਗਾਮੇ ਦੌਰਾਨ ਸਿੱਖ ਸੰਗਤ ਦੇ ਲਗਭਗ 100 ਤੋਂ ਜ਼ਿਆਦਾ ਮੈਂਬਰਾਂ ਨੇ ਟੀ. ਟੀ. ਈ. ਗੁਰਦੀਪ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ। ਕੁੱਟਮਾਰ ਦੌਰਾਨ ਉਸਦੀ ਪੱਗ ਲੱਥ ਗਈ ਅਤੇ ਮੂੰਹ ਤੋਂ ਖੂਨ ਵੀ ਵਗਣ ਲੱਗਾ। ਖੂਨ ਨਾਲ ਲਥਪਥ ਟੀ. ਟੀ. ਈ. ਨੇ ਭੱਜ ਕੇ ਆਪਣੇ-ਆਪ ਨੂੰ ਟ੍ਰੇਨ ਦੇ ਬਾਥਰੂਮ ਵਿਚ ਬੰਦ ਕਰਕੇ ਆਪਣੀ ਜਾਨ ਬਚਾਈ। ਸੂਚਨਾ ਮਿਲਦੇ ਹੀ ਆਰ. ਪੀ. ਐੱਫ. ਦੇ ਏ. ਐੱਸ. ਆਈ. ਬਲਜੀਤ ਸਿੰਘ, ਜੀ. ਆਰ. ਪੀ. ਦੇ ਏ. ਐੈੱਸ. ਆਈ. ਮੁਝੈਲ ਰਾਮ ਅਤੇ ਹੋਰ ਪੁਲਸ ਕਰਮਚਾਰੀ ਮੌਕੇ 'ਤੇ ਪਹੁੰਚੇ ਅਤੇ ਯਾਤਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਸਿੱਖ ਸੰਗਤ ਦੇ ਜਥੇ ਨੇ ਟੀ. ਟੀ. ਈ. ਗੁਰਦੀਪ 'ਤੇ ਦੋਸ਼ ਲਾਇਆ ਕਿ ਉਸਨੇ ਇਕ ਬਜ਼ੁਰਗ ਯਾਤਰੀ ਦੇ ਨਾਲ ਦੁਰਵਿਵਹਾਰ ਕਰਦੇ ਹੋਏ ਉਨ੍ਹਾਂ ਨੂੰ ਥੱਪੜ ਮਾਰਿਆ ਹੈ। ਸਿੱਖ ਸੰਗਤ ਵਿਚ ਇੰਨਾ ਗੁੱਸਾ ਸੀ ਕਿ ਉਹ ਕੋਈ ਵੀ ਗੱਲ ਸੁਣਨ ਦੇ ਲਈ ਤਿਆਰ ਨਹੀਂ ਸੀ। ਉਹ ਟੀ. ਟੀ. ਈ. ਨੂੰ ਬਾਹਰ ਕੱਢਣ ਦੀ ਗੱਲ 'ਤੇ ਅੜੇ ਰਹੇ। ਪੁਲਸ ਨੇ ਉਨ੍ਹਾਂ ਨੂੰ ਕਾਫੀ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਟਰੇਨ ਦੇ ਡਰਾਈਵਰ ਦੁਆਰਾ 5 ਵਾਰ ਟ੍ਰੇਨ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਯਾਤਰੀਆਂ ਨੇ ਚੇਨ ਖਿੱਚ ਕੇ ਟਰੇਨ ਰੋਕ ਦਿੱਤੀ। ਸਿੱਖ ਸੰਗਤ ਨੇ ਕਿਹਾ ਕਿ ਟੀ. ਟੀ. ਈ. ਦੁਆਰਾ ਮੁਆਫੀ ਮੰਗਣ ਤੋਂ ਬਾਅਦ ਹੀ ਟਰੇਨ ਨੂੰ ਚਲਣ ਦਿੱਤਾ ਜਾਵੇਗਾ। ਪੁਲਸ ਨੇ ਟੀ. ਟੀ. ਈ. ਨੂੰ ਸਖ਼ਤ ਸੁਰੱਖਿਆ ਦੇ ਵਿਚਕਾਰ ਬਾਥਰੂਮ ਤੋਂ ਬਾਹਰ ਕੱਢਿਆ। ਟਰੇਨ ਤੋਂ ਬਾਹਰ ਆ ਕੇ ਟੀ. ਟੀ. ਈ. ਗੁਰਦੀਪ ਨੇ ਭੜਕੇ ਹੋਏ ਸਿੱਖ ਸ਼ਰਧਾਲੂਆਂ ਤੋਂ ਮੁਆਫੀ ਮੰਗ ਕੇ ਆਪਣੀ ਜਾਨ ਛੁਡਾਈ, ਜਿਸ ਤੋਂ ਬਾਅਦ ਟ੍ਰੇਨ ਅੰਮ੍ਰਿਤਸਰ ਲਈ ਰਵਾਨਾ ਹੋਈ। ਸੂਚਨਾ ਮੁਤਾਬਕ 7.56 'ਤੇ ਆਈ ਟਰੇਨ 8.15 ਵਜੇ ਰਵਾਨਾ ਹੋਈ। ਘਟਨਾ ਦੀ ਜਾਣਕਾਰੀ ਫਿਰੋਜ਼ਪੁਰ ਮੰਡਲ ਦੇ ਅਧਿਕਾਰੀਆਂਤੱਕ ਵੀ ਪਹੁੰਚ ਗਈ ਹੈ। ਦੂਸਰੇ ਪਾਸੇ ਪਤਾ ਲੱਗਾ ਹੈ ਕਿ ਟੀ. ਟੀ. ਈ. ਗੁਰਦੀਪ ਨੇ ਅੰਮ੍ਰਿਤਸਰ ਪਹੁੰਚ ਕੇ ਸੀ. ਆਈ. ਟੀ. ਸ਼ੰਮੂ ਨੂੰ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਉਸਦੀ ਈ. ਐੱਫ. ਟੀ. ਅਤੇ 5920 ਰੁਪਏ ਦੀ ਰਕਮ ਵੀ ਖੋਹ ਲਈ। ਫਿਲਹਾਲ ਇਸ ਮਾਮਲੇ ਵਿਚ ਪੁਲਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ ਹੈ। ਇਸ ਸੰਬੰਧ ਵਿਚ ਟੀ. ਟੀ. ਈ. ਗੁਰਦੀਪ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਜਲੰਧਰ ਦੇ ਸਿਵਲ ਹਸਪਤਾਲ ਵਿਚ ਏ.ਡੀ.ਸੀ ਅਤੇ ਡੀ.ਸੀ ਵੱਲੋਂ ਅਚਨਚੇਤ ਛਾਪੇਮਾਰੀ
NEXT STORY