ਜਲੰਧਰ (ਧਵਨ) : ਲੰਬੇ ਸਮੇਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖ਼ਰਕਾਰ ਜਲੰਧਰ ਦੇ ਲੋਕਾਂ ਦੀ ਨਬਜ਼ ਪਛਾਣ ਲਈ ਹੈ ਅਤੇ ਉਨ੍ਹਾਂ ਨੂੰ ਆਪਣੀ ਕੈਬਨਿਟ ’ਚ ਨੁਮਾਇੰਦਗੀ ਦੇਣ ਜਾ ਰਹੇ ਹਨ। ਪਿਛਲੀ ਕਾਂਗਰਸ ਸਰਕਾਰ ਦੇ 5 ਸਾਲਾਂ ਦੇ ਕਾਰਜਕਾਲ ਦੌਰਾਨ ਜਲੰਧਰ ਤੋਂ ਕਿਸੇ ਵੀ ਵਿਧਾਇਕ ਨੂੰ ਮੰਤਰੀ ਵਜੋਂ ਸ਼ਾਮਲ ਨਹੀਂ ਕੀਤਾ ਗਿਆ ਸੀ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਅਹੁਦੇ ’ਤੇ ਰਹੇ ਅਤੇ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਪਰ ਜਲੰਧਰ ਦੀ ਸੁਣਵਾਈ ਨਹੀਂ ਹੋਈ ਸੀ। ਜਲੰਧਰ ਲੋਕ ਸਭਾ ਸੀਟ ਦੀ ਉਪ ਚੋਣ ਜਿੱਤਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ੈਸਲਾ ਕੀਤਾ ਸੀ ਕਿ ਜਲੰਧਰ ਦੇ ਲੋਕਾਂ ਨੇ ਉਨ੍ਹਾਂ ਦਾ ਸਤਿਕਾਰ ਕੀਤਾ ਹੈ ਅਤੇ ਹੁਣ ਉਹ ਜਲੰਧਰ ਨੂੰ ਨੁਮਾਇੰਦਗੀ ਦੇਣਗੇ।
ਇਹ ਵੀ ਪੜ੍ਹੋ : ਪੰਜਾਬ 'ਚ ਮੀਂਹ ਤੇ ਬਿਜਲੀ ਚਮਕਣ ਸਣੇ ਚੱਲਣਗੀਆਂ ਤੇਜ਼ ਹਵਾਵਾਂ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ
ਮੁੱਖ ਮੰਤਰੀ ਭਗਵੰਤ ਮਾਨ ਨੇ ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਨੂੰ ਆਪਣੀ ਕੈਬਨਿਟ ’ਚ ਸ਼ਾਮਲ ਕਰਨ ਦਾ ਫ਼ੈਸਲਾ ਕਰ ਕੇ ਜਲੰਧਰ ਨੂੰ ਮਾਣ ਦਿੱਤਾ ਹੈ। ਭਾਵੇਂ ਆਮ ਆਦਮੀ ਪਾਰਟੀ ਦੇ ਕੁੱਝ ਹੋਰ ਵਿਧਾਇਕ ਵੀ ਜਲੰਧਰ ਜ਼ਿਲ੍ਹੇ ਨਾਲ ਸਬੰਧ ਰੱਖਦੇ ਹਨ ਪਰ ਉਨ੍ਹਾਂ ’ਤੇ ਮੁੱਖ ਮੰਤਰੀ ਦਾ ਜ਼ਿਆਦਾ ਭਰੋਸਾ ਨਾ ਹੋਣ ਕਾਰਨ ਬਲਕਾਰ ਸਿੰਘ ਨੂੰ ਥਾਂ ਦੇਣ ਦਾ ਫ਼ੈਸਲਾ ਲਿਆ ਗਿਆ ਹੈ। ਬਲਕਾਰ ਸਿੰਘ ਦੇ 31 ਮਈ ਨੂੰ ਮੰਤਰੀ ਬਣਨ ਤੋਂ ਬਾਅਦ ਦੋਆਬੇ ਤੋਂ ਭਗਵੰਤ ਮਾਨ ਮੰਤਰੀ ਮੰਡਲ ’ਚ ਮੰਤਰੀਆਂ ਦੀ ਗਿਣਤੀ ਵੱਧ ਕੇ 2 ਹੋ ਜਾਵੇਗੀ, ਕਿਉਂਕਿ ਹੁਸ਼ਿਆਰਪੁਰ ਤੋਂ ਪਹਿਲਾਂ ਬ੍ਰਹਮ ਸ਼ੰਕਰ ਜਿੰਪਾ ਨੂੰ ਮੰਤਰੀ ਮੰਡਲ ਦੇ ਗਠਨ ਸਮੇਂ ਮੰਤਰੀ ਬਣਾ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦੀ ਦਿੱਲੀ 'ਚ ਮੀਟਿੰਗ ਦੌਰਾਨ ਸਾਰੇ MPs ਤੇ ਸਾਬਕਾ ਮੰਤਰੀ ਨਹੀਂ ਹੋਏ ਸ਼ਾਮਲ, ਉੱਠੇ ਸਵਾਲ
ਜਿੰਪਾ ਇਸ ਸਮੇਂ ਮਾਲ ਵਿਭਾਗ ਦੀ ਦੇਖ-ਰੇਖ ਕਰ ਰਹੇ ਹਨ। ਦੂਜੇ ਪਾਸੇ ਭਗਵੰਤ ਮਾਨ ਨੇ ਬਠਿੰਡਾ ਜ਼ਿਲ੍ਹੇ ਦਾ ਵੀ ਮਾਣ-ਸਤਿਕਾਰ ਰੱਖਿਆ ਹੈ ਅਤੇ ਮਾਲਵੇ ਨੂੰ ਇਕ ਵਾਰ ਫਿਰ ਤੋਂ ਨੁਮਾਇੰਦਗੀ ਦੇਣ ਜਾ ਰਹੇ ਹਨ ਕਿਉਂਕਿ ਮੁੱਖ ਮੰਤਰੀ ਨੂੰ ਪਤਾ ਹੈ ਕਿ ਅਗਲੇ ਸਾਲ ਲੋਕ ਸਭਾ ਦੀਆਂ ਆਮ ਚੋਣਾਂ ਹੋਣੀਆਂ ਹਨ ਅਤੇ ਉਸ ’ਚ ਮਾਲਵਾ ਖੇਤਰ ਦੀ ਅਹਿਮ ਭੂਮਿਕਾ ਹੋਵੇਗੀ। ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਨਿੱਝਰ ਕਿਉਂਕਿ ਅੰਮ੍ਰਿਤਸਰ ਨਾਲ ਸਬੰਧ ਰੱਖਦੇ ਹਨ ਇਸ ਲਈ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਹਟਾਉਣ ਦੇ ਬਾਵਜੂਦ ਮਾਝਾ ਖੇਤਰ ਦੀ ਮੰਤਰੀ ਮੰਡਲ ’ਚ ਨੁਮਾਇੰਦਗੀ ਬਣੀ ਰਹੇਗੀ। ਮਾਝੇ ਤੋਂ ਇਸ ਵੇਲੇ ਭਗਵੰਤ ਮਾਨ ਦੀ ਕੈਬਨਿਟ ’ਚ ਹਰਭਜਨ ਸਿੰਘ ਈ. ਟੀ. ਓ. (ਜੰਡਿਆਲਾ) ਅਤੇ ਕੁਲਦੀਪ ਸਿੰਘ ਧਾਲੀਵਾਲ (ਅਜਨਾਲਾ) ਪਹਿਲਾਂ ਹੀ ਸ਼ਾਮਲ ਹਨ। ਇਸ ਲਈ ਡਾ. ਨਿੱਝਰ ਨੂੰ ਹਟਾਉਣ ਨਾਲ ਮਾਝੇ ਨੂੰ ਕੋਈ ਫ਼ਰਕ ਪੈਣ ਵਾਲਾ ਨਹੀਂ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
CM ਮਾਨ ਨੇ ਟਰਾਂਸਪੋਰਟ ਵਿਭਾਗ ਨੂੰ ਡਰਾਈਵਿੰਗ ਲਾਇਸੈਂਸ ਤੇ RC ਸਬੰਧੀ ਦਿੱਤੇ ਇਹ ਨਿਰਦੇਸ਼
NEXT STORY