ਲੌਂਗੋਵਾਲ (ਵਿਜੇ, ਵਸ਼ਿਸ਼ਟ) - ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੀ 32ਵੀਂ ਬਰਸੀ ਮੌਕੇ ਜਿਥੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਅਤੇ ਕਰਜ਼ਾ ਮੁਆਫੀ ਦਾ ਮੁੱਦਾ ਛਾਇਆ ਰਿਹਾ, ਉਥੇ ਮੰਚ ਤੋਂ ਸੰਬੋਧਨ ਕਰਨ ਵਾਲੇ ਆਗੂਆਂ ਨੇ ਅਕਾਲੀ –ਭਾਜਪਾ ਸਰਕਾਰ ਮੌਕੇ ਹੋਏ ਵਿਕਾਸ ਕਾਰਜਾਂ ਦਾ ਗੁਣਗਾਨ ਕੀਤਾ ਤੇ ਮੌਜੂਦਾ ਕਾਂਗਰਸ ਸਰਕਾਰ ਨੂੰ ਫੇਲ ਕਰਾਰ ਦਿੱਤਾ।ਬਰਸੀ ਸਮਾਗਮ ਮੌਕੇ ਪਹੁੰਚੇ ਸਾਬਕਾ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਤ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਕਿਹਾ ਕਿ ਪੰਜਾਬ ਵਿਚਲੀ ਕਾਂਗਰਸ ਸਰਕਾਰ ਕੁਝ ਹੀ ਮਹੀਨਿਆਂ 'ਚ ਲੋਕਾਂ ਦੀ ਕਸਵੱਟੀ 'ਤੇ ਫੇਲ ਸਰਕਾਰ ਸਾਬਤ ਹੋਈ ਹੈ। ਸੂਬੇ 'ਚ ਅਕਾਲੀ –ਭਾਜਪਾ ਗੱਠਜੋੜ ਦੀ ਸਰਕਾਰ ਸਮੇਂ ਜਿੰਨੀਆਂ ਵੀ ਸਹੂਲਤਾਂ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਸਨ, ਉਹ ਮੌਜੂਦਾ ਸਰਕਾਰ ਨੇ ਬੰਦ ਕਰ ਦਿੱਤੀਆਂ ਹਨ। ਅਕਾਲੀ ਦਲ 'ਤੇ ਰੇਤ ਮਾਫੀਆ ਵਰਗੇ ਝੂਠੇ ਦੋਸ਼ ਲਾਉਣ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਵਿਚ ਸਿਰਫ ਇਕ ਹੀ ਮੰਤਰੀ ਨੇ ਰੇਤ ਦੇ ਠੇਕੇ ਲੈ ਲਏ ਹਨ। ਜਿਹੜਾ ਟਰੱਕ ਅਕਾਲੀ ਸਰਕਾਰ ਸਮੇਂ 15 ਹਜ਼ਾਰ ਰੁਪਏ 'ਚ ਮਿਲਦਾ ਸੀ, ਉਹ ਟਰੱਕ ਹੁਣ 45 ਹਜ਼ਾਰ ਰੁਪਏ ਦਾ ਹੋ ਗਿਆ ਹੈ। ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਵਰਗੇ ਹੋਰ ਕਈ ਝੂਠੇ ਵਾਅਦਿਆਂ ਨਾਲ ਬਣੀ ਕਾਂਗਰਸ ਸਰਕਾਰ ਦੇ ਰਾਜ 'ਚ ਕਿਸਾਨਾਂ ਦੀਆਂ ਖੁਦਕੁਸ਼ੀਆਂ 'ਚ ਵਾਧਾ ਹੋਇਆ ਹੈ। ਕਾਂਗਰਸ ਸਰਕਾਰ ਨੇ ਕੁਝ ਹੀ ਮਹੀਨਿਆਂ 'ਚ ਆਪਣਾ ਅਸਲ ਚਿਹਰਾ ਵਿਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿੱਤਾਂ ਲਈ ਜੋ ਅਕਾਲੀ ਦਲ ਕਰ ਸਕਦਾ ਹੈ, ਉਹ ਕਾਂਗਰਸ ਪਾਰਟੀ ਕਿਸੇ ਵੀ ਕੀਮਤ 'ਤੇ ਨਹੀਂ ਕਰ ਸਕਦੀ ।
ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸੰਤ ਲੌਂਗੋਵਾਲ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਕਿਹਾ ਕਿ ਰਾਜੀਵ ਲੌਂਗੋਵਾਲ ਸਮਝੌਤੇ ਤਹਿਤ ਸੰਤ ਜੀ ਨਾਲ ਠੱਗੀ ਮਾਰਨ ਵਾਲੀ ਕਾਂਗਰਸ ਪਾਰਟੀ ਅੱਜ ਕਿਸ ਮੂੰਹ ਨਾਲ ਉਨ੍ਹਾਂ ਦਾ ਸ਼ਹੀਦੀ ਦਿਹਾੜਾ ਮਨਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਸਰਕਾਰ ਪੰਜਾਬ ਅੰਦਰ ਰਲੇ-ਮਿਲੇ ਹੋਏ ਹਨ। ਵਿਰੋਧੀ ਧਿਰ ਦਾ ਨੇਤਾ ਸੁਖਪਾਲ ਸਿੰਘ ਖਹਿਰਾ ਵਿਰੋਧੀ ਧਿਰ ਵਾਲੀ ਨੀਤੀ ਅਪਣਾਉਣ ਦੀ ਬਜਾਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਗੁਣਗਾਨ ਕਰਦਾ ਨਹੀਂ ਥਕਦਾ।
ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸੰਤ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਕਿਹਾ ਕਿ ਜੇਕਰ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਦਾ ਹੱਲ ਜਲਦੀ ਨਾ ਕੀਤਾ ਗਿਆ ਤਾਂ ਪੰਜਾਬ ਦੀ ਕਿਸਾਨੀ ਸਿਰ ਕਰਜ਼ਾ ਹੋਰ ਵਧ ਜਾਵੇਗਾ।
ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੇ ਜਾਨਸ਼ੀਨ ਸਾਬਕਾ ਮੰਤਰੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਜਿਥੇ ਆਏ ਆਗੂਆਂ ਤੇ ਸੰਗਤਾਂ ਦਾ ਧੰਨਵਾਦ ਕੀਤਾ, ਉਥੇ ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਦੋਂ-ਜਦੋਂ ਵੀ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣੀ, ਉਹ ਸਿਰਫ ਝੂਠ ਦੇ ਸਹਾਰੇ ਨਾਲ ਬਣੀ। ਇਸ ਦੌਰਾਨ ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ, ਬਲਦੇਵ ਸਿੰਘ ਮਾਨ, ਬਾਬੂ ਪ੍ਰਕਾਸ਼ ਚੰਦ ਗਰਗ, ਇਕਬਾਲ ਸਿੰਘ ਝੂੰਦਾ, ਮੁਹੰਮਦ ਉਵੈਸ, ਅਜੀਤ ਸਿੰਘ ਸ਼ਾਂਤ, ਸੁਰਿੰਦਰਪਾਲ ਸਿੰਘ ਸਿਬੀਆ, ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ, ਪਰਮਜੀਤ ਸਿੰਘ ਬਰਨਾਲਾ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਸੰਤ ਬਲਵੀਰ ਸਿੰਘ ਘੁੰਨਸ, ਹਰੀ ਸਿੰਘ ਨਾਭਾ, ਤੇਜਾ ਸਿੰਘ ਕਮਾਲਪੁਰ ਅਤੇ ਰਾਜਿੰਦਰ ਸਿੰਘ ਕਾਂਝਲਾ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਪੀ.ਆਰ.ਟੀ.ਸੀ. ਦੇ ਸਾਬਕਾ ਵਾਈਸ ਚੇਅਰਮੈਨ ਵਿਨਰਜੀਤ ਸਿੰਘ ਗੋਲਡੀ, ਓ.ਐੱਸ.ਡੀ. ਅਮਨਵੀਰ ਸਿੰਘ ਚੈਰੀ, ਡਾ. ਨਰਿੰਦਰ ਸਿੰਘ ਦੁੱਲਟ, ਜਥੇਦਾਰ ਉਦੈ ਸਿੰਘ, ਯੂਥ ਵਿੰਗ ਦੇ ਜ਼ਿਲਾ ਪ੍ਰਧਾਨ ਕੁਲਦੀਪ ਸਿੰਘ ਬੁੱਗਰ, ਸਰਪੰਚ ਦਲਵੀਰ ਸਿੰਘ ਦੁੱਗਾ, ਜਗਦੇਵ ਸਿੰਘ ਲੋਹਾਖੇੜ੍ਹਾ, ਲਾਡੀ ਸਿੰਘ ਕੁਲਾਰ, ਡਾ. ਰੂਪ ਸਿੰਘ ਸੇਰੋਂ, ਸਰਪੰਚ ਸਤਵੰਤ ਸਿੰਘ ਦੁੱਲਟ, ਰਮੇਸ਼ ਅਗਰਵਾਲ, ਸਰਪੰਚ ਬੁੱਧ ਸਿੰਘ ਧਾਲੀਵਾਲ, ਸਰਪੰਚ ਚਰਨਜੀਤ ਸਿੰਘ ਧਾਲੀਵਾਲ, ਪ੍ਰਿੰਸੀਪਲ ਨਰਪਿੰਦਰ ਸਿੰਘ ਢਿੱਲੋਂ, ਚੇਅਰਮੈਨ ਮਹਿੰਦਰ ਸਿੰਘ ਦੁੱਲਟ, ਬਲਦੇਵ ਸਿੰਘ ਭੰਮਾਬੱਦੀ, ਸਰਪੰਚ ਬਿੱਕਰ ਸਿੰਘ ਪਾਟਿਆਵਾਲੀ, ਮੁਖਤਿਆਰ ਸਿੰਘ, ਡਾ. ਕਰਮ ਸਿੰਘ, ਸਾਬਕਾ ਮੀਤ ਪ੍ਰਧਾਨ ਨਰਿੰਦਰ ਸਿੰਘ ਨੰਦੂ, ਸਰਪੰਚ ਬਲਵੀਰ ਸਿੰਘ, ਸਰਪੰਚ ਗੁਰਸੇਵਕ ਸਿੰਘ, ਸਰਪੰਚ ਹਰਵਿੰਦਰ ਸਿੰਘ ਮੱਖਣ, ਸਰਪੰਚ ਸੁਖਵਿੰਦਰ ਸਿੰਘ ਮੱਦੀ, ਕਾਲਾ ਭੁੱਲਰ ਹਾਜ਼ਰ ਸਨ।
ਸੈਦਾਂ ਗੇਟ 'ਚ ਦੁਕਾਨ 'ਚ ਚੋਰੀ ਕਰਦਾ ਕਾਬੂ, ਛਿੱਤਰ-ਪ੍ਰੇਡ
NEXT STORY