ਜੋਧਾਂ/ਗੁਰੂਸਰ ਸੁਧਾਰ,(ਟੂਸੇ)- ਥਾਣਾ ਜੋਧਾਂ ਦੀ ਪੁਲਸ ਨੇ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਕੋਲੋਂ 15 ਪੇਟੀਆਂ ਦੇਸੀ ਸ਼ਰਾਬ ਦੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਇਸ ਸਬੰਧੀ ਥਾਣਾ ਜੋਧਾਂ ਦੇ ਮੁਖੀ ਇੰਸਪੈਕਟਰ ਜਗਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਜੋਧਾਂ ਦੀ ਪੁਲਸ ਪਾਰਟੀ ਨੇ ਏ. ਐੱਸ. ਆਈ. ਸ਼ਰਨਜੀਤ ਸਿੰਘ ਹੌਲਦਾਰ ਗੁਰਜੰਟ ਸਿੰਘ ਤੇ ਹੌਲਦਾਰ ਜਰਨੈਲ ਸਿੰਘ ਸਮੇਤ ਪੁਲਸ ਪਾਰਟੀ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਪਿੰਡ ਛੋਕਰਾਂ ਤੋਂ ਜੋਧਾਂ ਵੱਲ ਨੂੰ ਆ ਰਹੇ ਸਨ ਤੇ ਜਦ ਪੁਲਸ ਪਾਰਟੀ ਪਿੰਡ ਛੋਕਰਾਂ ਦੇ ਬਾਹਰ ਕੂਹਣੀ ਮੋੜ 'ਤੇ ਪੁੱਜੀ ਤਾਂ ਸਾਹਮਣੇ ਪਿੰਡ ਰਤਨਾਂ ਵੱਲੋਂ ਇਕ ਗੱਡੀ ਹੌਂਡਾ ਇਮੇਜ਼ ਰੰਗ ਚਿੱਟਾ ਪੀਬੀ-10-ਈਆਰ-505 ਆਉਂਦੀ ਦਿਖਾਈ ਦਿੱਤੀ, ਜਿਸ ਨੂੰ ਏ. ਐੱਸ. ਆਈ. ਸ਼ਰਨਜੀਤ ਸਿੰਘ ਨੇ ਸ਼ੱਕ ਪੈਣ 'ਤੇ ਰੁਕਣ ਦਾ ਇਸ਼ਾਰਾ ਕੀਤਾ, ਜਿਸ 'ਤੇ ਇਕ ਮੋਨਾ ਨੌਜਵਾਨ ਗੱਡੀ ਰੋਕਣ ਉਪਰੰਤ ਘਬਰਾ ਕੇ ਗੱਡੀ ਛੱਡ ਕੇ ਭੱਜਣ ਲੱਗਾ ਪਰ ਪੁਲਸ ਪਾਰਟੀ ਨੇ ਮੁਸਤੈਦੀ ਦਿਖਾਉਂਦਿਆਂ ਉਸ ਨੌਜਵਾਨ ਨੂੰ ਗੱਡੀ ਵਿਚ ਬੈਠੇ ਹੀ ਕਾਬੂ ਕਰਨ ਉਪਰੰਤ ਉਸ ਦਾ ਨਾਂ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਗੁਰਤੇਜ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਰਕਬਾ ਥਾਣਾ ਦਾਖਾ ਦੱਸਿਆ।
ਥਾਣਾ ਮੁਖੀ ਅਨੁਸਾਰ ਕਾਰ ਦੀ ਤਲਾਸ਼ੀ ਲੈਣ 'ਤੇ ਉਸ ਦੀ ਡਿੱਕੀ ਵਿੱਚੋਂ 15 ਪੇਟੀਆਂ ਸ਼ਰਾਬ ਦੇਸੀ ਮਾਰਕਾ ਬਿੰਨੀ ਰਸਭਰੀ ਬਰਾਮਦ ਹੋਈ, ਜਿਸ ਸਬੰਧੀ ਗੁਰਤੇਜ ਸਿੰਘ ਕੋਈ ਵੀ ਲਾਇਸੈਂਸ ਜਾਂ ਪਰਮਿਟ ਪੁਲਸ ਪਾਰਟੀ ਕੋਲ ਪੇਸ਼ ਨਹੀਂ ਕਰ ਸਕਿਆ। ਜਾਣਕਾਰੀ ਅਨੁਸਾਰ ਪੁਲਸ ਪਾਰਟੀ ਵੱਲੋਂ ਉਕਤ ਕਾਰ ਦੇ ਡੈਸ਼ ਬੋਰਡ ਦੀ ਤਲਾਸ਼ੀ ਲੈਣ 'ਤੇ ਉਸ ਵਿੱਚੋਂ ਉਕਤ ਕਾਰ ਹੌਂਡਾ ਇਮੇਜ਼ ਨੰਬਰੀ ਪੀਬੀ-10-ਈਆਰ-7505 ਦੀ ਅਸਲ ਆਰ. ਸੀ. ਬਰਾਮਦ ਹੋਈ, ਜਿਸ 'ਤੇ ਕਥਿਤ ਦੋਸ਼ੀ ਗੁਰਤੇਜ ਸਿੰਘ ਵਿਰੁੱਧ ਥਾਣਾ ਜੋਧਾਂ ਵਿਖੇ ਮੁਕੱਦਮਾ ਨੰਬਰ-121 ਜੁਰਮ 61-1-14 ਆਬਕਾਰੀ ਐਕਟ ਅਤੇ 473 ਆਈ. ਪੀ. ਸੀ. ਤਹਿਤ ਦਰਜ ਕਰ ਲਿਆ ਹੈ। ਇਸ ਸਬੰਧੀ ਥਾਣਾ ਜੋਧਾਂ ਮੁਖੀ ਇੰਸਪੈਕਟਰ ਜਗਜੀਤ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਕਥਿਤ ਦੋਸ਼ੀ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਉਪਰੰਤ ਜੇਲ ਭੇਜ ਦਿੱਤਾ ਹੈ।
ਮਾਲੇਰਕੋਟਲਾ 'ਚ ਇਕ ਵਾਰ ਫਿਰ ਹੋਈ ਕੁਰਾਨ ਸ਼ਰੀਫ ਦੀ ਬੇਅਦਬੀ
NEXT STORY