ਮਾਲੇਰਕੋਟਲਾ (ਮਹਿਬੂਬ, ਜ਼ਹੂਰ, ਯਾਸੀਨ) - ਮਾਲੇਰਕੋਟਲਾ ਵਿਖੇ ਅੱਜ ਇਕ ਵਾਰ ਫਿਰ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਸਬੰਧੀ ਸੂਚਨਾ ਮਿਲਦਿਆਂ ਹੀ ਭਾਰੀ ਫੋਰਸ ਡੀ. ਐੱਸ.ਪੀ. ਯੋਗੀ ਰਾਜ ਦੀ ਅਗਵਾਈ 'ਚ ਮੌਕੇ 'ਤੇ ਪਹੁੰਚ ਗਈ ।
ਜਾਣਕਾਰੀ ਅਨੁਸਾਰ ਮੁਹੰਮਦੀ ਮਸਜਿਦ ਨੇੜੇ ਬੱਸ ਸਟੈਂਡ ਤੋਂ ਦਾਣਾ ਮੰਡੀ ਰੋਡ 'ਤੇ ਪਵਿੱਤਰ ਕੁਰਾਨ ਸ਼ਰੀਫ ਦਾ ਵੱਡਾ ਹਿੱਸਾ ਸੜਕ 'ਤੇ ਖਿੱਲਰਿਆ ਪਿਆ ਸੀ, ਜਿਸ ਨੂੰ ਮਸਜਿਦ 'ਚ ਸਵੇਰ ਦੀ ਨਮਾਜ਼ ਅਦਾ ਕਰਨ ਲਈ ਜਾਣ ਵਾਲੇ ਨਮਾਜ਼ੀਆਂ ਨੇ ਦੇਖਿਆ ਅਤੇ ਇਸ ਦੀ ਇਤਲਾਹ ਤੁਰੰਤ ਪੁਲਸ ਨੂੰ ਦਿੱਤੀ, ਜਿਸ 'ਤੇ ਥਾਣਾ ਸਿਟੀ–1 ਅਤੇ ਥਾਣਾ ਸਿਟੀ-2 ਦੀ ਪੁਲਸ ਫੋਰਸ ਤੁਰੰਤ ਪਹੁੰਚ ਗਈ ।
ਘਟਨਾ ਦੀ ਸੂਚਨਾ ਪੁਲਸ ਨੂੰ ਦੇਣ ਵਾਲੇ ਅਬਦੁਲ ਰੱਜਾਕ ਨੇ ਦੱਸਿਆ ਕਿ ਉਹ ਸਵੇਰੇ ਨਮਾਜ਼ ਪੜ੍ਹਨ ਲਈ ਮਸਜਿਦ ਜਾ ਰਿਹਾ ਸੀ ਕਿ ਜਿਵੇਂ ਹੀ ਕਰਬਲਾ ਦੇ ਨੇੜੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਪਵਿੱਤਰ ਕੁਰਾਨ ਸ਼ਰੀਫ ਦਾ ਬਹੁਤਾ ਹਿੱਸਾ ਖਿੱਲਰਿਆ ਪਿਆ ਸੀ। ਇਸੇ ਤਰ੍ਹਾਂ ਸਬਜ਼ੀ ਮੰਡੀ ਨਾਲ ਲਗਦੀ ਮਸਜਿਦ ਨੇੜੇ ਵੀ ਕੁਰਾਨ ਸ਼ਰੀਫ ਦੀ ਬੇਅਦਬੀ ਕਰ ਕੇ ਸੁੱਟਿਆ ਪਿਆ ਸੀ ਅਤੇ ਨਾਲ ਹੀ ਕਿਲੇ ਨੇੜੇ ਵੀ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੱਤਾ ਹੋਇਆ ਸੀ।
ਅਬਦੁਲ ਰੱਜ਼ਾਕ ਨੇ ਦੱਸਿਆ ਕਿ ਪਵਿੱਤਰ ਕੁਰਾਨ ਦੇ ਪੰਨਿਆਂ ਨੂੰ ਇਕੱਠਾ ਕਰ ਕੇ ਉਲਮਾ ਇਕਰਾਮ ਦੀ ਮੌਜੂਦਗੀ ਵਿਚ ਸਪੁਰਦ-ਏ-ਖਾਕ ਕਰ ਦਿੱਤਾ ਗਿਆ ਹੈ ।
ਅਣਪਛਾਤੇ ਦੋਸ਼ੀਆਂ 'ਤੇ ਮਾਮਲਾ ਦਰਜ
ਓਧਰ ਡੀ. ਐੱਸ. ਪੀ. ਯੋਗੀ ਰਾਜ ਨੇ ਇਸ ਘਟਨਾ 'ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਘਟਨਾ ਸਬੰਧੀ ਥਾਣਾ ਸਿਟੀ-1 ਵਿਚ ਧਾਰਮਿਕ ਭਾਵਨਾਵਾਂ ਭੜਕਾਉਣ ਦੀਆਂ ਧਾਰਾਵਾਂ ਤਹਿਤ ਅਣਪਛਾਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਘਟਨਾ ਨੂੰ ਲੈ ਕੇ ਪੁਲਸ ਵੱਖ-ਵੱਖ ਪਹਿਲੂਆਂ 'ਤੇ ਕੰਮ ਕਰ ਰਹੀ ਹੈ ਤਾਂ ਜੋ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾ ਸਕੇ ।
ਇਕ ਸਾਲ ਪਹਿਲਾਂ ਵੀ ਹੋਈ ਸੀ ਕੁਰਾਨ ਸ਼ਰੀਫ ਦੀ ਬੇਅਦਬੀ
ਵਰਨਣਯੋਗ ਹੈ ਕਿ ਕਰੀਬ ਇਕ ਸਾਲ ਪਹਿਲਾਂ ਵੀ ਰਮਜ਼ਾਨ ਦੇ ਮਹੀਨੇ ਵਿਚ ਸਥਾਨਕ ਜਰਗ ਚੌਕ ਤੋਂ ਖੰਨਾ ਰੋਡ 'ਤੇ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਕਰ ਕੇ ਸੜਕ 'ਤੇ ਸੁੱਟਿਆ ਗਿਆ ਸੀ, ਜਿਸ ਵਿਚ ਪੁਲਸ ਨੇ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਵਿਧਾਇਕ ਨਰੇਸ਼ ਯਾਦਵ ਨੂੰ ਮੁੱਖ ਸਾਜ਼ਿਸ਼ਕਾਰ ਦੇ ਤੌਰ 'ਤੇ ਗ੍ਰਿਫਤਾਰ ਕੀਤਾ ਸੀ ਸਣੇ ਹੋਰਨਾਂ ਗ੍ਰਿਫਤਾਰ ਕੀਤਾ ਸੀ। ਇਹ ਘਟਨਾ ਰਮਜ਼ਾਨ ਦੇ ਮਹੀਨੇ ਅਤੇ ਈਦ ਉਲ ਫਿਤਰ ਤੋਂ ਕੁਝ ਦਿਨ ਪਹਿਲਾਂ ਹੋਈ ਸੀ ਅਤੇ ਅੱਜ ਦੀ ਘਟਨਾ ਵੀ ਬਕਰਈਦ ਤੋਂ ਕੁਝ ਦਿਨ ਪਹਿਲਾਂ ਹੀ ਹੋਈ ਹੈ । ਦੇਖਣਾ ਇਹ ਹੋਵੇਗਾ ਕਿ ਪੁਲਸ ਇਸ ਮਾਮਲੇ ਨੂੰ ਕਿੰਨੀ ਤੇਜ਼ੀ ਨਾਲ ਹੱਲ ਕਰਦੀ ਹੈ ।
ਪ੍ਰਵਾਸੀ ਭਾਰਤੀ ਦੀ ਕੋਠੀ 'ਚੋਂ 2 ਲੱਖ ਦਾ ਸਾਮਾਨ ਚੋਰੀ
NEXT STORY