ਅੱਜ ਸਾਰੀ ਦੁਨੀਆ ਕੋਰੋਨਾ ਦੀ ਲਪੇਟ ਵਿਚ ਹੈ ਅਤੇ ਸਾਡਾ ਦੇਸ਼ ਅਤੇ ਇਸ ਦੇ ਸਾਰੇ ਸੂਬੇ ਇਸ ਭਿਆਨਕ ਖ਼ਤਰੇ ਨੂੰ ਨਜਿੱਠਣ ਲਈ ਕਈ ਤਰ੍ਹਾਂ ਦੇ ਉਪਰਾਲੇ ਕਰ ਰਹੇ ਹਨ। ਇਹ ਕੋਰੋਨਾ ਵਾਇਰਸ ਮਨੁੱਖੀ ਜੀਵਨ ਲਈ ਅਹਿਮ ਖ਼ਤਰਾ ਹੈ ਜਿਸ ਨੇ ਰੋਜ਼ ਦੀ ਜ਼ਿੰਦਗੀ ਨੂੰ ਲੱਗਭੱਗ ਠੱਲ੍ਹ ਪਾ ਦਿੱਤੀ ਹੈ। ਇਸ ਨਾਲ ਖੇਤੀਬਾੜੀ ਸੰਕਟ ਵੀ ਪੈਦਾ ਹੋਇਆ ਹੈ ਕਿਉਂਕਿ ਕਣਕ ਦੀ ਖਰੀਦ ਲਈ ਬੱਸ ਕੁਝ ਹੀ ਦਿਨ ਬਚੇ ਹਨ ਜਦ 1350 ਲੱਖ ਕੁਇੰਟਲ ਤੋਂ ਵੀ ਵੱਧ ਪੈਦਾਵਾਰ ਮੰਡੀਆਂ ਵਿਚ ਆਵੇਗੀ। ਮੰਡੀਆਂ ਵਿਚ ਅਨਾਜ ਦੀ ਏਨੀ ਆਮਦ ਕੋਰੋਨਾ ਦੇ ਖ਼ਤਰੇ ਨਾਲ ਜੂਝ ਰਹੇ ਸਮਾਜ, ਪੰਜਾਬ ਦੀ ਕਿਸਾਨੀ ਅਤੇ ਹੋਰ ਹਿੱਸੇਦਾਰਾਂ ਲਈ ਇਕ ਵੱਡੀ ਚੁਣੌਤੀ ਪੈਦਾ ਕਰੇਗੀ। ਕਿਸਾਨੀ ਨਾਲ ਜੁੜਿਆ ਹਰ ਵਰਗ ਇਸ ਸਮੱਸਿਆ ਦਾ ਹੱਲ ਲੱਭਣ ਲਈ ਜੂਝ ਰਿਹਾ ਹੈ।
ਮੌਜੂਦਾ ਸਥਿਤੀ ਦੌਰਾਨ ਸਰਕਾਰ ਨੇ ਮੰਡੀਆਂ ਵਿਚ ਕਣਕ ਦੀ ਸਿਲਸਿਲੇਵਾਰ ਖਰੀਦ ਦਾ ਫੈਸਲਾ ਲਿਆ ਹੈ ਤਾਂ ਕਿ ਕੋਰੋਨਾ ਦੇ ਸੰਕਟ ਦੌਰਾਨ ਮੰਡੀਆਂ ਵਿਚ ਜ਼ਿਆਦਾ ਇਕੱਠ ਨੂੰ ਰੋਕਿਆ ਜਾ ਸਕੇ। ਅੱਜ ਦੇਸ਼ ’ਚ ਵੱਡੀ ਚੁਣੌਤੀ ਇਹੀ ਹੈ ਕਿ ਕਿਸਾਨੀ ਦੇ ਸੰਭਾਵਿਤ ਨੁਕਸਾਨ ਨੂੰ ਕਿਸ ਤਰ੍ਹਾਂ ਘੱਟ ਤੋਂ ਘੱਟ ਕੀਤਾ ਜਾ ਸਕੇ। ਅੱਜ ਕੋਈ ਵੀ ਖੇਤਰ ਜਾਂ ਤਬਕਾ ਅਜਿਹਾ ਨਹੀਂ ਹੈ ਜਿਸ ਨੂੰ ਕੋਰੋਨਾ ਦੇ ਕਹਿਰ ਕਾਰਣ ਮਾਲੀ ਨੁਕਸਾਨ ਨਾ ਉਠਾਉਣਾ ਪਿਆ ਹੋਵੇ।
ਪੜ੍ਹੋ ਇਹ ਵੀ ਖਬਰ - ਕੋਰੋਨਾ ਨਾਲ ਮਰੇ ਬੰਦੇ ਦੀ ਲਾਸ਼ 48 ਘੰਟਿਆਂ ਬਾਅਦ ਐਲਾਨ ਦਿੱਤੀ ਜਾਵੇਗੀ ਲਾਵਾਰਿਸ (ਵੀਡੀਓ)
ਪੜ੍ਹੋ ਇਹ ਵੀ ਖਬਰ - ਨੌਜਵਾਨ ਦਾ ਖੌਫਨਾਕ ਕਾਰਾ : ਇਕੱਲੀ ਦੇਖ ਔਰਤ ਨੂੰ ਤੇਲ ਪਾ ਜਿਊਂਦਾ ਸਾੜਿਆ
ਮੌਜੂਦਾ ਹਾਲਾਤ ਵਿਚ ਕਣਕ ਦੀ ਇਸ ਖਰੀਦ ਦੇ ਤਰੀਕੇ ਦੇ ਹੱਕ ਵਿਚ ਅਤੇ ਇਸ ਖਿਲਾਫ ਦੋਵੇਂ ਤਰ੍ਹਾਂ ਦੇ ਵਿਚਾਰ ਸਾਹਮਣੇ ਆ ਰਹੇ ਹਨ। ਕੁਝ ਲੋਕ ਇਸ ਖਰੀਦ ਵਿਵਸਥਾ ਉੱਤੇ ਸੁਆਲ ਕਰ ਰਹੇ ਹਨ ਅਤੇ ਕਿਸਾਨਾਂ ਅਤੇ ਹੋਰ ਹਿੱਸੇਦਾਰਾਂ ਨੂੰ ਦਰਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਦਾ ਹਵਾਲਾ ਦੇ ਰਹੇ ਹਨ। ਕੁਝ ਲੋਕ ਇਸ ਵਿਵਸਥਾ ਦੇ ਹੱਕ ਵਿਚ ਆਪਣੇ ਵਿਚਾਰ ਦੇ ਚੁੱਕੇ ਹਨ। ਭਾਵੇਂ ਇਸ ਸਕੀਮ ਖਿਲਾਫ ਉਠੇ ਤਰਕਾਂ ਨੂੰ ਸਿਰੇ ਤੋਂ ਨਕਾਰਿਆ ਨਹੀਂ ਜਾ ਸਕਦਾ, ਫਿਰ ਵੀ ਮੌਜੂਦਾ ਸਥਿਤੀ ਨੂੰ ਨਜਿੱਠਣ ਲਈ ਸਿਲਸਿਲੇਵਾਰ ਖਰੀਦ ਤੋਂ ਇਲਾਵਾ ਕੋਈ ਹੋਰ ਚਾਰਾ ਨਜ਼ਰ ਨਹੀਂ ਆਉਂਦਾ। ਉਹ ਵੀ ਉਸ ਵੇਲੇ ਜਦ ਕੋਰੋਨਾ ਦੀ ਬੀਮਾਰੀ ਨੂੰ ਠੱਲ੍ਹ ਪਾਉਣ ਵਾਸਤੇ ਸਮਾਜਕ ਦੂਰੀ ਬਣਾਉਣੀ ਬਹੁਤ ਜ਼ਰੂਰੀ ਹੈ।
ਪੜ੍ਹੋ ਇਹ ਵੀ ਖਬਰ - ਵਿਧਾਇਕ ਜ਼ੀਰਾ ਵਲੋਂ ਮੁੱਖ ਮੰਤਰੀ ਰਾਹਤ ਫੰਡ ’ਚ ਇਕ ਸਾਲ ਦੀ ਤਨਖਾਹ ਦੇਣ ਦਾ ਐਲਾਨ
ਪੜ੍ਹੋ ਇਹ ਵੀ ਖਬਰ - ਖੇਤੀ ਵਿਭਿੰਨਤਾ ਨੂੰ ਹੁਲਾਰਾ ਦੇਣ ਵਾਲੇ ਸਹਾਇਕ ਧੰਦਿਆਂ ਨੂੰ ਪਈ ਕੋਰੋਨਾ ਦੀ ਮਾਰ, ਆਏ ਬੰਦ ਹੋਣ ਕੰਢੇ
ਸਿਲਸਿਲੇਵਾਰ ਖਰੀਦ ਨੂੰ ਲਾਗੂ ਨਾ ਕਰਨ ਦੀ ਸੂਰਤ ਵਿਚ ਕੁਝ ਹੀ ਦਿਨਾਂ ਦੇ ਅੰਦਰ ਮੰਡੀਆਂ ਵਿਚ ਭਾਰੀ ਮਾਤਰਾ ਵਿਚ ਕਣਕ ਦੀ ਆਮਦ ਮਨੁੱਖੀ ਜੀਵਨ ਲਈ ਖ਼ਤਰਾ ਪੈਦਾ ਕਰੇਗੀ। ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 8 ਹਜ਼ਾਰ ਤੋਂ ਵੀ ਟੱਪ ਗਈ ਹੈ ਅਤੇ ਪਿਛਲੇ 10 ਦਿਨਾਂ ਵਿਚ ਇਹ ਚਾਰ ਗੁਣਾ ਹੋਈ ਹੈ। ਇਸ ਤੋਂ ਹੋਣ ਵਾਲੀਆਂ ਮੌਤਾਂ ਵੀ ਪਿਛਲੇ 10 ਦਿਨਾਂ ਵਿਚ ਪੰਜ ਗੁਣਾ ਹੋ ਗਈਆਂ ਹਨ। ਇਨ੍ਹਾਂ ਅੰਕੜਿਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਕੋਈ ਵੀ ਢਿੱਲ ਇਸ ਗਿਣਤੀ ਨੂੰ ਹਜ਼ਾਰਾਂ ਤੋਂ ਲੱਖਾਂ ਤੱਕ ਪਹੁੰਚਾ ਸਕਦੀ ਹੈ।
ਪੰਜਾਬ ਵਿਚ ਅਜੇ ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਨੇ ਅਜੇ ਵੀ ਖ਼ਤਰਨਾਕ ਰੂਪ ਅਖਤਿਆਰ ਨਹੀਂ ਕੀਤਾ। ਪਰ ਕਣਕ ਦੇ ਮੰਡੀਕਰਨ ਦੇ ਦੌਰਾਨ ਸਮਾਜਿਕ ਦੂਰੀ ਦੇ ਨਿਯਮ ਦੀ ਅਣਗਹਿਲੀ ਮਹਿੰਗੀ ਸਾਬਿਤ ਹੋ ਸਕਦੀ ਹੈ। ਪੰਜਾਬ ਵਿਚ ਕੋਰੋਨਾ ਦੇ ਫੈਲਾਅ ਦੇ ਤੇਜ਼ ਹੋ ਜਾਣ ਨਾਲ ਜਾਨੀ ਤੇ ਮਾਲੀ ਨੁਕਸਾਨ ਵਧੇਗਾ।
ਇਸ ਵਿਚ ਕੋਈ ਦੋ ਰਾਏ ਨਹੀਂ ਕਿ ਮੌਜੂਦਾ ਸਕੀਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਦੌਰਾਨ ਆਉਣ ਵਾਲੀਆਂ ਔਕੜਾਂ ਦੇ ਵੀ ਹੱਲ ਲੱਭਣ ਦੀ ਲੋੜ ਹੈ ਪਰ ਇਹ ਵੀ ਧਿਆਨ ਰੱਖਣਾ ਜ਼ਰੂਰੀ ਹੈ ਕਿ ਕੋਰੋਨਾ ਤੋਂ ਪੈਦਾ ਹੋਈ ਸਮਾਜਕ ਅਤੇ ਆਰਥਿਕ ਚੁਣੌਤੀ ਉਮੀਦ ਕੀਤੇ ਜਾਂ ਰਹੀਆਂ ਵਿਅਕਤੀਗਤ ਚੁਣੌਤੀਆਂ ਨਾਲੋਂ ਵੀ ਵਧੇਰੇ ਗੰਭੀਰ ਹੈ ਅਤੇ ਸਮਾਜ ਦੇ ਹਰ ਵਰਗ ਦੀ ਢੁਕਵੀਂ ਭੂਮਿਕਾ ਦੀ ਉਮੀਦ ਕਰਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਕੀਤੇ ਇਕ ਤਾਜ਼ਾ ਸਰਵੇਖਣ ਵਿਚ ਕਿਸਾਨਾਂ ਨੇ ਇਸ ਤਰ੍ਹਾਂ ਦੀ ਸਿਲਸਿਲੇਵਾਰ ਸਕੀਮ ਦਾ ਸਮਰਥਨ ਕੀਤਾ ਹੈ ਤੇ ਇਸ ਦੌਰਾਨ ਆਉਂਦੇ ਖਰਚੇ ਦੀ ਭਰਪਾਈ ਦੀ ਮੰਗ ਕੀਤੀ ਹੈ। ਇਹ ਸਮਾਂ ਸਾਨੂੰ ਇਕ ਨਵੇਂ ਖਰੀਦ ਢੰਗ ਨੂੰ ਪਰਖਣ ਦਾ ਵੀ ਮੌਕਾ ਪ੍ਰਦਾਨ ਕਰਦਾ ਹੈ ਅਤੇ ਹੋ ਸਕਦਾ ਹੈ ਕਿ ਭਵਿੱਖ ਵਿਚ ਇਹ ਇਕ ਕਾਮਯਾਬ ਮਿਸਾਲ ਕਾਇਮ ਹੋਵੇ।
ਡਾ. ਬਲਦੇਵ ਸਿੰਘ ਢਿੱਲੋਂ
ਵਾਈਸ ਚਾਂਸਲਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ
ਡਾ. ਕਮਲ ਵੱਤਾ
ਪ੍ਰੋਫੈਸਰ ਅਤੇ ਮੁਖੀ
ਆਰਥਿਕ ਅਤੇ ਸਮਾਜਕ ਵਿਭਾਗ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ।
ਲੁਧਿਆਣਾ ਵਾਸੀਆਂ ਲਈ ਚੰਗੀ ਖਬਰ, ਹੁਣ DMC 'ਚ ਹੋਣਗੇ ਕੋਵਿਡ-19 ਦੇ ਟੈਸਟ
NEXT STORY