ਜਲੰਧਰ (ਵਿਕਰਮ)— ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਤੱਕ ਪੰਜਾਬ 'ਚੋਂ ਕੋਰੋਨਾ ਵਾਇਰਸ ਦੇ 102 ਕੇਸ ਪਾਜ਼ੀਟਿਵ ਪਾਏ ਗਏ ਹਨ, ਜਿਨ੍ਹਾਂ 'ਚੋਂ 8 ਦੀ ਮੌਤ ਹੋ ਚੁੱਕੀ ਹੈ। ਜਲੰਧਰ 'ਚ ਪਹਿਲਾਂ 6 ਕੇਸ ਪਾਜ਼ੀਟਿਵ ਪਾਏ ਗਏ ਸਨ, ਜਦਕਿ ਅੱਜ ਨਵਾਂ ਪਾਜ਼ੀਟਿਵ ਕੇਸ ਸਾਹਮਣੇ ਆਉਣ ਨਾਲ ਜਲੰਧਰ 'ਚ ਇਸ ਦੀ ਗਿਣਤੀ 7 ਹੋ ਗਈ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਸਿਵਲ ਹਸਪਤਾਲ 'ਚ ਦਾਖਲ ਨਿਜ਼ਾਤਮ ਨਗਰ ਵਾਸੀ ਨੌਜਵਾਨ ਰਵੀ ਛਾਬੜਾ ਦਾ ਕੋਰੋਨਾ ਵਾਇਰਸ ਦਾ ਟੈਸਟ ਪਾਜ਼ੀਟਿਵ ਪਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਨੌਜਵਾਨ ਦੀ ਮਾਤਾ ਦਾ ਪਹਿਲਾਂ ਹੀ ਕੋਰੋਨਾ ਟੈਸਟ ਪਾਜ਼ੀਟਿਵ ਆ ਚੁੱਕਾ ਹੈ।
ਇਹ ਵੀ ਪੜ੍ਹੋ : ਆਦਮਪੁਰ ਦੇ ਰਹਿਣ ਵਾਲੇ ਵਿਅਕਤੀ ਦੀ ਕੋਰੋਨਾ ਨਾਲ ਨਿਊਯਾਰਕ 'ਚ ਮੌਤ
ਇੰਝ ਆਇਆ ਰਵੀ ਛਾਬੜਾ ਕੋਰੋਨਾ ਦੀ ਲਪੇਟ 'ਚ
ਪਾਜ਼ੀਟਿਵ ਮਰੀਜ਼ ਪਾਏ ਗਏ ਰਵੀ ਛਾਬੜਾ ਦੇ ਨਾਲ ਜਗ ਬਾਣੀ ਦੇ ਪੱਤਰਕਾਰ ਵਿਕਰਮ ਸਿੰਘ ਵੱਲੋਂ ਫੋਨ ਜ਼ਰੀਏ ਗੱਲਬਾਤ ਕੀਤੀ ਗਈ। ਰਵੀ ਛਾਬੜਾ ਨੇ ਦੱਸਿਆ ਕਿ ਉਨ੍ਹਾਂ ਦੀ ਸਿਹਤ ਥੋੜ੍ਹੀ ਜਿਹੀ ਕੁਝ ਠੀਕ ਹੈ। ਲੱਛਣਾਂ ਬਾਰੇ ਦੱਸਦੇ ਹੋਏ ਰਵੀ ਨੇ ਦੱਸਿਆ ਕਿ ਖਾਂਸੀ ਆਉਣ ਦੇ ਨਾਲ-ਨਾਲ ਸਾਹ ਲੈਣ 'ਚ ਵੀ ਬੇਹੱਦ ਦਿੱਕਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਉਸ ਨੂੰ ਇਕ ਹਫਤੇ ਤੋਂ ਖਾਂਸੀ ਅਤੇ ਸਾਹ ਲੈਣ 'ਚ ਦਿੱਕਤ ਆ ਰਹੀ ਸੀ। ਮਾਂ ਦੀ ਸਿਹਤ ਬਾਰੇ ਗੱਲਬਾਤ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਹੁਣ ਉਨ੍ਹਾਂ ਦੀ ਮਾਂ ਠੀਕ ਹੈ ਅਤੇ ਜਲਦੀ ਹੀ ਮਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਵਾਇਰਸ ਨੇ ਫੜੀ ਤੇਜ਼ੀ, ਜਲੰਧਰ 'ਚ ਇਕ ਹੋਰ ਪਾਜ਼ੀਟਿਵ ਕੇਸ ਆਇਆ ਸਾਹਮਣੇ
ਕੋਰੋਨਾ ਦੀ ਲਪੇਟ 'ਚ ਆਉਣ ਬਾਰੇ ਉਨ੍ਹਾਂ ਦੱਸਿਆ ਕਿ ਜਦੋਂ ਮਾਂ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ ਤਾਂ ਉਨ੍ਹਾਂ ਨੂੰ ਮਿਲਣ ਦੇ 10 ਦਿਨਾਂ ਬਾਅਦ ਉਨ੍ਹਾਂ ਨੂੰ ਸਰਦੀ ਲੱਗਣੀ ਸ਼ੁਰੂ ਹੋਈ ਅਤੇ ਫਿਰ ਖਾਂਸੀ ਦੇ ਨਾਲ-ਨਾਲ ਸਾਹ ਲੈਣ 'ਚ ਵੀ ਤਕਲੀਫ ਹੋਣ ਲੱਗ ਗਈ ਸੀ। ਸਿਵਲ ਹਸਪਤਾਲ 'ਚ ਇਲਾਜ ਕਰਵਾ ਰਹੇ ਰਵੀ ਨੇ ਦੱਸਿਆ ਕਿ ਪਹਿਲਾਂ ਵੀ ਉਸ ਦੇ ਟੈਸਟ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਸੀ ਪਰ ਮੁੜ ਹਸਪਤਾਲ 'ਚ ਦਾਖਲ ਹੋਣ ਤੋਂ ਬਾਅਦ ਦੋਬਾਰਾ ਟੈਸਟ ਲਏ ਗਏ ਸਨ, ਜਿਸ ਦੀ ਅੱਜ ਰਿਪੋਰਟ ਪਾਜ਼ੀਟਿਵ ਪਾਈ ਗਈ।
ਇਹ ਵੀ ਪੜ੍ਹੋ : ਕੋਰੋਨਾ 'ਤੇ ਫਤਿਹ ਕਰਨ ਵਾਲੇ ਦਲਜਿੰਦਰ ਨੇ ਸੁਣਾਈ ਹੱਡਬੀਤੀ, ਲੋਕਾਂ ਨੂੰ ਦਿੱਤੀ ਇਹ ਨਸੀਹਤ (ਤਸਵੀਰਾਂ)
ਸਿਵਲ ਹਸਪਤਾਲ 'ਚ ਡਾਕਟਰਾਂ ਵੱਲੋਂ ਕੀਤੇ ਜਾ ਰਹੇ ਇਲਾਜ 'ਤੇ ਚੁੱਕੇ ਸਵਾਲ
ਕੋਰੋਨਾ ਪਾਜ਼ੀਟਿਵ ਮਰੀਜ਼ ਰਵੀ ਛਾਬੜਾ ਨੇ ਸਿਵਲ ਹਸਪਤਾਲ 'ਚ ਡਾਕਟਰਾਂ ਵੱਲੋਂ ਕੀਤੇ ਜਾ ਰਹੇ ਇਲਾਜ 'ਤੇ ਵੀ ਸਵਾਲ ਚੁੱਕੇ ਹਨ। ਇਲਾਜ ਬਾਰੇ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਜਿਹੜੇ ਵੱਡੇ ਡਾਕਟਰ ਹਨ, ਉਹ ਸਿਵਲ ਹਸਪਤਾਲ 'ਚ ਕਿਧਰੇ ਨਜ਼ਰ ਨਹੀਂ ਆ ਰਹੇ ਹਨ ਜਦਕਿ ਛੋਟੇ ਡਾਕਟਰਾਂ ਵੱਲੋਂ ਹੀ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ 'ਚ ਪੂਰੀ ਤਰ੍ਹਾਂ ਚੈੱਕਅਪ ਨਹੀਂ ਕੀਤਾ ਜਾ ਰਿਹਾ ਹੈ ਸਿਰਫ ਡਾਕਟਰ ਦਵਾਈ ਦੇਣ ਹੀ ਆਉਂਦੇ ਹਨ ਅਤੇ ਦਵਾਈ ਦੇ ਕੇ ਚਲੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮੈਂ ਆਪਣੀ ਬੀਮਾਰੀ ਤੋਂ ਹੌਂਸਲਾ ਨਹੀਂ ਹਾਰ ਰਿਹਾ ਸਗੋਂ ਡਾਕਟਰ ਭੱਜ ਰਹੇ ਹਨ।
ਕੋਰੋਨਾ ਦੇ ਡਰੋਂ ਘਰਾਂ 'ਚ ਲੁਕ ਕੇ ਬੈਠ ਗਏ ਨੇ ਵੱਡੇ ਡਾਕਟਰ
ਸਰਕਾਰੀ ਖਾਮੀਆਂ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਵੱਡੇ ਡਾਕਟਰ ਉਂਝ ਇੰਨੀਆਂ ਤਨਖਾਹਾਂ ਲੈਂਦੇ ਹਨ ਪਰ ਅੱਜ ਹੁਣ ਕੋਰੋਨਾ ਦੇ ਡਰੋਂ ਵੱਡੇ ਡਾਕਟਰ ਘਰਾਂ 'ਚ ਲੁਕ ਕੇ ਬੈਠ ਗਏ ਹਨ। ਉਨ੍ਹਾਂ ਕਿਹਾ ਕਿ ਇਕ ਡਾਕਟਰ ਪੂਨਮ ਹੈ, ਜੋ ਬੇਹੱਦ ਸੇਵਾ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਮੇਰੀ ਇਕ ਘੰਟੇ ਤੱਕ ਆਕਸੀਜ਼ਨ ਬੰਦ ਰਹੀ ਹੈ ਅਤੇ ਮੈਂ ਆਵਾਜ਼ਾਂ ਮਾਰਦਾ ਪਰ ਕੋਈ ਨਹੀਂ ਆਇਆ। ਉਨ੍ਹਾਂ ਕਿਹਾ ਕਿ ਵੱਡੇ ਡਾਕਟਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਮਰੀਜ਼ਾਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਨ। ਉਨ੍ਹਾਂ ਕਿਹਾ ਕਿ ਮੈਨੂੰ ਇਕ ਵਾਰਡ 'ਚ ਵੱਖਰਾ ਪਾ ਦਿੱਤਾ ਗਿਆ ਹੈ ਜਦਕਿ ਇਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਕ ਸੀਨੀਅਰ ਡਾਕਟਰ ਮਰੀਜ਼ ਦੇ ਕੋਲ ਰਹੇ।
ਇਹ ਵੀ ਪੜ੍ਹੋ : ਫਤਿਹ ਸਿੰਘ ਤੋਂ ਬਾਅਦ ਨਵਾਂਸ਼ਹਿਰ 'ਚ 7 ਹੋਰ ਮਰੀਜ਼ਾਂ ਨੇ ਹਾਸਲ ਕੀਤੀ ਕੋਰੋਨਾ 'ਤੇ 'ਫਤਿਹ'
ਚੰਡੀਗੜ੍ਹ ਦੀ ਕੁੜੀ ਦਾ ਇਲਾਜ ਕਰਨ ਵਾਲੇ ਡਾਕਟਰ ਨੇ ਦਿੱਤਾ ਹੌਸਲਾ
ਉਥੇ ਹੀ ਚੰਡੀਗੜ੍ਹ ਵਿਖੇ ਠੀਕ ਹੋਈ ਲੜਕੀ ਦੇ ਡਾ. ਰਾਜਿੰਦਰ ਭੂਸ਼ਣ ਨਾਲ ਵੀ ਰਵੀ ਛਾਬੜਾ ਦੀ ਗੱਲਬਾਤ ਕਰਵਾਈ ਗਈ। ਡਾ. ਰਾਜਿੰਦਰ ਨੇ ਰਵੀ ਨੂੰ ਹੌਸਲਾ ਰੱਖਣ ਦੀ ਨਸੀਹਤ ਦਿੱਤੀ। ਰਵੀ ਛਾਬੜਾ ਵੱਲੋਂ ਲਾਏ ਗਏ ਦੋਸ਼ਾਂ 'ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਸਾਰੇ ਡਾਕਟਰ ਮਰੀਜ਼ਾਂ ਦੇ ਟ੍ਰੀਟਮੈਂਟ 'ਚ ਹੀ ਰੁੱਝੇ ਹੋਏ ਹਨ। ਉਨ੍ਹਾਂ ਕਿਹਾ ਕਿ ਛੋਟੇ-ਵੱਡੇ ਡਾਕਟਰ ਦੀ ਕੋਈ ਗੱਲ ਨਹੀਂ ਹੁੰਦੀ, ਸਾਰੇ ਡਾਕਟਰ ਇਲਾਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਇਲਾਜ ਦੌਰਾਨ ਸਾਹ ਲੈਣ 'ਤੇ ਕੋਈ ਦਿੱਕਤ ਨਾ ਆਉਂਦੀ ਹੋਵੇ ਤਾਂ ਕਈ ਵਾਰ ਆਕਸੀਜ਼ਨ ਉਤਾਰੀ ਵੀ ਜਾਂਦੀ ਹੈ। ਉਥੇ ਹੀ ਜਦੋਂ ਇਸ ਸਬੰਧੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਰਾਬਤਾ ਕਰਨ ਦੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨਾਲ ਰਾਬਤਾ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ : ਜਲੰਧਰ ਵਾਸੀਆਂ ਲਈ ਅਹਿਮ ਖਬਰ, ਡੀ. ਸੀ. ਨੇ ਜਾਰੀ ਕੀਤੇ ਇਹ ਨਵੇਂ ਹੁਕਮ
ਚੰਡੀਗੜ੍ਹ ਦੀ ਠੀਕ ਹੋਈ ਕੁੜੀ ਨੇ ਦਿੱਤਾ ਦਿਲਾਸਾ, ਕਿਹਾ-ਬੀਮਾਰੀ ਤੋਂ ਘਬਰਾਉਣ ਦੀ ਲੋੜ ਨਹੀਂ
ਉਥੇ ਹੀ ਚੰਡੀਗੜ੍ਹ ਤੋਂ ਠੀਕ ਹੋਈ ਕੁੜੀ ਨਾਲ ਰਾਬਤਾ ਕਰਵਾਉਣ 'ਤੇ ਉਨ੍ਹਾਂ ਨੇ ਰਵੀ ਛਾਬੜਾ ਨੂੰ ਕਿਹਾ ਕਿ ਇਸ ਬੀਮਾਰੀ ਤੋਂ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਨੈਗੇਟਿਵ ਸੋਚਾਂਗੇ ਤਾਂ ਸਾਨੂੰ ਜ਼ਿਆਦਾ ਪਰੇਸ਼ਾਨੀ ਹੋਵੇਗੀ। ਉਨ੍ਹਾਂ ਦੱਸਿਆ ਕਿ 14 ਦਿਨਾਂ ਤੋਂ ਬਾਅਦ ਤੁਸੀਂ ਬਿਲਕੁਲ ਠੀਕ ਹੋ ਜਾਵੋਗੇ। ਇਸ ਤੋਂ ਬਿਲਕੁਲ ਵੀ ਘਬਰਾਉਣਾ ਨਹੀਂ ਹੈ। ਜਦੋਂ ਮੇਰੀ ਰਿਪੋਰਟ ਪਾਜ਼ੀਟਿਵ ਆਈ ਸੀ ਤਾਂ ਮੈਂ ਵੀ ਡਰ ਗਈ ਸੀ ਅਤੇ ਮੈਂ ਵੀ ਪੂਰਾ ਹੌਸਲਾ ਛੱਡ ਗਈ ਸੀ ਪਰ ਬਾਅਦ 'ਚ ਹੌਲੀ-ਹੌਲੀ ਮੈਂ ਇਸ 'ਤੇ ਕਾਬੂ ਪਾ ਕੇ ਇਸ ਬੀਮਾਰੀ ਨੂੰ ਮਾਤ ਦਿੱਤੀ।
ਕੋਰੋਨਾ ਨਾਲ ਨਜਿੱਠਣ ਦਾ ਰਾਹ: ਸਿੱਖਿਆ ਵਿਭਾਗ ਪੰਜਾਬ ਨੇ ਕੀਤਾ ਆਨਲਾਈਨ ਪੜ੍ਹਾਈ ਦਾ ਪ੍ਰਬੰਧ
NEXT STORY