ਜਲੰਧਰ, (ਖੁਰਾਣਾ)- ਫਰਵਰੀ ਮਹੀਨਾ ਬੀਤਣ ਨੂੰ ਹੈ ਪਰ ਅਜੇ ਤੱਕ ਕਿਸੇ ਨਿਗਮ ਕਰਮਚਾਰੀ ਨੂੰ ਤਨਖਾਹ ਨਹੀਂ ਮਿਲੀ, ਜਿਸ ਕਾਰਨ ਨਿਗਮ ਕਰਮਚਾਰੀਆਂ ਵਿਚ ਰੋਸ ਹੈ ਪਰ ਹੁਣ ਤਨਖਾਹ ਨਾ ਮਿਲਣ ਸਬੰਧੀ ਸੰਘਰਸ਼ 'ਤੇ ਬਦਸਲੂਕੀ ਮਾਮਲਾ ਹਾਵੀ ਹੁੰਦਾ ਨਜ਼ਰ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਕੱਲ ਇਕ ਪਾਸੇ ਜਿੱਥੇ ਸੈਂਕੜੇ ਨਿਗਮ ਕਰਮਚਾਰੀ ਤਨਖਾਹ ਨਾ ਮਿਲਣ ਕਾਰਨ ਆਫਿਸ ਕੰਪਲੈਕਸ ਦੇ ਸਾਹਮਣੇ ਸੰਘਰਸ਼ ਕਰ ਰਹੇ ਸਨ ਤਾਂ ਉਸ ਵੇਲੇ ਨਿਗਮ ਵਿਚ ਇਕ ਬੈਠਕ ਦੇ ਸਿਲਸਿਲੇ ਵਿਚ ਆਏ ਕਾਂਗਰਸੀ ਵਿਧਾਇਕਾਂ ਦੇ ਨਾਲ ਨਿਗਮ ਕਰਮਚਾਰੀਆਂ ਤੇ ਯੂਨੀਅਨ ਆਗੂਆਂ ਦੀ ਜ਼ਬਰਦਸਤ ਬਹਿਸ ਹੋਈ। ਪਹਿਲਾਂ ਵਿਧਾਇਕ ਪਰਗਟ ਸਿੰਘ ਨੇ ਨਿਗਮ ਕਰਮਚਾਰੀਆਂ ਨੂੰ ਕਹਿ ਦਿੱਤਾ 'ਕਿਸੇ ਤਰ੍ਹਾਂ ਦੇ ਭੁਲੇਖੇ 'ਚ ਨਾ ਰਹਿਣਾ' ਤੇ ਉਸ ਤੋਂ ਬਾਅਦ ਵਿਧਾਇਕ ਬਾਵਾ ਹੈਨਰੀ ਅਚਾਨਕ ਅੱਗ ਬਬੂਲਾ ਹੋ ਗਏ ਤੇ ਉਨ੍ਹਾਂ ਇਕ ਨਿਗਮ ਕਰਮਚਾਰੀ ਨੂੰ ਗੁੱਸੇ ਵਿਚ 'ਚੱਲ ਚੱਲ ਦਫਾ ਹੋ ਜਾ' ਕਹਿ ਦਿੱਤਾ।
ਇਸ ਘਟਨਾ ਨੂੰ ਲੈ ਕੇ ਨਿਗਮ ਯੂਨੀਅਨਾਂ ਵਿਚ ਅੱਜ ਵੀ ਜ਼ਬਰਦਸਤ ਰੋਸ ਵੇਖਣ ਨੂੰ ਮਿਲਿਆ ਤੇ ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਚੰਦਨ ਗਰੇਵਾਲ ਦੀ ਅਗਵਾਈ ਵਿਚ ਨਿਗਮ ਕਰਮਚਾਰੀਆਂ ਨੇ 'ਚਾਰੇ ਐੱਮ. ਐੱਲ. ਏ. ਮੁਰਦਾਬਾਦ' ਦੇ ਨਾਅਰੇ ਲਾਏ ਤੇ ਸਾਫ ਸ਼ਬਦਾਂ ਵਿਚ ਕਿਹਾ ਕਿ ਹੁਣ ਤਨਖਾਹ ਨਾ ਮਿਲਣ ਬਾਰੇ ਚੱਲ ਰਹੇ ਸੰਘਰਸ਼ ਵਿਚ ਕਰਮਚਾਰੀਆਂ ਦੇ ਸਨਮਾਨ ਦਾ ਮੁੱਦਾ ਵੀ ਜੁੜ ਗਿਆ ਹੈ।
ਸ਼੍ਰੀ ਗਰੇਵਾਲ ਨੇ ਕਿਹਾ ਕਿ ਘਟਨਾ ਦੀ ਵੀਡੀਓ ਤੋਂ ਸਪੱਸ਼ਟ ਹੈ ਕਿ ਵਿਧਾਇਕ ਪਰਗਟ ਸਿੰਘ ਤੇ ਵਿਧਾਇਕ ਬਾਵਾ ਹੈਨਰੀ ਨੇ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ। ਕਰਮਚਾਰੀ ਨਾ ਕਿਸੇ ਤੋਂ ਡਰਦੇ ਹਨ ਤੇ ਨਾ ਹੀ ਕਿਸੇ ਨੂੰ ਡਰਾਉਂਦੇ ਹਨ ਪਰ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਜਾਣਦੇ ਹਨ। ਪਿਛਲੇ ਸਮੇਂ ਵਿਚ ਵੱਡਿਆਂ ਵੱਡਿਆਂ ਦੇ ਭੁਲੇਖੇ ਕੱਢੇ ਹਨ ਤੇ ਅੱਗੇ ਵੀ ਅਜਿਹਾ ਕਰਦੇ ਰਹਾਂਗੇ।
ਆਪ ਤਾਂ ਤਨਖਾਹਾਂ ਲੈ ਕੇ ਬੈਠ ਗਏ ਨੇ ਵਿਧਾਇਕ
ਚੰਦਨ ਗਰੇਵਾਲ ਤੇ ਹੋਰ ਯੂਨੀਅਨ ਆਗੂਆਂ ਨੇ ਕਿਹਾ ਕਿ ਜਦੋਂ ਤੋਂ ਕਾਂਗਰਸ ਸਰਕਾਰ ਆਈ ਹੈ, ਨਿਗਮ ਕਰਮਚਾਰੀਆਂ ਨੂੰ ਮਹੀਨਾ-ਮਹੀਨਾ ਦੇਰ ਨਾਲ ਤਨਖਾਹ ਮਿਲ ਰਹੀ ਹੈ। ਆਪ ਤਾਂ ਵਿਧਾਇਕ ਸਮੇਂ-ਸਮੇਂ 'ਤੇ ਲੱਖਾਂ ਰੁਪਏ ਤਨਖਾਹ ਲੈ ਲੈਂਦੇ ਹਨ ਪਰ 15-20 ਹਜ਼ਾਰ ਰੁਪਏ ਤਨਖਾਹ ਲੈਣ ਵਾਲੇ ਸਫਾਈ ਕਰਮਚਾਰੀ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਨ੍ਹਾਂ ਨੂੰ ਨਹੀਂ ਪਤਾ। ਸ਼੍ਰੀ ਗਰੇਵਾਲ ਕੋਲੋਂ ਪੁੱਛਿਆ ਗਿਆ ਕਿ ਜੇਕਰ ਪੰਜਾਬ ਸਰਕਾਰ ਨੇ ਮਾਰਚ ਮਹੀਨੇ ਵਿਚ ਤਨਖਾਹ ਰਿਲੀਜ਼ ਕੀਤੀ (ਜਿਸ ਦੀ ਕਿ ਸੰਭਾਵਨਾ ਲੱਗ ਰਹੀ ਹੈ) ਤਾਂ ਐਕਸ਼ਨ ਪਲਾਨ ਕੀ ਹੋਵੇਗਾ ਤਾਂ ਚੰਦਨ ਨੇ ਕਿਹਾ ਕਿ ਜਦੋਂ ਤੱਕ ਤਨਖਾਹ ਨਹੀਂ ਮਿਲਦੀ, ਹੜਤਾਲ ਜਾਰੀ ਰਹੇਗੀ। ਜੇਕਰ ਮਾਰਚ ਵਿਚ ਤਨਖਾਹ ਮਿਲਦੀ ਹੈ ਤਾਂ ਮਾਰਚ ਤੱਕ ਹੜਤਾਲ ਚੱਲੇਗੀ।
ਕੈਂਟ ਤੇ ਨਾਰਥ ਹਲਕੇ ਦਾ ਕੰਮ ਠੱਪ ਕਰਨ ਦੀ ਸੀ ਯੋਜਨਾ
ਚੰਦਨ ਗਰੇਵਾਲ ਨੇ ਦੱਸਿਆ ਕਿ ਬੁੱਧਵਾਰ ਨੂੰ ਵਿਧਾਇਕ ਪਰਗਟ ਸਿੰਘ ਤੇ ਬਾਵਾ ਹੈਨਰੀ ਨੇ ਵਾਲਮੀਕਿ ਭਾਈਚਾਰੇ ਅਤੇ ਨਿਗਮ ਕਰਮਚਾਰੀਆਂ ਨਾਲ ਜਿਹੋ ਜਿਹਾ ਵਿਵਹਾਰ ਕੀਤਾ, ਉਸ ਨਾਲ ਸਮਾਜ ਵਿਚ ਗੁੱਸੇ ਦੀ ਲਹਿਰ ਹੈ।
ਕਈ ਆਗੂਆਂ ਨੇ ਸੁਝਾਅ ਦਿੱਤਾ ਸੀ ਕਿ ਜਲੰਧਰ ਕੈਂਟ ਤੇ ਨਾਰਥ ਵਿਧਾਨ ਸਭਾ ਹਲਕੇ ਦਾ ਸਫਾਈ ਨਾਲ ਸਬੰਧਤ ਸਾਰਾ ਕੰਮ ਠੱਪ ਕਰ ਦਿੱਤਾ ਜਾਵੇ ਪਰ ਲੋਕਾਂ ਦੇ ਹਿੱਤ ਨੂੰ ਵੇਖਦਿਆਂ ਫਿਲਹਾਲ ਅਜਿਹਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਧਰਨਾ ਸ਼ਾਂਤਮਈ ਸੀ ਪਰ ਵਿਧਾਇਕਾਂ ਨੇ ਮਾਹੌਲ ਨੂੰ ਖਰਾਬ ਕੀਤਾ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿਚ ਮੇਅਰ ਦਾ ਕੋਈ ਦੋਸ਼ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਪਿਛਲੇ ਦਿਨੀਂ ਹੀ ਆਪਣਾ ਅਹੁਦਾ ਸੰਭਾਲਿਆ ਹੈ।
ਪਰਗਟ ਤਾਂ ਪਿਛਲੀ ਸਰਕਾਰ ਦਾ ਵੀ ਹਿੱਸਾ ਸਨ
ਯੂਨੀਅਨ ਆਗੂਆਂ ਨੇ ਕਿਹਾ ਕਿ ਅੱਜ ਵਿਧਾਇਕ ਪਰਗਟ ਸਿੰਘ ਕਹਿ ਰਹੇ ਹਨ ਕਿ ਤਨਖਾਹ ਦੇਰ ਨਾਲ ਮਿਲਣ ਦਾ ਕਾਰਨ ਅਕਾਲੀ-ਭਾਜਪਾ ਸਰਕਾਰ ਹੈ, ਜਿਸ ਨੇ ਪੰਜਾਬ ਦੇ ਖਜ਼ਾਨੇ ਖਾਲੀ ਕਰ ਦਿੱਤੇ।
ਉਨ੍ਹਾਂ ਕਿਹਾ ਕਿ ਪਰਗਟ ਸਿੰਘ ਸ਼ਾਇਦ ਭੁੱਲ ਰਹੇ ਹਨ ਕਿ ਪਿਛਲੀ ਸਰਕਾਰ ਦਾ ਵੀ ਉਹ ਅਹਿਮ ਹਿੱਸਾ ਸਨ ਤੇ ਸੁਖਬੀਰ ਦੇ ਖਾਸਮਖਾਸ ਸਨ। ਅੱਜ ਉਨ੍ਹਾਂ ਨੀਲੀ ਪੱਗ ਲਾ ਕੇ ਸਫੈਦ ਪੱਗ ਬੰਨ੍ਹ ਲਈ ਹੈ ਤੇ ਦਲ ਬਦਲ ਲਿਆ ਹੈ। ਯੂਨੀਅਨ ਆਗੂਆਂ ਨੇ ਚਾਰਾਂ ਵਿਧਾਇਕਾਂ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਵਿਧਾਇਕ ਸਾਨੂੰ ਦਾਸ ਤੇ ਖੁਦ ਨੂੰ ਮਹਾਰਾਜਾ ਸਮਝਣ ਲੱਗ ਪਏ ਹਨ ਪਰ ਹੁਣ ਸਮਾਜ ਚੁੱਪ ਨਹੀਂ ਬੈਠੇਗਾ।
ਦੁਕਾਨਦਾਰਾਂ ਨੂੰ ਬੇਵਕੂਫ਼ ਬਣਾ ਕੇ ਨਕਦੀ ਕੱਢਣ ਵਾਲਾ ਗਿਰੋਹ ਸਰਗਰਮ
NEXT STORY