ਫਾਜ਼ਿਲਕਾ, (ਨਾਗਪਾਲ)- ਫਾਜ਼ਿਲਕਾ ਜ਼ਿਲੇ ਦੀ ਮੰਡੀ ਰੋੜਾਂਵਾਲੀ ਅਤੇ ਆਲੇ-ਦੁਆਲੇ ਦੇ ਪਿੰਡਾਂ ਅੰਦਰ ਦੁਕਾਨਦਾਰਾਂ ਨੂੰ ਬੇਵਕੂਫ਼ ਬਣਾ ਕੇ ਗੱਲੇ 'ਚੋਂ ਨਕਦੀ ਕੱਢਣ ਵਾਲਾ ਇਕ ਗਿਰੋਹ ਬਹੁਤ ਸਰਗਰਮ ਹੈ ਅਤੇ ਅੱਜ ਬਾਅਦ ਦੁਪਹਿਰ ਮੰਡੀ ਰੋੜਾਂਵਾਲੀ ਦੇ ਦੋ ਦੁਕਾਨਦਾਰਾਂ ਨੂੰ ਇਸ ਗਿਰੋਹ ਵੱਲੋਂ ਆਪਣੇ ਸ਼ਾਤਿਰ ਦਿਮਾਗ ਨਾਲ ਉਕਸਾ ਕੇ ਗੱਲੇ ਵਿਚੋਂ ਨਕਦੀ ਕੱਢ ਕੇ ਫਰਾਰ ਹੋ ਜਾਣ ਦਾ ਸਮਾਚਾਰ ਹੈ।
ਜਾਣਕਾਰੀ ਦਿੰਦੇ ਹੋਏ ਠੱਗੀ ਦਾ ਸ਼ਿਕਾਰ ਹੋਏ ਸੀਰਤ ਡੇਅਰੀ ਦੇ ਮਾਲਕ ਗੁਰਜਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਅੱਜ ਦੁਪਹਿਰ ਨੂੰ ਦੋ ਨੌਜਵਾਨ ਉਸ ਦੀ ਦੁਕਾਨ 'ਤੇ ਮੱਖਣ ਖਰੀਦਣ ਲਈ ਆਏ ਅਤੇ ਉਸ ਨੂੰ 2 ਹਜ਼ਾਰ ਰੁਪਏ ਦਾ ਨੋਟ ਦਿੱਤਾ। ਜਦ ਉਹ 2 ਹਜ਼ਾਰ ਰੁਪਏ 'ਚੋਂ 175 ਰੁਪਏ ਕੱਟ ਕੇ ਬਾਕੀ ਦੇ ਪੈਸੇ ਵਾਪਸ ਕਰ ਕੇ ਮੱਖਣ ਲੈਣ ਲਈ ਦੁਕਾਨ ਅੰਦਰ ਗਿਆ ਤਾਂ ਉਕਤ ਨੌਜਵਾਨਾਂ ਵਿਚੋਂ ਇਕ ਨੇ ਉਸ ਨੂੰ ਗੱਲਾਂ 'ਚ ਉਲਝਾ ਲਿਆ ਅਤੇ ਦੂਸਰੇ ਨੇ ਗੱਲੇ 'ਚ ਪਿਆ ਹੋਇਆ ਦੋ ਹਜ਼ਾਰ ਰੁਪਏ ਦਾ ਨੋਟ ਕੱਢ ਲਿਆ, ਜਿਸ ਦਾ ਪਤਾ ਉਕਤ ਦੁਕਾਨਦਾਰ ਨੂੰ ਨੌਜਵਾਨਾਂ ਦੇ ਜਾਣ ਤੋਂ ਬਾਅਦ ਲੱਗਿਆ।
ਇਸੇ ਤਰ੍ਹਾਂ ਹੀ ਪਿੰਡ ਹਲੀਮ ਵਾਲਾ ਰੋਡ 'ਤੇ ਸਥਿਤ ਬੀਕਾਨੇਰ ਸਵੀਟ ਹਾਊਸ ਵਿਚ ਵੀ ਠੱਗ ਨੌਜਵਾਨਾਂ ਨੇ ਦੁਕਾਨਦਾਰ ਨੂੰ ਬੇਵਕੂਫ ਬਣਾ ਕੇ ਠੱਗੀ ਮਾਰੀ। ਠੱਗੀ ਮਾਰਨ ਵਾਲੇ ਦੋਵਾਂ ਨੌਜਵਾਨਾਂ ਦੀਆਂ ਫੋਟੋਆਂ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈਆਂ ਹਨ। ਲੋਕਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਠੱਗੀ ਮਾਰਨ ਵਾਲੇ ਨੌਜਵਾਨਾਂ ਨੂੰ ਜਲਦੀ ਕਾਬੂ ਕੀਤਾ ਜਾਵੇ, ਤਾਂ ਕਿ ਲੋਕਾਂ ਨੂੰ ਹੋਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਬਚਾਇਆ ਜਾ ਸਕੇ।
ਪਾਣੀ ਦੇ ਬਿੱਲਾਂ ਦੀ ਵਸੂਲੀ 'ਚ ਆਉਣ ਲੱਗੀ ਤੇਜ਼ੀ
NEXT STORY