ਅੰਮ੍ਰਿਤਸਰ (ਵੜੈਚ)- ਸ਼ਹਿਰ 'ਚ ਗੈਰ-ਕਾਨੂੰਨੀ ਤਰੀਕੇ ਨਾਲ ਚਲਦੇ ਪੀਣ ਦੇ ਪਾਣੀ ਅਤੇ ਸੀਵਰੇਜ ਦੇ ਕੁਨੈਕਸ਼ਨ ਨਿਗਮ ਦੇ ਖਜ਼ਾਨੇ ਨੂੰ ਲੱਖਾਂ ਦਾ ਚੂਨਾ ਲਾ ਰਹੇ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਸਭ ਪਤਾ ਹੋਣ ਦੇ ਬਾਵਜੂਦ ਕਿਸੇ 'ਤੇ ਕੋਈ ਵੀ ਖਾਸ ਕਾਰਵਾਈ ਨਹੀਂ ਕੀਤੀ ਜਾ ਰਹੀ। ਇਹ ਵੀ ਵੇਖਣ ਵਿਚ ਆਇਆ ਹੈ ਕਿ ਮਹਾਨਗਰ ਵਿਚ ਨਿਗਮ ਦੇ ਖਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਾਉਣ ਵਾਲੇ ਮੋਟੇ ਅਤੇ ਤਰੋ-ਤਾਜ਼ਾ ਮਗਰਮੱਛਾਂ ਨੂੰ ਸ਼ੈਲਟਰ ਦਿੱਤਾ ਜਾ ਰਿਹਾ ਹੈ। ਕਰੋੜਾਂ ਰੁਪਏ ਪੀਣ ਦੇ ਪਾਣੀ ਅਤੇ ਸੀਵਰੇਜ ਦੇ ਬਿੱਲਾਂ ਦੇ ਲੈਣਦਾਰ ਹੋਣ ਦੇ ਬਾਵਜੂਦ ਪਿਛਲੇ ਸਾਲਾਂ 'ਚ ਵਿਭਾਗ ਆਪਣਾ ਟਾਰਗੇਟ ਪੂਰਾ ਕਰਨ ਤੋਂ ਵੀ ਪਿੱਛੜ ਰਿਹਾ ਹੈ। ਪਿਛਲੇ ਸਰਕਾਰੀ ਸਾਲ ਦੌਰਾਨ ਕਰੀਬ 24 ਕਰੋੜ ਵਿਚੋਂ ਵਿਭਾਗ ਦੀ ਪੂਰੀ ਟੀਮ ਪੂਰੇ ਸਾਲ 'ਚ ਸਿਰਫ ਕਰੀਬ 15 ਕਰੋੜ ਹੀ ਇਕੱਠੇ ਕਰ ਕੇ ਫਾਡੀ ਰਹੀ ਸੀ ਜਦਕਿ ਸਾਲ 2017-18 ਲਈ ਫਿਰ 26 ਕਰੋੜ ਦਾ ਟਾਰਗੇਟ ਮਿਲ ਚੁਕਾ ਹੈ, ਜਿਸ ਨੂੰ ਪੂਰਾ ਕਰਨਾ ਰੱਬ ਆਸਰੇ ਹੋਵੇਗਾ।
ਜ਼ਮੀਨੀ ਪੱਧਰ 'ਤੇ ਨਹੀਂ ਹੋ ਰਿਹਾ ਕੰਮ :
ਗਲਤ ਤਰੀਕੇ ਨਾਲ ਚਲ ਰਹੇ ਕੁਨੈਕਸ਼ਨਾਂ ਨੂੰ ਰੈਗੂਲਰ ਕਰਨ ਲਈ ਕੈਂਪ ਲਾ ਕੇ ਖਾਨਾਪੂਰਤੀ ਕੀਤੀ ਜਾਂਦੀ ਹੈ ਪਰ ਜ਼ਮੀਨੀ ਪੱਧਰ 'ਤੇ ਕੰਮ ਨਹੀਂ ਹੋ ਰਿਹਾ। ਗੈਰ-ਕਾਨੂੰਨੀ ਕੁਨੈਕਸ਼ਨਾਂ ਨੂੰ ਰੈਗੂਲਰ ਕਰਨ ਲਈ ਕਈ ਵਾਰੀ ਕੈਂਪ ਦੇ ਨਾਂ 'ਤੇ ਵਾਰ-ਵਾਰ ਸਮਾਂ ਦਿੱਤਾ ਜਾ ਰਿਹਾ ਹੈ। ਪਿਛਲੇ ਕੈਂਪ ਦੌਰਾਨ ਹਜ਼ਾਰਾਂ ਡਿਫਾਲਟਰਾਂ 'ਚੋਂ ਸਿਰਫ 495 ਲੋਕਾਂ ਨੇ ਹੀ ਕੁਨੈਕਸ਼ਨ ਫੀਸ ਤੇ ਪੈਚਿੰਗ ਚਾਰਜਿਜ਼ ਜਮ੍ਹਾ ਕਰਵਾਏ ਸਨ।
ਮੈਨ ਪਾਵਰ ਦੀ ਵੀ ਭਾਰੀ ਕਮੀ : ਨਿਗਮ ਦੇ ਓ. ਐਂਡ ਐੱਮ ਵਿਭਾਗ 'ਚ ਮੈਨ ਪਾਵਰ ਦੀ ਵੀ ਭਾਰੀ ਕਮੀ ਦੇਖਣ ਨੂੰ ਮਿਲ ਰਹੀ ਹੈ, ਪੂਰੇ ਸ਼ਹਿਰ ਨੂੰ 33 ਡਵੀਜ਼ਨਾਂ 'ਚ ਵੰਡਿਆ ਗਿਆ ਹੈ ਪਰ 33 ਡਵੀਜ਼ਨਾਂ 'ਚ ਕੰਮ ਕਰਨ ਲਈ ਸਿਰਫ 22 ਕਰਮਚਾਰੀ ਹੀ ਹਨ। ਉਨ੍ਹਾਂ 'ਚੋਂ ਵੀ ਮਾਲੀ-ਕਮ-ਚੌਕੀਦਾਰ, ਟਿਊਬਵੈੱਲ ਆਪ੍ਰੇਟਰ ਤੇ ਹੋਰ ਦਰਜਾ ਚਾਰ ਕਰਮਚਾਰੀ ਸ਼ਾਮਲ ਹਨ। ਸਥਾਨਕ ਸਰਕਾਰਾਂ ਮੰਤਰੀ ਨੂੰ ਵਿਭਾਗ 'ਚ ਕਰਮਚਾਰੀਆਂ ਦੀ ਕਮੀ ਨੂੰ ਖਤਮ ਕਰਨ ਲਈ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਵੀ ਹੈ।
19 ਕਰੋੜ ਦੀ ਆਊਟਸਟੈਂਡਿੰਗ : ਵਾਟਰ ਤੇ ਸੀਵਰੇਜ ਵਿਭਾਗ ਨਗਰ ਨਿਗਮ ਦੇ ਰਿਕਾਰਡ ਮੁਤਾਬਕ ਲੋਕਾਂ ਕੋਲੋਂ 19 ਕਰੋੜ ਦੀ ਆਊਟਸਟੈਂਡਿੰਗ ਹੈ ਪਰ ਅਧਿਕਾਰੀਆਂ ਦੀ ਮੌਜ-ਮਸਤੀ ਕਾਰਨ ਨਿਗਮ ਦੇ 19 ਕਰੋੜ 'ਤੇ ਕਈ ਡਿਫਾਲਟਰ ਐਸ਼ ਕਰ ਰਹੇ ਹਨ। ਅੰਮ੍ਰਿਤਸਰ ਵਿਚ ਕਰੀਬ 11 ਘੰਟਿਆਂ ਦੀ ਵਾਟਰ ਸਪਲਾਈ ਦੀ ਸਹੂਲਤ ਤਾਂ ਦਿੱਤੀ ਜਾ ਰਹੀ ਹੈ ਪਰ ਹਰ ਸਾਲ ਪੀਣ ਦਾ ਪਾਣੀ ਜ਼ਮੀਨੀ ਪੱਧਰ ਤੋਂ 1 ਮੀਟਰ ਹੇਠਾਂ ਜਾ ਰਿਹਾ ਹੈ। 50 ਫੁੱਟ ਤੋਂ ਮਿਲਣ ਵਾਲੇ ਪਾਣੀ ਦਾ ਲੈਵਲ 100 ਮੀਟਰ ਹੇਠਾਂ ਜਾ ਚੁਕਾ ਹੈ ਪਰ ਜ਼ਿਆਦਾਤਰ ਸ਼ਹਿਰ ਦੇ ਲੋਕ ਪਾਣੀ ਦੀ ਤਬਾਹੀ 'ਤੇ ਕੰਟਰੋਲ ਵੀ ਨਹੀਂ ਕਰ ਰਹੇ ਤੇ ਪਾਣੀ ਦੀ ਦੁਰਵਰਤੋਂ ਕਰਦਿਆਂ ਫੀਸਾਂ ਤੇ ਬਿੱਲਾਂ ਦਾ ਭੁਗਤਾਨ ਵੀ ਨਹੀਂ ਕਰ ਰਹੇ ਹਨ।
ਖਾਨਾਪੂਰਤੀ ਲਈ ਉਤਰਦੀਆਂ ਹਨ ਟੀਮਾਂ : ਪਾਣੀ ਤੇ ਸੀਵਰੇਜ ਦੇ ਪੈਸਿਆਂ ਦੀ ਉਗਰਾਹੀ ਲਈ ਨਿਗਮ ਟੀਮਾਂ ਅਕਸਰ ਖਾਨਾਪੂਰਤੀ ਲਈ ਸੜਕਾਂ 'ਤੇ ਉਤਰਦੀਆਂ ਹਨ। ਪਿਛਲੇ ਮਹੀਨੇ ਦੌਰਾਨ ਵਿਭਾਗ ਦੇ ਐਕਸੀਅਨ ਦੀ ਨਿਗਰਾਨੀ 'ਚ ਕੋਰਟ ਰੋਡ 'ਤੇ ਸਿਨੇਮਾ ਘਰ ਸਮੇਤ ਹੋਰ ਦੋ ਚਾਰ ਪਾਰਟੀਆਂ ਦੇ ਕੁਨੈਕਸ਼ਨ ਕੱਟੇ। ਫਿਰ ਲਾਰੇਂਸ ਰੋਡ 'ਤੇ ਇਕ ਦਿਨ ਖਾਨਾਪੂਰਤੀ ਕਰਦਿਆਂ ਟੀਮ ਲਸ਼ਕਰ ਨਾਲ ਚੱਕਰ ਲਾਇਆ ਪਰ ਰਿਕਵਰੀ ਦਾ ਕੋਈ ਰਿਜ਼ਲਟ ਦਾ ਸਮਾਚਾਰ ਨਹੀਂ ਮਿਲਿਆ ਹੈ।
ਸਰਕਾਰ ਹੀ ਸਰਕਾਰ ਦੀ ਦੇਣਹਾਰ : ਸੀਵਰੇਜ ਤੇ ਵਾਟਰ ਸਪਲਾਈ ਦੇ ਪੈਸੇ ਸਰਕਾਰੀ ਵਿਭਾਗ ਹੀ ਨਿਗਮ ਵਿਭਾਗ ਨੂੰ ਦੇਣ ਤੋਂ ਅਸਮਰਥ ਹੈ। ਕਈ ਸਰਕਾਰੀ ਬੈਂਕਾਂ ਤੇ ਸਰਕਾਰੀ ਹਸਪਤਾਲਾਂ ਤੋਂ ਲੱਖਾਂ ਰੁਪਏ ਦਾ ਬਣਦਾ ਬਕਾਇਆ ਨਿਗਮ ਵਸੂਲ ਨਹੀਂ ਕਰ ਸਕਿਆ ਹੈ। ਰੇਲਵੇ ਕੁਆਰਟਰ 'ਚ ਨਿਗਮ ਦੇ ਪਾਣੀ ਦੀ ਸਪਲਾਈ ਹੋ ਰਹੀ ਹੈ ਪਰ ਲੱਖਾਂ ਰੁਪਏ ਬਣਦਾ ਬਕਾਇਆ ਵੀ ਨਿਗਮ ਖਾਤੇ 'ਚ ਨਹੀਂ ਆ ਰਿਹਾ ਹੈ।
ਓ. ਐਂਡ ਐੱਮ. ਵਿਭਾਗ ਦੇ ਐਕਸੀਅਨ ਤਿਲਕ ਰਾਜ ਜੱਸੜ ਨੇ ਦੱਸਿਆ ਕਿ ਅਣਅਧਿਕਾਰਤ ਤਰੀਕੇ ਨਾਲ ਚਲ ਰਹੇ ਸੀਵਰੇਜ ਤੇ ਵਾਟਰ ਸਪਲਾਈ ਕੁਨੈਕਸ਼ਨਾਂ ਨੂੰ ਰੈਗੂਲਰ ਕਰਨ ਲਈ ਲਗਾਏ ਗਏ ਕੈਂਪ ਦੌਰਾਨ ਕਰੀਬ 12 ਲੋਕਾਂ ਨੇ ਕੁਨੈਕਸ਼ਨ ਰੈਗੂਲਰ ਕਰਵਾਏ ਜਦਕਿ ਕਾਫੀ ਲੋਕ ਨਿਗਮ ਦੇ ਦਫਤਰ 'ਚੋਂ ਫਾਰਮ ਲੈ ਕੇ ਗਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਨੂੰ ਧਿਆਨ 'ਚ ਰਖਦਿਆਂ ਵਾਰਡ ਪੱਧਰ 'ਤੇ ਟੀਮਾਂ ਨੂੰ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੁਨੈਕਸ਼ਨ ਨੂੰ ਰੈਗੂਲਰ ਕਰਵਾਉਣ ਲਈ ਘਰੇਲੂ ਫੀਸ 500 ਰੁਪਏ ਅਤੇ ਕਮਰਸ਼ੀਅਲ ਦੀ ਫੀਸ 1000 ਰੁਪਏ ਹੈ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਨੂੰ ਨਿਭਾਉਂਦੇ ਹੋਏ ਸੀਵਰੇਜ ਅਤੇ ਵਾਟਰ ਸਪਲਾਈ ਕੁਨੈਕਸ਼ਨਾਂ ਨੂੰ ਰੈਗੂਲਰ ਕਰਵਾਉਣ ਲਈ ਨਿਗਮ ਅਧਿਕਾਰੀਆਂ ਨੂੰ ਸਹਿਯੋਗ ਦੇਣ।
ਪਤੀ ਦੀ ਲੰਬੀ ਉਮਰ ਲਈ ਰੱਖਿਆ ਸੁਹਾਗਣਾਂ ਨੇ ਵਰਤ
NEXT STORY