ਚੰਡੀਗੜ੍ਹ (ਪ੍ਰੀਕਸ਼ਿਤ) : ਹੁਣ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ. ਟੀ. ਯੂ.) ਪਹਿਲੀ ਵਾਰ ਪ੍ਰੀਮੀਅਮ ਵਾਲਵੋ ਬੱਸਾਂ ਚਲਾਉਣ ਦੀ ਯੋਜਨਾ ਬਣਾ ਰਿਹਾ ਹੈ, ਜੋ ਖ਼ਾਸ ਤੌਰ ’ਤੇ ਦਿੱਲੀ ਰੂਟ ’ਤੇ ਸ਼ੁਰੂ ਕੀਤੀਆਂ ਜਾਣਗੀਆਂ। ਚਰਚਾ ਹੈ ਕਿ ਸ਼ੁਰੂਆਤ ’ਚ ਚੰਡੀਗੜ੍ਹ ਤੋਂ ਦਿੱਲੀ ਆਈ. ਐੱਸ. ਬੀ. ਟੀ. ਅਤੇ ਹਵਾਈ ਅੱਡੇ ਦੇ ਰੂਟ ਲਈ ਪ੍ਰੀਮੀਅਮ ਵਾਲਵੋ ਬੱਸਾਂ ਦੀ ਸ਼ੁਰੂਆਤ ਹੋ ਸਕਦੀ ਹੈ। ਫਿਲਹਾਲ ਸੀ. ਟੀ. ਯੂ. ਸਿਰਫ਼ ਆਮ ਏ. ਸੀ. ਬੱਸਾਂ ਚਲਾ ਰਿਹਾ ਹੈ ਪਰ ਅਗਲੇ ਇਕ-ਦੋ ਮਹੀਨਿਆਂ ’ਚ ਵਾਲਵੋ ਬੱਸਾਂ ਵੀ ਸੜਕਾਂ ’ਤੇ ਦੌੜਦੀਆਂ ਨਜ਼ਰ ਆ ਸਕਦੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਰੋਡਵੇਜ਼ ਦੀਆਂ 40 ਵਾਲਵੋ ਬੱਸਾਂ ਰੂਟ ਤੋਂ ਹਟਾਏ ਜਾਣ ਤੋਂ ਬਾਅਦ ਹੁਣ ਸੀ. ਟੀ. ਯੂ. ਨੇ ਇਨ੍ਹਾਂ ਦੀ ਥਾਂ ਲੈਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਦਿੱਲੀ ਰੂਟ ’ਤੇ ਵੱਧ ਰਹੀ ਲਗਜ਼ਰੀ ਬੱਸਾਂ ਦੀ ਮੰਗ
ਦਰਅਸਲ, ਕੁਝ ਮਹੀਨੇ ਪਹਿਲਾਂ ਤੱਕ ਹਰਿਆਣਾ ਕੋਲ ਸਭ ਤੋਂ ਵੱਧ ਕਰੀਬ 40 ਬੱਸਾਂ ਸਨ, ਜੋ ਦਿੱਲੀ ਸਮੇਤ ਹੋਰ ਰੂਟਾਂ ’ਤੇ ਚੰਡੀਗੜ੍ਹ ਤੋਂ ਚੱਲਦੀਆਂ ਸਨ ਪਰ ਦਿੱਲੀ ’ਚ ਬੀ. ਐੱਸ.-4 ਬੱਸਾਂ ਦੀ ਐਂਟਰੀ ਬੰਦ ਹੋਣ ਕਾਰਨ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਦਿੱਲੀ ਨਹੀਂ ਜਾ ਰਹੀਆਂ ਹਨ। ਦਿੱਲੀ ਲਈ ਫਿਲਹਾਲ ਹਿਮਾਚਲ ਤੇ ਪੰਜਾਬ ਦੀਆਂ ਇਕ-ਦੋ ਵਾਲਵੋ ਬੱਸਾਂ ਹੀ ਚੱਲ ਰਹੀਆਂ ਹਨ, ਜਦਕਿ ਇਸ ਰੂਟ ’ਤੇ ਲਗਜ਼ਰੀ ਬੱਸਾਂ ਦੀ ਮੰਗ ਬਹੁਤ ਜ਼ਿਆਦਾ ਹੈ। ਸੀ. ਟੀ. ਯੂ. ਇਸ ਘਾਟ ਨੂੰ ਭਰਨ ਲਈ ਹੁਣ ਵਾਲਵੋ ਬੱਸਾਂ ਖ਼ੁਦ ਚਲਾਉਣ ਦੀ ਯੋਜਨਾ ਬਣਾ ਰਿਹਾ ਹੈ। ਇਸ ਬਾਰੇ ਸਕੱਤਰ ਪੱਧਰ ’ਤੇ ਕਾਫ਼ੀ ਚਰਚਾ ਹੋਈ ਹੈ ਅਤੇ ਇਸ ਬਾਰੇ ਯੋਜਨਾ ਤਿਆਰ ਕਰਨ ਲਈ ਵੀ ਕਿਹਾ ਗਿਆ ਹੈ।
ਕਿਲੋਮੀਟਰ ਸਕੀਮ ਅਧੀਨ ਚੱਲਣਗੀਆਂ ਬੱਸਾਂ
ਸੀ. ਟੀ. ਯੂ. ਦੇ ਅਧਿਕਾਰੀ ਨੇ ਦੱਸਿਆ ਕਿ ਵਾਲਵੋ ਬੱਸਾਂ ਚੰਡੀਗੜ੍ਹ ’ਚ ਕਿਲੋਮੀਟਰ ਸਕੀਮ ਦੇ ਆਧਾਰ ’ਤੇ ਚਲਾਈਆਂ ਜਾਣਗੀਆਂ। ਇਸ ਲਈ ਆਪਰੇਟਰ ਦੇ ਨਾਲ ਸੀ. ਟੀ. ਯੂ. ਐੱਮ. ਓ. ਯੂ. ਕਰੇਗਾ, ਜਿਸ ਤੋਂ ਬਾਅਦ ਬੱਸਾਂ, ਡਰਾਈਵਰਾਂ ਤੇ ਰੱਖ-ਰਖਾਅ ਦੀ ਜ਼ਿੰਮੇਵਾਰੀ ਆਪਰੇਟਰ ਦੀ ਹੋਵੇਗੀ, ਜਦੋਂ ਕਿ ਕੰਡਕਟਰ ਸੀ. ਟੀ. ਯੂ. ਵਲੋਂ ਮੁਹੱਈਆ ਕਰਵਾਇਆ ਜਾਵੇਗਾ। ਰੇਟ ਵੀ ਸੀ. ਟੀ. ਯੂ. ਹੀ ਤੈਅ ਕਰੇਗਾ। ਅਧਿਕਾਰੀ ਨੇ ਦੱਸਿਆ ਕਿ ਕਿਸੇ ਵੀ ਰੋਡਵੇਜ਼ ਲਈ ਵਾਲਵੋ ਬੱਸਾਂ ਦੀ ਦੇਖਭਾਲ ਬਹੁਤ ਮਹਿੰਗੀ ਪੈਂਦੀ ਹੈ। ਇਨ੍ਹਾਂ ਬੱਸਾਂ ਦੇ ਸਪੇਅਰ ਪਾਰਟ ਬਹੁਤ ਮਹਿੰਗੇ ਹਨ ਤੇ ਤਕਨਾਲੋਜੀ ਵੀ ਬਹੁਤ ਗੁੰਝਲਦਾਰ ਹੈ।
ਨਿੱਜੀ ਆਪਰੇਟਰਾਂ ਦੀ ਚੁਣੌਤੀ ਪਰ ਸੀ. ਟੀ. ਯੂ. ਦੀ ਤਿਆਰੀ ਪੂਰੀ
ਸ਼ੁਰੂਆਤੀ ਯੋਜਨਾ ਤਹਿਤ ਸੀ. ਟੀ. ਯੂ. ਦਿੱਲੀ ਕਸ਼ਮੀਰੀ ਗੇਟ ਤੇ ਆਈ.ਜੀ.ਆਈ. ਹਵਾਈ ਅੱਡੇ ਤੱਕ ਵਾਲਵੋ ਬੱਸਾਂ ਚਲਾਏਗਾ। ਫਿਲਹਾਲ ਸੀ. ਟੀ. ਯੂ. ਕੋਲ ਅਜਿਹੀ ਕੋਈ ਲਗਜ਼ਰੀ ਸੇਵਾ ਨਹੀਂ ਹੈ। ਯਾਤਰੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਸ ਲਈ ਨਿੱਜੀ ਆਪਰੇਟਰਾਂ ਨੇ ਵੀ ਇਸ ਰੂਟ ’ਤੇ ਆਪਣਾ ਕਬਜ਼ਾ ਜਮਾਇਆ ਹੋਇਆ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਰੂਟ ’ਤੇ ਯਾਤਰੀਆਂ ਦੀ ਬਹੁਤ ਜ਼ਿਆਦਾ ਮੰਗ ਹੈ। ਖ਼ਾਸ ਤੌਰ ’ਤੇ ਏਅਰਪੋਰਟ ਟਰਮੀਨਲਾਂ ਤੱਕ ਸਿੱਧੀ ਕਨੈਕਟੀਵਿਟੀ ਦੀ। ਸਸਤਾ ਵਿਕਲਪ ਹੋਣ ਕਰਕੇ ਸੀ. ਟੀ. ਯੂ. ਦੀ ਐੱਚ. ਵੀ. ਏ. ਸੀ. ਬੱਸਾਂ ਤਾਂ ਚੱਲ ਰਹੀਆਂ ਹਨ ਪਰ ਪ੍ਰੀਮੀਅਮ ਯਾਤਰੀਆਂ ਨੂੰ ਆਕਰਸ਼ਿਤ ਨਹੀਂ ਕਰ ਪਾ ਰਹੀਆਂ। ਅਜਿਹੇ ’ਚ ਸੀ. ਟੀ. ਯੂ. ਹੁਣ ਸਿੱਧੇ ਹਵਾਈ ਅੱਡੇ ਤੱਕ ਲਗਜ਼ਰੀ ਸੇਵਾ ਸ਼ੁਰੂ ਕਰ ਕੇ ਇਸ ਮਾਰਕੀਟ ’ਚ ਆਪਣੀ ਪਕੜ ਮਜ਼ਬੂਤ ਕਰਨਾ ਚਾਹੁੰਦਾ ਹੈ।
ਜਲੰਧਰ ਵਿਚ ਐਨਕਾਊਂਟਰ ਤੋਂ ਬਾਅਦ ਖ਼ਤਰਨਾਕ ਗੈਂਗਸਟਰ ਗ੍ਰਿਫ਼ਤਾਰ
NEXT STORY