ਫਰੀਦਕੋਟ (ਹਾਲੀ) - ਇਕ ਪਾਸੇ ਸਰਕਾਰ ਪਲੀਤ ਹੋ ਰਹੇ ਵਾਤਾਵਰਣ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਦਰੱਖਤ ਲਾਉਣ ਦੀ ਦੁਹਾਈ ਪਾ ਰਹੀ ਹੈ, ਦੂਜੇ ਪਾਸੇ ਲੱਕੜ ਮਾਫ਼ੀਆ ਸਰਕਾਰੀ ਜਗ੍ਹਾ 'ਤੇ ਲੱਗੇ ਦਰੱਖਤਾਂ ਦੀ ਅੰਨ੍ਹੇ ਵਾਹ ਕਟਾਈ ਕਰ ਰਿਹਾ ਹੈ, ਜਿਸ ਦਾ ਸਬੂਤ ਕੋਟਕਪੂਰਾ ਬਾਈਪਾਸ 'ਤੇ ਬਣੇ ਸੱਭਿਆਚਾਰਕ ਕੇਂਦਰ 'ਚੋਂ ਕੱਟੇ ਦਰੱਖਤਾਂ ਤੋਂ ਮਿਲਦਾ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕੋਟਕਪੂਰਾ ਬਾਈਪਾਸ 'ਤੇ ਬਣੇ ਸੱਭਿਆਚਾਰਕ ਕੇਂਦਰ ਵਿਚੋਂ ਦਰੱਖਤ ਕੱਟ ਕੇ ਲੱਕੜ ਮਾਫੀਆ ਆਪਣੀਆਂ ਜੇਬਾਂ ਪੈਸੇ ਨਾਲ ਭਰ ਕੇ ਆਪਣੀਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਪੈਰਾਂ 'ਤੇ ਕੁਹਾੜਾ ਮਾਰ ਰਿਹਾ ਹੈ। ਇਥੇ ਲੱਗੇ ਦਰੱਖਤਾਂ ਨੂੰ ਲੱਕੜ ਮਾਫੀਆ ਨੇ ਸ਼ਰੇਆਮ ਵੱਢ ਲਿਆ ਹੈ। ਕਈ ਦਰੱਖਤਾਂ ਨੂੰ ਕੁਹਾੜੀ ਨਾਲ ਅੱਧ ਤੱਕ ਵੱਢ ਕੇ ਛੱਡ ਦਿੱਤਾ ਗਿਆ ਹੈ ਤਾਂ ਜੋ ਦੁਬਾਰਾ ਸਰਕਾਰੀ ਦਰੱਖਤਾਂ 'ਤੇ ਹਮਲਾ ਕਰਦੇ ਸਮੇਂ ਦਰੱਖਤ ਜਲਦੀ ਵੱਢੇ ਜਾਣ। ਇਹ ਵੱਢੇ-ਟੁੱਕੇ ਦਰੱਖਤ ਆਮ ਲੋਕਾਂ ਨੂੰ ਤਾਂ ਦਿਸ ਰਹੇ ਹਨ ਪਰ ਪ੍ਰਸ਼ਾਸਨ ਪਤਾ ਨਹੀਂ ਕਿਉਂ ਅੱਖਾਂ ਮੀਟੀ ਬੈਠਾ ਹੈ।
ਨਿੱਤ ਦਿਨ ਹੋ ਰਹੀ ਦਰੱਖਤਾਂ ਦੀ ਨਾਜਾਇਜ਼ ਕਟਾਈ ਨੂੰ ਲੈ ਕੇ ਵਾਤਾਵਰਣ ਪ੍ਰੇਮੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ। ਵਾਤਾਵਰਣ ਪ੍ਰੇਮੀ ਗੁਰਦੀਪ ਸਿੰਘ, ਇਕਬਾਲ ਸਿੰਘ, ਬਲਵਿੰਦਰ ਸਿੰਘ, ਧਰਮਿੰਦਰ ਸਿੰਘ ਅਤੇ ਗੁਰਮੀਤ ਸਿੰਘ ਨੇ ਕਿਹਾ ਕਿ ਸਰਕਾਰ ਪਹਿਲਾਂ ਹੀ ਵਿਕਾਸ ਦੇ ਨਾਂ 'ਤੇ ਲੱਖਾਂ ਦਰੱਖਤ ਸੜਕਾਂ ਦੇ ਕਿਨਾਰਿਓਂ ਅਤੇ ਸਰਕਾਰੀ ਇਮਾਰਤਾਂ ਵਿਚੋਂ ਪੁੱਟਾ ਚੁੱਕੀ ਹੈ, ਜਿਸ ਕਾਰਨ ਵਾਤਾਵਰਣ ਲਈ ਗੰਭੀਰ ਖਤਰਾ ਪੈਦਾ ਹੋ ਗਿਆ ਹੈ। ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਕਾਰਨ ਜੰਗਲਾਂ ਹੇਠ ਰਕਬਾ ਪੰਜਾਬ ਵਿਚੋਂ ਤੇਜ਼ੀ ਨਾਲ ਘੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜੇ ਦੇ ਬੀੜ ਵਿਚ ਕਦੇ ਸੰਘਣੇ ਸਦੀਆਂ ਪੁਰਾਣੇ ਦਰੱਖਤ ਸਨ, ਜੋ ਹੁਣ ਕਿਧਰੇ ਦਿਖਾਈ ਨਹੀਂ ਦਿੰਦੇ। ਫਰੀਦਕੋਟ ਦੇ ਕੋਲੋਂ ਦੀ ਲੰਘਦੀਆਂ ਨਹਿਰਾਂ 'ਤੇ ਵੀ ਵੱਡੇ-ਵੱਡੇ ਦਰੱਖਤ ਗਾਇਬ ਹਨ ਅਤੇ ਹੁਣ ਕੁਝ ਦਿਨ ਪਹਿਲਾਂ ਨਹਿਰ ਕਿਨਾਰਿਓਂ ਦਰੱਖਤ ਸ਼ਰੇਆਮ ਕੱਟੇ ਗਏ ਸਨ ਪਰ ਅੱਜ ਤੱਕ ਕਿਸੇ 'ਤੇ ਕਾਰਵਾਈ ਨਹੀਂ ਹੋਈ। ਉਨ੍ਹਾਂ ਨੇ ਸਰਕਾਰ, ਪ੍ਰਸ਼ਾਸਨ ਅਤੇ ਜੰਗਲਾਤ ਵਿਭਾਗ ਤੋਂ ਦਰੱਖਤਾਂ ਦੀ ਹੁੰਦੀ ਨਾਜਾਇਜ਼ ਕਟਾਈ ਨੂੰ ਪ੍ਰਭਾਵੀ ਢੰਗ ਨਾਲ ਰੋਕਣ ਦੀ ਅਪੀਲ ਕਰਦਿਆਂ ਕਿਹਾ ਕਿ ਦੋਸ਼ੀਆਂ ਨੂੰ ਫੜ ਕੇ ਤੁਰੰਤ ਸਖਤ ਸਜ਼ਾਵਾਂ ਦਿੱਤੀਆਂ ਜਾਣ ਅਤੇ ਸਬੰਧਤ ਅਫ਼ਸਰਾਂ ਵੱਲੋਂ ਵਰਤੀ ਜਾਂਦੀ ਕੁਤਾਹੀ ਕਾਰਨ ਵਿਭਾਗੀ ਕਾਰਵਾਈ
ਕੀਤੀ ਜਾਵੇ।
ਮਾਸੂਮ ਬੱਚੀ ਨਾਲ ਜਬਰ-ਜ਼ਨਾਹ ਕਰਨ ਤੋਂ ਬਾਅਦ ਕੀਤੀ ਸੀ ਹੱਤਿਆ
NEXT STORY