ਬਠਿੰਡਾ (ਪਰਮਿੰਦਰ)-2 ਅਪ੍ਰੈਲ ਭਾਰਤ ਬੰਦ ਦੌਰਾਨ ਹੋਏ ਪ੍ਰਦਰਸ਼ਨ ਦੇ ਸਬੰਧ 'ਚ ਪੁਲਸ ਵੱਲੋਂ ਦਰਜ ਕੀਤੇ ਗਏ ਮਾਮਲਿਆਂ ਨੂੰ ਰੱਦ ਕਰਵਾਉਣ ਲਈ ਦਲਿਤ ਸਮਾਜ ਦੇ ਲੋਕਾਂ ਨੇ ਥਾਣਾ ਕੋਤਵਾਲੀ ਦਾ ਘਿਰਾਓ ਕਰ ਕੇ ਰੋਸ ਪ੍ਰਦਰਸ਼ਨ ਕੀਤਾ। ਲੋਕ ਜਨਸ਼ਕਤੀ ਪਾਰਟੀ (ਲੋਜਪਾ), ਵਾਲਮੀਕਿ ਯੂਥ ਫਰੰਟ ਤੇ ਹੋਰ ਸੰਗਠਨਾਂ ਦੀ ਅਗਵਾਈ 'ਚ ਵਰਕਰਾਂ ਨੇ ਪੁਲਸ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨੇ ਤੋਂ ਬਾਅਦ ਪੁਲਸ ਨੇ ਪ੍ਰਦਰਸ਼ਨ ਦੌਰਾਨ ਗ੍ਰਿਫਤਾਰ ਕੀਤੇ ਗਏ ਦਲਿਤ ਨੌਜਵਾਨ ਵਿਕਾਸ ਵਾਲਮੀਕਿ ਨੂੰ ਰਿਹਾਅ ਕਰ ਦਿੱਤਾ, ਜਿਸ ਦਾ ਬਾਹਰ ਆਉਣ 'ਤੇ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਦਲਿਤ ਆਗੂਆਂ ਨੇ ਕਿਹਾ ਕਿ ਪੁਲਸ ਨੇ ਭਾਰਤ ਬੰਦ ਦੌਰਾਨ ਕੁਝ ਲੋਕਾਂ ਨੇ ਰੋਸ ਮਾਰਚ ਕਰ ਰਹੇ ਦਲਿਤਾਂ 'ਤੇ ਪੱਥਰਬਾਜ਼ੀ ਕੀਤੀ ਤੇ ਇਕ ਦਲਿਤ ਨੌਜਵਾਨ ਵਿਕਾਸ ਵਾਲਮੀਕਿ ਨਾਲ ਕੁੱਟਮਾਰ ਕੀਤੀ। ਬਾਅਦ 'ਚ ਪੁਲਸ ਨੇ ਧੱਕੇਸ਼ਾਹੀ ਕਰਦਿਆਂ ਦਲਿਤ ਸਮਾਜ ਦੇ ਲੋਕਾਂ ਖਿਲਾਫ ਕੇਸ ਦਰਜ ਕਰ ਲਿਆ ਤੇ ਵਿਕਾਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਧਰਨੇ ਨੂੰ ਦੇਖਦਿਆਂ ਡੀ. ਐੱਸ. ਪੀ. ਦਵਿੰਦਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ, ਜਿਸ ਤੋਂ ਬਾਅਦ ਵਿਕਾਸ ਵਾਲਮੀਕਿ ਨੂੰ ਰਿਹਾਅ ਕਰ ਦਿੱਤਾ ਗਿਆ। ਪੁਲਸ ਨੇ ਵਿਕਾਸ ਨਾਲ ਕੁੱਟਮਾਰ ਕਰਨ ਵਾਲਿਆਂ ਖਿਲਾਫ ਵੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਧਰਨਾ ਹਟਾਇਆ ਗਿਆ ਅਤੇ ਉਕਤ ਨੌਜਵਾਨ ਨੂੰ ਹਾਰ ਪਾ ਕੇ ਸ਼ਹਿਰ 'ਚ ਜੇਤੂ ਜਲੂਸ ਵੀ ਕੱਢਿਆ ਗਿਆ। ਇਸ ਮੌਕੇ ਲੋਜਪਾ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ, ਜਗਦੀਪ ਗਹਿਰੀ, ਨਵੀਨ ਕੁਮਾਰ, ਭਗਵਾਨ ਦਾਸ ਭਾਰਤੀ, ਰਾਮ ਚੰਦ, ਮਿੱਠੂ ਸਿੰਘ ਤੇ ਹੋਰ ਦਲਿਤ ਆਗੂ ਮੌਜੂਦ ਸਨ।
ਅਕਾਲੀ ਦਲ ਹਰ ਵਰਗ ਦੀ ਹਮਦਰਦ ਪਾਰਟੀ : ਪਰਮਿੰਦਰ ਢੀਂਡਸਾ
NEXT STORY