ਜਲੰਧਰ, (ਪੁਨੀਤ)— ਮਾਡਲ ਟਾਊਨ ਦੇ ਇਕ ਰੈਸਟੋਰੈਂਟ ਵਿਚ ਨੌਜਵਾਨਾਂ ਨੂੰ ਹੁੱਕਾ ਸਰਵ ਕਰਨ ਨੂੰ ਲੈ ਕੇ ਹੋਈ ਛਾਪੇਮਾਰੀ ਦੇ ਬਾਵਜੂਦ ਸੈਂਪਲ ਨਾ ਭਰੇ ਜਾਣ ਦਾ ਸ਼ਿਵ ਸੈਨਾ ਸਮਾਜਵਾਦੀ ਨੇ ਸਖ਼ਤ ਨੋਟਿਸ ਲੈਂਦਿਆਂ ਅੱਜ ਰੈਸਟੋਰੈਂਟ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ। ਚੇਅਰਮੈਨ ਪੰਜਾਬ ਨਰਿੰਦਰ ਥਾਪਰ, ਚੇਅਰਪਰਸਨ ਰੂਪਾਲੀ ਸਲਹੋਤਰਾ ਦੀ ਅਗਵਾਈ ਵਿਚ ਹੋਏ ਇਸ ਧਰਨਾ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਸੈਟਿੰਗ ਹੋਣ ਕਾਰਨ ਕਾਰਵਾਈ ਨਹੀਂ ਕੀਤੀ ਗਈ, ਜਿਸ ਨੂੰ ਕਿਸੇ ਹਾਲ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪਾਰਟੀ ਆਗੂਆਂ ਨੇ ਕਿਹਾ ਕਿ ਨੌਜਵਾਨ ਵਰਗ ਨੂੰ ਨਸ਼ਿਆਂ ਵਿਚ ਧੱਕਣ ਵਾਲੇ ਰੈਸਟੋਰੈਂਟ ਦੇ ਖਿਲਾਫ ਕਾਰਵਾਈ ਕਰਨ ਵੇਲੇ ਸੈਂਪਲ ਨਹੀਂ ਲਏ ਗਏ, ਜਦੋਂਕਿ ਸੱਚਾਈ ਇਹ ਹੈ ਕਿ ਹੁੱਕੇ ਵਿਚ ਤਾਂ ਤੰਬਾਕੂ ਸਰਵ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਰੈਸਟੋਰੈਂਟ ਨੂੰ ਸੀਲ ਕਰਨਾ ਤੇ ਬਾਅਦ ਵਿਚ ਕਲੀਨ ਚਿੱਟ ਦੇਣਾ ਮਿਲੀਭੁਗਤ ਦੀ ਪੋਲ ਖੋਲ੍ਹਦਾ ਹੈ।
ਪਾਰਟੀ ਦੇ ਧਰਨਾ ਪ੍ਰਦਰਸ਼ਨ ਦੌਰਾਨ ਏ. ਸੀ. ਪੀ. ਮਾਡਲ ਟਾਊਨ ਸਮੀਰ ਵਰਮਾ ਥਾਣਾ 6 ਦੇ ਐੱਸ. ਐੱਚ. ਓ. ਨਾਲ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੂੰ ਪਾਰਟੀ ਆਗੂਆਂ ਨੇ ਮੰਗ-ਪੱਤਰ ਵੀ ਸੌਂਪਿਆ। ਪੁਲਸ ਅਧਿਕਾਰੀਆਂ ਨੇ ਪਾਰਟੀ ਆਗੂਆਂ ਨੂੰ ਭਰੋਸਾ ਦਿੱਤਾ ਕਿ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਨਰਿੰਦਰ ਥਾਪਰ ਨੇ ਕਿਹਾ ਕਿ ਨਸ਼ਿਆਂ ਦੇ ਖਿਲਾਫ ਸ਼ਿਵ ਸੈਨਾ ਸਮਾਜਵਾਦੀ ਵਲੋਂ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਵਿਚ ਨੌਜਵਾਨਾਂ ਨੂੰ ਨਸ਼ਾ ਛੱਡਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਸਿਹਤ ਵਿਭਾਗ ਦੀ ਟੀਮ ਨੇ ਛਾਪੇਮਾਰੀ ਕਰ ਕੇ ਦੋਸ਼ੀਆਂ 'ਤੇ ਬਣਦੀ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਪਾਰਟੀ ਆਗੂਆਂ ਵਿਚ ਰੋਸ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਰੰਤ ਪ੍ਰਭਾਵ ਨਾਲ ਕਾਰਵਾਈ ਨਾ ਕੀਤੀ ਗਈ ਤਾਂ ਉਹ ਦੁਬਾਰਾ ਧਰਨਾ ਦੇਣਗੇ, ਜਿਸ ਲਈ ਵਿਭਾਗ ਦੀਆਂ ਨੀਤੀਆਂ ਜ਼ਿੰਮੇਵਾਰ ਹੋਣਗੀਆਂ। ਇਸ ਮੌਕੇ ਉੱਤਰ ਭਾਰਤ ਪ੍ਰਮੁੱਖ ਰਮਨ ਸ਼ਰਮਾ, ਚੇਅਰਮੈਨ ਜਰਨੈਲ ਸਿੰਘ, ਉਪ ਪ੍ਰਧਾਨ ਪੰਜਾਬ ਪਾਲ, ਜ਼ਿਲਾ ਪ੍ਰਧਾਨ ਰਾਜਿੰਦਰ ਸਿੰਘ, ਚੰਦਰ ਪ੍ਰਕਾਸ਼, ਅਸ਼ਵਨੀ ਬੰਟੀ, ਪੰਜਾਬ ਬੁਲਾਰਾ ਹਨੀ ਸਿੰਘ, ਰਾਮ ਸਰੂਪ ਸੋਲੰਕੀ, ਨਰਿੰਦਰ ਮਿੱਠੂ, ਯਸ਼ਪਾਲ, ਰਾਜ ਰਾਣੀ, ਹੇਮਲਤਾ ਤੇ ਹੋਰ ਵੀ ਮੌਜੂਦ ਸਨ। ਇਸ ਸਬੰਧ ਵਿਚ ਰੈਸਟੋਰੈਂਟ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ।
ਦੋ ਪੇਟੀਆਂ ਨਾਜਾਇਜ਼ ਸ਼ਰਾਬ ਸਣੇ ਕਾਬੂ
NEXT STORY