ਜਲੰਧਰ(ਵਰਿਆਣਾ)— ਹਲਕਾ ਕਰਤਾਰਪੁਰ ਦੇ ਅਧੀਨ ਆਉਂਦੇ ਪਿੰਡ ਵਰਿਆਣਾ 'ਚ ਬਣੀ ਡਿਸਪੈਂਸਰੀ ਵਿਚ ਪਿੰਡ ਦੇ ਲੋਕਾਂ ਅਨੁਸਾਰ ਪਿਛਲੇ ਕਈ ਸਾਲਾਂ ਤੋਂ ਕੋਈ ਵੀ ਡਾਕਟਰ ਨਹੀਂ ਆ ਰਿਹਾ, ਜਿਸ ਕਾਰਨ ਉਨ੍ਹਾਂ ਵਿੱਚ ਰੋਸ ਪੈਦਾ ਹੋ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੰਬਰਦਾਰ ਧਰਮਪਾਲ ਮੱਟੂ, ਰਵੀ ਕੁਮਾਰ ਆਦਿ ਨੇ ਦੱਸਿਆ ਕਿ ਉਕਤ ਡਿਸਪੈਂਸਰੀ 'ਚ ਬਣੇ ਕਮਰਿਆਂ ਵਿੱਚ ਪੰਚਾਇਤ ਵੱਲੋਂ ਪੂਰਨ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ, ਜਿਸ ਦੇ ਬਾਵਜੂਦ ਪਿਛਲੇ ਕਈ ਸਾਲਾਂ ਤੋਂ ਇਥੇ ਡਾਕਟਰ ਆਪਣੀਆਂ ਸੇਵਾਵਾਂ ਨਹੀਂ ਨਿਭਾ ਰਹੇ, ਜਦਕਿ ਇਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ, ਜਿਸ ਦੇ ਬਾਵਜੂਦ ਕਰੀਬ 21 ਦਿਨ ਬੀਤਣ ਦੇ ਬਾਅਦ ਵੀ ਕੋਈ ਕਾਰਵਾਈ ਨਹੀਂ ਹੋ ਰਹੀ।
ਉਨ੍ਹਾਂ ਦਾ ਕਹਿਣਾ ਸੀ ਕਿ ਡਿਸਪੈਂਸਰੀ ਦੇ ਜਿੰਦਰੇ ਕਈ ਸਾਲਾਂ ਤੋਂ ਲੱਗੇ ਹੋਏ ਹਨ ਅਤੇ ਪਿੰਡ ਵਿਚ ਜੋ ਪਸ਼ੂਆਂ ਦਾ ਹਸਪਤਾਲ ਹੈ, ਉਥੇ ਵੈਟਰਨਰੀ ਡਾਕਟਰ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਵਰਿਆਣਾ ਵਿੱਚ ਇਨਸਾਨੀ ਜ਼ਿੰਦਗੀਆਂ ਨਾਲੋਂ ਪਸ਼ੂਆਂ ਦੀ ਸਿਹਤ ਦਾ ਜ਼ਿਆਦਾ ਖਿਆਲ ਰੱਖਿਆ ਜਾ ਰਿਹਾ ਹੈ ਕਿਉਂਕਿ ਇਥੇ ਡਾਕਟਰਾਂ ਦੀ ਡਿਊਟੀ ਲਾਉਣ ਲਈ ਸਿਹਤ ਵਿਭਾਗ ਗੰਭੀਰਤਾ ਨਾਲ ਧਿਆਨ ਨਹੀਂ ਦੇ ਰਿਹਾ। ਸਿਹਤ ਵਿਭਾਗ ਨੂੰ ਚਾਹੀਦਾ ਹੈ ਕਿ ਵਰਿਆਣਾ ਵਿਖੇ ਜਿਨ੍ਹਾਂ ਡਾਕਟਰਾਂ ਦੀਆਂ ਡਿਊਟੀਆਂ ਹਨ, ਉਨ੍ਹਾਂ ਨੂੰ ਵਾਪਸ ਡਿਸਪੈਂਸਰੀ ਲਿਆਂਦਾ ਜਾਵੇ।
ਨੰਨ੍ਹੇ-ਮੁੰਨੇ ਬੱਚਿਆਂ ਦੇ ਟੀਕੇ ਲਵਾਉਣ ਲਈ ਭਟਕ ਰਹੇ ਮਾਪੇ
ਉਧਰ ਪਿੰਡ ਵਰਿਆਣਾ ਦੀ ਸੁਸ਼ਮਾ ਕੁਮਾਰੀ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਬੇਟੀ ਪੰਜ ਸਾਲ ਦੀ ਹੋ ਗਈ ਹੈ, ਜਿਸ ਦੇ ਪੰਜ ਸਾਲਾ ਟੀਕਾ ਲੱਗਣਾ ਹੈ ਪਰ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਉਹ ਟੀਕਾ ਲਵਾਉਣ ਲਈ ਭਟਕ ਰਹੀ ਹੈ, ਇਸ ਸਬੰਧੀ ਜਦੋਂ ਵੀ ਦੂਜੇ ਪਿੰਡ 'ਚ ਡਿਊਟੀ ਨਿਭਾ ਰਹੀ ਡਾਕਟਰ ਨੂੰ ਪੁੱਛਿਆ ਜਾਂਦਾ ਹੈ ਤਾਂ ਅੱਗੋਂ ਇਹੀ ਜਵਾਬ ਮਿਲਦਾ ਕਿ ਪੰਜ ਅਤੇ ਡੇਢ ਸਾਲ ਦੇ ਬੱਚਿਆਂ ਦੇ ਟੀਕੇ ਸਾਨੂੰ ਵਿਭਾਗ ਵੱਲੋਂ ਨਹੀਂ ਮਿਲ ਰਹੇ ਜਦੋਂ ਮਿਲਣਗੇ ਅਸੀਂ ਲਵਾ ਦੇਵਾਂਗੇ।
ਪੰਚਾਇਤ ਨੇ ਪੱਤਰ ਦਿੱਤਾ ਹੈ ਕੋਈ ਜਵਾਬ ਅਜੇ ਤੱਕ ਨਹੀਂ ਆਇਆ: ਪੰਚ ਕ੍ਰਿਸ਼ਨ
ਉਧਰ ਪੰਚਾਇਤ ਮੈਂਬਰ ਕ੍ਰਿਸ਼ਨ ਦੀਵਾਨਾ ਦਾ ਇਸ ਸਬੰਧੀ ਕਹਿਣਾ ਹੈ ਕਿ ਸਾਡੀ ਪੰਚਾਇਤ ਵੱਲੋਂ ਪਿੰਡ 'ਚ ਬਣੀ ਡਿਸਪੈਂਸਰੀ ਵਿੱਚ ਡਾਕਟਰ ਵਾਪਸ ਲਿਆਉਣ ਲਈ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਦਿੱਤਾ ਗਿਆ ਹੈ, ਜਿਸ ਦਾ ਅਜੇ ਤੱਕ ਕੋਈ ਜਵਾਬ ਨਹੀਂ ਆਇਆ। ਉਨ੍ਹਾਂ ਦਾ ਕਹਿਣਾ ਸੀ ਕਿ ਪੰਚਾਇਤ ਵੱਲੋਂ ਡਿਸਪੈਂਸਰੀ 'ਚ ਸੁਚੱਜੇ ਢੰਗ ਨਾਲ ਕਮਰੇ ਬਣਵਾਏ ਗਏ ਹਨ ਅਤੇ ਰੰਗ-ਰੋਗਨ ਵੀ ਕੀਤਾ ਹੋਇਆ ਹੈ। ਇਸ ਦੇ ਬਾਵਜੂਦ ਡਾਕਟਰਾਂ ਦਾ ਇਥੇ ਨਾ ਆਉਣਾ ਗਲਤ ਗੱਲ ਹੈ, ਜਿਸ ਸਬੰਧੀ ਪੰਚਾਇਤ ਜਲਦ ਹੀ ਉੱਚ ਅਧਿਕਾਰੀਆਂ ਨੂੰ ਮਿਲੇਗੀ।
ਸਿਵਲ ਸਰਜਨ ਨਾਲ ਇਸ ਸਬੰਧੀ ਗੱਲ ਕਰ ਰਿਹਾ ਹਾਂ : ਡੀ. ਸੀ.
ਉਧਰ ਇਸ ਸਬੰਧੀ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਦਾ ਕਹਿਣਾ ਸੀ ਕਿ ਪਿੰਡ 'ਚ ਡਾਕਟਰਾਂ ਦੀ ਡਿਊਟੀ ਅਤੇ ਮੌਜੂਦਾ ਸਮੇਂ ਵਿੱਚ ਉਹ ਆਪਣੀ ਡਿਊਟੀ ਕਿਹੜੇ ਪਿੰਡ ਲਵਾ ਰਹੇ ਹਨ ਇਸ ਸਬੰਧੀ ਸਿਵਲ ਸਰਜਨ ਨਾਲ ਗੱਲ ਕਰ ਰਿਹਾ ਹਾਂ ਤਾਂ ਜੋ ਉਨ੍ਹਾਂ ਨੂੰ ਸਥਿਤੀ ਦੀ ਅਸਲੀਅਤ ਦਾ ਪਤਾ ਚੱਲ ਸਕੇ।
ਮੁਕਤਸਰ 'ਚ ਵੱਡੀ ਵਾਰਦਾਤ, ਪਤੀ ਨੇ ਬੇਰਹਿਮੀ ਨਾਲ ਕਤਲ ਕੀਤੀ ਪਤਨੀ (ਵੀਡੀਓ)
NEXT STORY