ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ)—ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਕਣਕ ਦੇ ਖਰੀਦ ਪ੍ਰਬੰਧਾਂ ਸਬੰਧੀ ਸਮੀਖਿਆ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸਮੂਹ ਐੈੱਸ. ਡੀ. ਐੱਮਜ਼ ਨੂੰ ਹਦਾਇਤ ਕੀਤੀ ਕਿ ਖਰੀਦ ਪ੍ਰਕਿਰਿਆ ਦੌਰਾਨ ਵਿਘਨ ਪਾਉਣ ਵਾਲੇ ਠੇਕੇਦਾਰਾਂ ਨੂੰ ਬਲੈਕ ਲਿਸਟ ਕਰਨ ਸਬੰਧੀ ਨਿਯਮਾਂ ਮੁਤਾਬਕ ਕਾਰਵਾਈ ਨੂੰ ਅਮਲ 'ਚ ਲਿਆਂਦਾ ਜਾਵੇ। ਉਨ੍ਹਾਂ ਦੱਸਿਆ ਕਿ ਜਿਹੜੀਆਂ ਮੰਡੀਆਂ ਵਿਚ ਸਬੰਧਤ ਠੇਕੇਦਾਰਾਂ ਦੀਆਂ ਮਨਮਰਜ਼ੀਆਂ ਕਾਰਨ ਅਜੇ ਵੀ ਖਰੀਦ ਅਤੇ ਚੁਕਾਈ ਪ੍ਰਕਿਰਿਆ ਸੁਚਾਰੂ ਰੂਪ 'ਚ ਆਰੰਭ ਨਹੀਂ ਹੋ ਸਕੀ, ਉਨ੍ਹਾਂ ਵਿਚ ਸਮੁੱਚੀ ਪ੍ਰਕਿਰਿਆ ਨੂੰ ਲਾਜ਼ਮੀ ਬਣਾਉਣ ਲਈ ਫੌਰੀ ਢੁੱਕਵੇਂ ਕਦਮ ਚੁੱਕੇ ਜਾਣ। ਉਨ੍ਹਾਂ ਨੇ ਮੀਟਿੰਗ ਦੌਰਾਨ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਕਿ ਕੁਝ ਇਕ ਅਨਾਜ ਮੰਡੀਆਂ ਵਿਚ ਟਰਾਂਸਪੋਰਟ ਅਤੇ ਕਾਰਟੇਜ ਦੇ ਟੈਂਡਰ ਅਲਾਟ ਹੋਣ ਦੇ ਬਾਵਜੂਦ ਸਬੰਧਤ ਠੇਕੇਦਾਰ ਵੱਲੋਂ ਟਰੱਕ ਮੁਹੱਈਆ ਨਹੀਂ ਕਰਵਾਏ ਜਾ ਰਹੇ, ਜਿਸ ਕਾਰਨ ਕਣਕ ਦੀ ਸਮੁੱਚੀ ਖਰੀਦ ਪ੍ਰਕਿਰਿਆ ਵਿਚ ਵਿਘਨ ਪੈ ਰਿਹਾ ਹੈ। ਜ਼ਿਲਾ ਸੰਗਰੂਰ ਦੀਆਂ ਮੰਡੀਆਂ 'ਚ ਕਣਕ ਦੀ ਖਰੀਦ ਪ੍ਰਕਿਰਿਆ ਨੂੰ ਨਿਰਵਿਘਨ ਸੁਚਾਰੂ ਢੰਗ ਨਾਲ ਚਲਾਉਣ ਲਈ ਅਤੇ ਖਰੀਦ ਪ੍ਰਬੰਧਾਂ ਦਾ ਨਿਰੀਖਣ ਕਰਨ ਲਈ ਹੋਈ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਖਰੀਦ ਏਜੰਸੀਆਂ ਨੂੰ ਵੀ ਸਰਕਾਰ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਮੰਡੀਆਂ 'ਚ ਕਣਕ ਦੀ ਆਮਦ, ਖਰੀਦ, ਲਿਫਟਿੰਗ ਅਤੇ ਅਦਾਇਗੀ ਸਬੰਧੀ ਕੀਤੇ ਗਏ ਪ੍ਰਬੰਧਾਂ ਦਾ ਸਬ-ਡਵੀਜ਼ਨ ਪੱਧਰ 'ਤੇ ਜਾਇਜ਼ਾ ਲਿਆ।
ਉਨ੍ਹਾਂ ਦੱਸਿਆ ਕਿ ਜ਼ਿਲੇ ਦੀਆਂ ਅਨਾਜ ਮੰਡੀਆਂ 'ਚ ਬੀਤੀ ਸ਼ਾਮ ਤੱਕ 1 ਲੱਖ 99 ਹਜ਼ਾਰ 150 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਸੀ, ਜਿਸ 'ਚੋਂ 1 ਲੱਖ 49 ਹਜ਼ਾਰ 565 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਤੋਂ ਖਰੀਦੀ ਕਣਕ ਦੀ 12 ਕਰੋੜ 78 ਲੱਖ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਮੀਟਿੰਗ ਦੌਰਾਨ ਐੱਸ. ਡੀ. ਐੱਮ. ਸੰਗਰੂਰ ਅਵਿਕੇਸ਼ ਗੁਪਤਾ, ਐੱਸ. ਡੀ. ਐੱਮ. ਲਹਿਰਾ ਬਿਕਰਮਜੀਤ ਸਿੰਘ ਸ਼ੇਰਗਿੱਲ, ਐੱਸ. ਡੀ. ਐੱਮ. ਸੁਨਾਮ ਰਾਜਦੀਪ ਸਿੰਘ ਬਰਾੜ, ਐੱਸ. ਡੀ. ਐੱਮ. ਭਵਾਨੀਗੜ੍ਹ, ਅਮਰਿੰਦਰ ਸਿੰਘ ਟਿਵਾਣਾ, ਐੱਸ. ਡੀ. ਐੱਮ. ਮਾਲੇਰਕੋਟਲਾ ਪ੍ਰੀਤੀ ਯਾਦਵ, ਐੱਸ. ਡੀ. ਐੱਮ. ਧੂਰੀ ਅਮਰੇਸ਼ਵਰ ਸਿੰਘ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਵਿਜੀਲੈਂਸ ਦੀ ਅਧੂਰੀ ਜਾਂਚ 'ਤੇ ਉਠਣ ਲੱਗੇ ਸਵਾਲ!
NEXT STORY