ਜਲੰਧਰ, (ਰਾਜੇਸ਼)— ਵਿਦੇਸ਼ ਭੇਜਣ ਲਈ ਲੋਕਾਂ ਦੇ ਕਰਵਾਏ ਗਏ ਮੈਡੀਕਲ ਦੇ ਸਰਟੀਫਿਕੇਟਾਂ 'ਤੇ ਸਿਵਲ ਹਸਪਤਾਲ ਦੇ ਡਾਕਟਰ ਦੀ ਫਰਜ਼ੀ ਮੋਹਰ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਖੁਲਾਸਾ ਸਿਵਲ ਹਸਪਤਾਲ ਦੇ ਡਾਕਟਰ ਨੇ ਕੀਤਾ ਹੈ। ਉਨ੍ਹਾਂ ਨੇ ਇਸ ਮਾਮਲੇ ਵਿਚ ਪੁਲਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਨਕਲੀ ਮੋਹਰ ਵਰਤੋਂ ਕਰਨ ਵਾਲੇ ਨਕਲੀ ਡਾਕਟਰ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਡਾ. ਮਹਿੰਦਰ ਪ੍ਰਤਾਪ ਸਿੰਘ ਵਾਸੀ ਰਾਮਾਮੰਡੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬੱਸ ਸਟੈਂਡ ਕੋਲ ਸਥਿਤ ਅਪੈਕਸ ਡਾਇਗਨਿਸ ਸੈਂਟਰ ਚਲਾਉਣ ਵਾਲਾ ਵਿਅਕਤੀ ਰਾਮ ਨਿਵਾਸ, ਜੋ ਕਿ ਲੋਕਾਂ ਵਲੋਂ ਵਿਦੇਸ਼ ਜਾਣ ਲਈ ਕਰਵਾਏ ਜਾਂਦੇ ਮੈਡੀਕਲ ਦੇ ਸਰਟੀਫਿਕੇਟ 'ਤੇ ਉਨ੍ਹਾਂ ਦੇ ਨਾਂ ਦੀ ਬਣਾਈ ਜਾਅਲੀ ਮੋਹਰ ਲਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਇਕ ਰਿਸ਼ਤੇਦਾਰ ਨੂੰ ਮੈਡੀਕਲ ਕਰਵਾਉਣ ਲਈ ਉਥੇ ਭੇਜਿਆ ਤਾਂ ਉਕਤ ਸੈਂਟਰ ਚਲਾਉਣ ਵਾਲਿਆਂ ਨੇ ਬਿਨਾਂ ਕਿਸੇ ਜਾਂਚ ਦੇ ਉਸਦਾ ਮੈਡੀਕਲ ਕਰ ਕੇ ਡਾਕਟਰੀ ਮੋਹਰ ਲਗਾ ਕੇ ਮੈਡੀਕਲ ਵਿਚ ਫਿੱਟ ਕਰ ਕੇ ਭੇਜ ਦਿੱਤਾ। ਉਕਤ ਲੋਕ ਆਪਣੇ ਦਫਤਰ ਵਿਚ ਐਕਸਰੇ ਮਸ਼ੀਨ ਰੱਖ ਕੇ ਬਿਨਾਂ ਕਿਸੇ ਡਾਕਟਰੀ ਡਿਗਰੀ ਦੇ ਲੋਕਾਂ ਦੇ ਮੈਡੀਕਲ ਕਰ ਰਹੇ ਹਨ। ਡਾਕਟਰ ਦੀ ਮੋਹਰ ਲਾ ਕੇ ਮੈਡੀਕਲ ਦੀ ਕਾਪੀ ਹੱਥ ਲੱਗਦਿਆਂ ਹੀ ਡਾਕਟਰ ਮਹਿੰਦਰਪਾਲ ਨੇ ਇਸਦੀ ਸ਼ਿਕਾਇਤ ਪੁਲਸ ਕਮਿਸ਼ਨਰ ਨੂੰ ਦਿੱਤੀ ਹੈ, ਜਿਨ੍ਹਾਂ ਨੇ ਮਾਮਲੇ ਦੀ ਉੱਚ ਪੱਧਰ 'ਤੇ ਜਾਂਚ ਦੇ ਹੁਕਮ ਦਿੱਤੇ ਹਨ।
ਮੈਡੀਕਲ ਕਰਨ ਵਾਲਿਆਂ ਕੋਲ ਕਰਦੇ ਸਨ ਪਹਿਲਾਂ ਨੌਕਰੀ : ਡਾ. ਮਹਿੰਦਰ
ਪ੍ਰਤਾਪ : ਸਿਵਲ ਹਸਪਤਾਲ ਦੇ ਡਾਕਟਰ ਮਹਿੰਦਰ ਪ੍ਰਤਾਪ ਨੇ ਦੱਸਿਆ ਕਿ ਬੱਸ ਸਟੈਂਡ ਦੇ ਕੋਲ ਅਪੈਕਸ ਡਾਇਗਨਿਸ ਦੇ ਮਾਲਕ ਰਾਮ ਨਿਵਾਸ ਕੋਲ ਉਹ ਪਹਿਲਾਂ ਨੌਕਰੀ ਕਰਦੇ ਸਨ ਪਰ ਬਾਅਦ ਵਿਚ ਉਸਨੇ ਕੰਮ ਛੱਡ ਦਿੱਤਾ, ਜਿਸ ਤੋਂ ਬਾਅਦ ਉਸਦੀ ਨੌਕਰੀ ਲੱਗ ਗਈ ਪਰ ਹੁਣ ਜਦੋਂ ਉਨ੍ਹਾਂ ਨੂੰ ਅਚਾਨਕ ਪਤਾ ਲੱਗਾ ਕਿ ਉਨ੍ਹਾਂ ਦੀ ਮੋਹਰ ਦਾ ਗਲਤ ਇਸਤੇਮਾਲ ਹੋ ਰਿਹਾ ਹੈ ਤਾਂ ਇਸਨੂੰ ਦੇਖ ਕੇ ਉਹ ਹੈਰਾਨ ਰਹਿ ਗਏ। ਖੁਦ ਦੀ ਮੋਹਰ ਲੋਕਾਂ ਦੇ ਮੈਡੀਕਲ 'ਤੇ ਲੱਗਣ ਤੋਂ ਬਾਅਦ ਪੁਲਸ ਕਮਿਸ਼ਨਰ ਤੋਂ ਉਕਤ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।
ਮਾਮਲੇ ਦੀ ਹੋਵੇਗੀ ਜਾਂਚ : ਏ. ਸੀ. ਪੀ. ਸਮੀਰ ਵਰਮਾ : ਡਾਕਟਰ ਦੀ ਨਕਲੀ ਮੋਹਰ ਬਣਾ ਕੇ ਲੋਕਾਂ ਦੇ ਮੈਡੀਕਲ ਕਰ ਕੇ ਉਨ੍ਹਾਂ ਨੂੰ ਵਿਦੇਸ਼ ਭੇਜਣ ਜਿਹੇ ਗੋਰਖਧੰਦੇ ਦਾ ਪਰਦਾਫਾਸ਼ ਹੋਣ ਦੇ ਮਾਮਲੇ ਦੀ ਜਾਂਚ ਏ. ਸੀ. ਪੀ. ਸਮੀਰ ਵਰਮਾ ਨੂੰ ਸੌਂਪੀ ਗਈ ਹੈ। ਸਮੀਰ ਵਰਮਾ ਨੇ ਦੱਸਿਆ ਕਿ ਉਹ ਜਾਂਚ ਵਿਚ ਲੱਗੇ ਹੋਏ ਹਨ ਅਤੇ ਮਾਮਲੇ ਦੀ ਜਾਂਚ ਕੀਤੀ
ਜਾ ਰਹੀ ਹੈ। ਅਪੈਕਸ ਡਾਇਗਨਿਸ ਸੈਂਟਰ ਵਲੋਂ ਕੀਤੇ ਲੋਕਾਂ ਦੇ ਮੈਡੀਕਲ ਦੀਆਂ ਕਾਪੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਕੰਮ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਮੈਂ ਕਿਸੇ ਮੋਹਰ ਦਾ ਇਸਤੇਮਾਲ ਨਹੀਂ ਕੀਤਾ : ਰਾਮ ਨਿਵਾਸ : ਮਾਲਕ ਰਾਮ ਨਿਵਾਸ ਨੇ ਦੱਸਿਆ ਕਿ ਉਨ੍ਹਾਂ ਦੀ ਸ਼ਿਕਾਇਤ ਦੇਣ ਵਾਲਾ ਮਹਿੰਦਰ ਪ੍ਰਤਾਪ ਕਰੀਬ 5-6 ਸਾਲ ਪਹਿਲਾਂ ਉਨ੍ਹਾਂ ਨਾਲ ਕੰਮ ਕਰਦਾ ਸੀ, ਜਿਸ ਤੋਂ ਬਾਅਦ ਉਹ ਸਰਕਾਰੀ ਨੌਕਰੀ ਕਰਨ ਲੱਗ ਗਿਆ। ਬਾਅਦ ਵਿਚ ਉਨ੍ਹਾਂ ਦਾ ਮਹਿੰਦਰ ਪ੍ਰਤਾਪ ਨਾਲ ਕੋਈ ਵਾਸਤਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਡਾਕਟਰ ਦੀ ਕੋਈ ਨਕਲੀ ਮੋਹਰ ਨਹੀਂ ਬਣਾਈ। ਉਹ ਆਪਣਾ ਕੰਮ ਸਹੀ ਢੰਗ ਨਾਲ ਕਰ ਰਹੇ ਹਨ। ਉਨ੍ਹਾਂ ਨੇ ਮਹਿੰਦਰ ਪ੍ਰਤਾਪ ਵਲੋਂ ਨਕਲੀ ਮੋਹਰ ਲਗਾਉਣ ਦੇ ਦੋਸ਼ ਨੂੰ ਗਲਤ ਦੱਸਿਆ ਹੈ।
ਬੱਸ ਸਟੈਂਡ ਕੋਲ ਮੈਡੀਕਲ ਕਰਨ ਵਾਲੇ ਰਾਜਸਥਾਨੀ ਝੋਲਾ ਛਾਪ ਡਾਕਟਰਾਂ ਦੀ
ਭਰਮਾਰ : ਬੱਸ ਸਟੈਂਡ ਕੋਲ ਰਾਜਸਥਾਨ ਤੋਂ ਆਏ ਕੁਝ ਝੋਲਾ ਛਾਪ ਡਾਕਟਰਾਂ ਦੀ ਭਰਮਾਰ ਹੈ। ਜੋ ਲੋਕਾਂ ਨੂੰ ਵਿਦੇਸ਼ ਭੇਜਣ ਲਈ ਮੈਡੀਕਲ ਕਰਨ ਦਾ ਧੰਦਾ ਕਰ ਰਹੇ ਹਨ। ਡਾਕਟਰ ਦੀ ਕੋਈ ਡਿਗਰੀ ਨਹੀਂ, ਇਸ ਦੇ ਬਾਵਜੂਦ ਵੀ ਉਹ ਮੈਡੀਕਲ ਕਰਨ ਦਾ ਧੰਦਾ ਕਰ ਰਹੇ ਹਨ। ਬੱਸ ਸਟੈਂਡ ਕੋਲ ਦਫਤਰ ਲੈ ਕੇ ਸਰਟੀਫਾਈਡ ਦੇ ਮੈਡੀਕਲ ਕਰ ਰਹੇ ਹਨ, ਜਿਨ੍ਹਾਂ 'ਤੇ ਕਾਰਵਾਈ ਨਹੀਂ ਹੋਈ।
ਚੋਰਾਂ ਨੇ ਘਰ 'ਚੋਂ ਗਹਿਣੇ ਕੀਤੇ ਚੋਰੀ
NEXT STORY