ਹੁਸ਼ਿਆਰਪੁਰ (ਅਸ਼ਵਨੀ)— ਸੂਬੇ ਦੀ ਕਾਂਗਰਸ ਸਰਕਾਰ ਬੁਰੀ ਤਰ੍ਹਾਂ ਨਾਲ ਫੇਲ ਹੋ ਚੁੱਕੀ ਹੈ ਅਤੇ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਤੋਂ ਹੁਣ ਭੱਜ ਰਹੀ ਹੈ। ਉਕਤ ਵਿਚਾਰ ਆਮ ਆਦਮੀ ਪਾਰਟੀ ਦੇ ਨੇਤਾ ਡਾ. ਰਵਜੋਤ ਵੱਲੋਂ ਪ੍ਰਗਟ ਕੀਤੇ ਗਏ। ਉਨ੍ਹਾਂ ਕਿਹਾ ਕਿ ਕਿਸਾਨ ਅੱਜ ਵੀ ਖੁਦਕੁਸ਼ੀ ਕਰ ਰਹੇ ਹਨ, ਕਿਉਂਕਿ ਸਰਕਾਰ ਨੇ ਆਪਣੇ ਵਾਅਦੇ ਮੁਤਾਬਕ ਕਿਸਾਨਾਂ ਦਾ ਕਰਜ਼ ਮੁਆਫ ਨਹੀਂ ਕੀਤਾ, ਇਸ ਦੇ ਨਾਲ ਹੀ ਨਸ਼ਾ ਅੱਜ ਵੀ ਪੰਜਾਬ 'ਚ ਥਾਂ-ਥਾਂ ਮਿਲ ਰਿਹਾ ਹੈ ਅਤੇ ਕੇਬਲ ਮਾਫੀਆ ਪੂਰੀ ਤਰ੍ਹਾਂ ਨਾਲ ਸਰਗਰਮ ਹੈ। ਇਸ ਦੇ ਨਾਲ ਹੀ ਬਿਨ੍ਹਾਂ ਪਰਮਿਟ ਦੇ ਨਾਜਾਇਜ਼ ਬੱਸ ਸਰਵਿਸ ਅੱਜ ਵੀ ਚੱਲ ਰਹੀ ਹੈ ਪਰ ਸਰਕਾਰ ਨੂੰ ਇਸ ਗੱਲ ਦੀ ਕੋਈ ਫਿਕਰ ਨਹੀਂ।
ਡਾ. ਰਵਜੋਤ ਨੇ ਕਿਹਾ ਕਿ ਜਦੋਂ ਤੋਂ ਸੂਬੇ 'ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਹੈ, ਉਦੋਂ ਤੋਂ ਉਨ੍ਹਾਂ ਨੇ ਪਹਿਲਾਂ ਦੀ ਤਰ੍ਹਾਂ ਹੀ ਆਮ ਲੋਕਾਂ ਤੋਂ ਦੂਰੀ ਬਣਾਈ ਹੋਈ ਹੈ ਹੋਰ ਤਾਂ ਹੋਰ ਆਪਣੇ ਵਿਧਾਇਕਾਂ ਨੂੰ ਵੀ ਘੱਟ ਮਿਲਦੇ ਹਨ। ਅਜਿਹਾ ਮੁੱਖ ਮੰਤਰੀ ਲੋਕਾਂ ਦਾ ਦਰਦ ਕਿਵੇਂ ਦੂਰ ਕਰ ਸਕੇਗਾ। ਇਹ ਸੋਚਨ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਆਮ ਆਦਮੀ ਪਾਰਟੀ ਇਸ ਨਿਕੰਮੀ ਸਰਕਾਰ ਨੂੰ ਘੇਰਦੀ ਹੋਈ ਇਹ ਸਵਾਲ ਕਰੇਗੀ ਕਿ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਸਰਕਾਰ ਕਦੇ ਪੂਰਾ ਕਰੇਗੀ ਵੀ ਜਾਂ ਫਿਰ ਨਹੀਂ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਕਾਂਗਰਸ ਸਰਕਾਰ ਦੀ ਨਾਕਾਮੀ ਵਿਰੁੱਧ ਆਮ ਆਦਮੀ ਪਾਰਟੀ ਦੇ ਵਲੰਟਰੀਅਰ ਜ਼ਿਲਾ ਪੱਧਰ 'ਤੇ ਮੋਰਚਾ ਖੋਲ੍ਹਣ ਜਾ ਰਹੇ ਹਨ। ਇਸ ਸਮੇਂ ਹਰਪ੍ਰੀਤ ਸਿੰਘ ਧਾਮੀ, ਪ੍ਰਦੀਪ ਸੈਨ, ਤਰਸੇਮ ਮੰਡਿਆਲਾ ਆਦਿ ਵੀ ਸ਼ਾਮਲ ਸਨ।
ਸਮਾਰਟ ਸਿਟੀ ਦੇ ਲਈ ਕੰਪਨੀ ਨੇ ਬੱਚਿਆਂ ਤੋਂ ਕਰਵਾਇਆ ਸਰਵੇ
NEXT STORY