ਅੰਮ੍ਰਿਤਸਰ, (ਦਲਜੀਤ)- ਗੁਰੂ ਨਾਨਕ ਦੇਵ ਹਸਪਤਾਲ ਦੀ ਐਮਰਜੈਂਸੀ 'ਚ ਆਉਣ ਵਾਲੇ ਮਰੀਜ਼ ਸੁਚੇਤ ਹੋ ਜਾਣ। ਗੰਭੀਰ ਹਾਲਤ 'ਚ ਐਮਰਜੈਂਸੀ ਵਿਚ ਲਿਆਂਦੇ ਜਾਣ ਵਾਲੇ ਮਰੀਜ਼ਾਂ ਦੇ ਜ਼ਖਮਾਂ 'ਤੇ ਟਾਂਕੇ ਡਾਕਟਰ ਨਹੀਂ ਸਗੋਂ ਦਰਜਾ-4 ਕਰਮਚਾਰੀ ਲਾ ਰਹੇ ਹਨ ਤੇ ਮਰੀਜ਼ਾਂ ਨੂੰ ਟਾਂਕੇ ਲਾਉਣ ਦੌਰਾਨ ਹੋਣ ਵਾਲੀ ਦਰਦ ਰੋਕਣ ਲਈ ਇੰਜੈਕਸ਼ਨ ਦੀ ਬਜਾਏ ਗੋਲੀਆਂ ਖਵਾ ਰਹੇ ਹਨ। ਪਿਛਲੀ ਰਾਤ ਵੀ ਅਜਿਹਾ ਹੀ ਮਾਮਲਾ ਐਮਰਜੈਂਸੀ ਵਿਚ ਸਾਹਮਣੇ ਆਇਆ।
ਜਾਣਕਾਰੀ ਅਨੁਸਾਰ ਗੁੰਮਟਾਲਾ ਰੋਡ 'ਤੇ ਇਕ ਸੜਕ ਦੁਰਘਟਨਾ 'ਚ ਜ਼ਖਮੀ ਹੋਏ ਵਿਅਕਤੀਆਂ ਨੂੰ ਐਮਰਜੈਂਸੀ ਵਿਚ ਲਿਆਂਦਾ ਗਿਆ, ਜਿਥੇ ਇਕ ਡਾਕਟਰ ਤੇ ਇਕ ਦਰਜਾ-4 ਕਰਮਚਾਰੀ ਮੌਜੂਦ ਸੀ। ਮਰੀਜ਼ਾਂ ਦੇ ਪਰਿਵਾਰਕ ਮੈਂਬਰ ਰਾਜਿੰਦਰ ਸ਼ਰਮਾ ਨੇ ਦੱਸਿਆ ਕਿ ਜਦੋਂ ਉਹ ਐਮਰਜੈਂਸੀ ਵਿਚ ਆਏ ਤਾਂ ਇਕ ਦਰਜਾ-4 ਕਰਮਚਾਰੀ ਨੇ ਮਰੀਜ਼ਾਂ ਦੇ ਜ਼ਖਮਾਂ 'ਤੇ ਟਾਂਕੇ ਲਾਏ। ਜਦੋਂ ਉਸ ਤੋਂ ਪੁੱਛਿਆ ਕਿ ਡਾਕਟਰ ਕਿੱਥੇ ਹਨ ਤਾਂ ਉਸ ਨੇ ਕਿਹਾ ਕਿ ਸਾਹਿਬ ਘਰ ਹਨ, ਪੀ. ਜੀ. ਕੰਮ ਵੇਖ ਰਹੇ ਹਨ।
ਰਾਜਿੰਦਰ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਤੁਰੰਤ ਮਰੀਜ਼ਾਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਪ੍ਰਾਈਵੇਟ ਹਸਪਤਾਲ ਵਿਚ ਲਿਜਾ ਕੇ ਦਾਖਲ ਕਰਵਾਇਆ। ਉਨ੍ਹਾਂ ਕਿਹਾ ਕਿ ਉਕਤ ਹਸਪਤਾਲ ਪੰਜਾਬ ਦਾ ਸਭ ਤੋਂ ਵੱਡਾ ਹਸਪਤਾਲ ਹੈ ਤੇ ਇਥੇ ਰੋਜ਼ਾਨਾ ਹੀ ਦਰਜਨ ਤੋਂ ਵੱਧ ਐਮਰਜੈਂਸੀ ਕੇਸ ਆਉਂਦੇ ਹਨ। ਐਮਰਜੈਂਸੀ ਵਿਚ ਡਾਕਟਰ ਮੌਜੂਦ ਨਾ ਹੋਣ ਕਾਰਨ ਦਰਜਾ-4 ਕਰਮਚਾਰੀ ਨਿਡਰ ਹੋ ਕੇ ਮਰੀਜ਼ਾਂ ਨੂੰ ਟਾਂਕੇ ਲਾ ਰਹੇ ਹਨ। ਜੇਕਰ ਕੋਈ ਵੱਧ ਗੰਭੀਰ ਹਾਲਤ ਵਿਚ ਮਰੀਜ਼ ਐਮਰਜੈਂਸੀ ਵਿਚ ਆ ਜਾਵੇ ਤਾਂ ਸਮਰੱਥ ਸੇਵਾਵਾਂ ਨਾ ਮਿਲਣ ਕਾਰਨ ਮਰੀਜ਼ ਦੀ ਮੌਤ ਹੋ ਸਕਦੀ ਹੈ। ਪੰਜਾਬ ਸਰਕਾਰ ਨੂੰ ਉਕਤ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਦੇ ਆਦੇਸ਼ ਦੇਣੇ ਚਾਹੀਦੇ ਹਨ। ਉਨ੍ਹਾਂ ਨੇ ਉਕਤ ਮਾਮਲੇ ਸਬੰਧੀ ਉੱਚ ਅਧਿਕਾਰੀਆਂ ਨੂੰ ਵੀ ਸ਼ਿਕਾਇਤ ਕੀਤੀ ਹੈ।
ਕੀ ਕਹਿੰਦੇ ਹਨ ਡਾਕਟਰ : ਰਾਤ ਦੇ ਸਮੇਂ ਆਰਥੋ ਵਿਭਾਗ ਦੇ ਡਾ. ਪ੍ਰਤਾਪ ਸਿੰਘ ਵੇਰਕਾ ਦੀ ਐਮਰਜੈਂਸੀ 'ਚ ਡਿਊਟੀ ਸੀ, ਜਿਨ੍ਹਾਂ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਮਾਮਲੇ ਦੀ ਜਾਂਚ ਕਰਵਾਈ ਹੈ, ਪਤਾ ਲੱਗਾ ਹੈ ਕਿ ਜੋ ਮਰੀਜ਼ ਰਾਤ ਨੂੰ ਆਏ ਸਨ ਉਨ੍ਹਾਂ ਨੇ ਨਾ ਤਾਂ ਫਾਈਲ ਬਣਵਾਈ ਤੇ ਨਾ ਹੀ ਪਰਚੀ ਕਟਵਾਈ। ਡਾਕਟਰ ਐਮਰਜੈਂਸੀ ਵਿਚ ਮੌਜੂਦ ਸਨ, ਪਤਾ ਨਹੀਂ ਕਿਸ ਦਰਜਾ-4 ਤੋਂ ਉਨ੍ਹਾਂ ਟਾਂਕੇ ਲਵਾਏ ਹਨ।
ਐੱਮ. ਐੱਸ. ਨੇ ਦਿੱਤੇ ਜਾਂਚ ਦੇ ਆਦੇਸ਼ : ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਰਾਮ ਸਵਰੂਪ ਸ਼ਰਮਾ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਗਿਆ ਹੈ, ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ।
400 ਲੀਟਰ ਅਲਕੋਹਲ ਤੇ 95 ਬੋਤਲਾਂ ਸ਼ਰਾਬ ਬਰਾਮਦ
NEXT STORY