ਗੁਰਦਾਸਪੁਰ,(ਹਰਮਨਪ੍ਰੀਤ)—ਕਈ ਖੱਟੀਆਂ ਮਿਠੀਆਂ ਯਾਦਾਂ ਛੱਡ ਕੇ ਅਗਲੇ ਹਫਤੇ ਰੁਖਸਤ ਹੋ ਰਿਹਾ ਸਾਲ 2018 ਬੇਸ਼ੱਕ ਸਮਾਜਿਕ ਅਤੇ ਕੁਦਰਤੀ ਵਰਤਾਰਿਆਂ ਪੱਖੋਂ ਖੁਸ਼ੀਆਂ ਭਰਿਆ ਰਿਹਾ ਹੈ ਪਰ ਇਸ ਵਰ੍ਹੇ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਦਾ ਰਾਜਨੀਤਿਕ ਘਟਨਾਕ੍ਰਮ ਜਿੰਨਾ ਗਰਮ ਰਿਹਾ ਹੈ, ਉਸ ਦੇ ਉਲਟ ਵਿਕਾਸ ਕਾਰਜ ਉਨੇ ਹੀ ਠੰਡੇ ਰਹੇ ਹਨ। ਇਸ ਵਾਰ ਭਾਵੇਂ ਵੱਖ-ਵੱਖ ਵਿਧਾਇਕਾਂ ਤੋਂ ਇਲਾਵਾ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਜ਼ਿਲ੍ਹੇ ਅੰਦਰ ਕਈ ਨਵੇਂ ਪ੍ਰੋਜੈਕਟ ਸ਼ੁਰੂ ਲਿਆਉਣ ਦੇ ਐਲਾਨ ਵੀ ਕੀਤੇ ਪਰ ਅਮਲੀ ਰੂਪ 'ਚ ਸਾਲ ਦੇ ਅਖੀਰ ਤੱਕ ਵੀ ਕੋਈ ਵੱਡਾ ਵਿਕਾਸ ਪ੍ਰੋਜੈਕਟ ਸ਼ੁਰੂ ਨਹੀਂ ਹੋ ਸਕਿਆ। ਏਨਾ ਹੀ ਨਹੀਂ ਇਸ ਸਾਲ ਦੌਰਾਨ ਜਿਥੇ ਸਿਆਸੀ ਆਗੂਆਂ ਦੀ ਜਿੰਦਗੀ 'ਚ ਵੱਡੀ ਉਸਾਰੂ ਤਬਦੀਲੀ ਆਈ ਹੈ ਉਥੇ ਕੁਝ ਸਿਆਸੀ ਮਹਾਂਰਥੀਆਂ ਦੇ ਭਵਿੱਖ ਨੂੰ ਦਾਅ 'ਤੇ ਲਾਉਣ ਵਾਲੀਆਂ ਸਥਿਤੀਆਂ ਵੀ ਬਣੀਆਂ ਰਹੀਆਂ। ਦੂਜੇ ਪਾਸੇ ਸਰਕਾਰ ਤੋਂ ਕਈ ਆਸਾਂ ਲਗਾਈ ਬੈਠੀਆਂ ਵੱਖ-ਵੱਖ ਕਿਸਾਨ, ਮਜ਼ਦੂਰ ਅਤੇ ਮੁਲਾਜਮ ਜਥੇਬੰਦੀਆਂ ਵੀ ਸਾਰਾ ਸਾਲ ਸੜਕਾਂ 'ਤੇ ਉਤਰਦੀਆਂ ਰਹੀਆਂ ਜਿਸ ਤਹਿਤ ਸਾਲ 'ਚ ਅੱਧੀ ਦਰਜਨ ਦੇ ਕਰੀਬ ਦਿਨ ਅਜਿਹੇ ਵੀ ਸਨ ਜਿਨਾਂ ਦੌਰਾਨ ਵੱਖ-ਵੱਖ ਸਿਆਸੀ ਤੇ ਹੋਰ ਜਥੇਬੰਦੀਆਂ ਦੇ ਸੱਦੇ 'ਤੇ ਜ਼ਲ੍ਹੇ ਦੇ ਬਾਜਾਰਾਂ ਨੂੰ ਮੁਕੰਮਲ ਬੰਦ ਰੱਖਣ ਦੇ ਐਲਾਨ ਕੀਤੇ ਗਏ। ਗੁਰਦਾਸਪੁਰ ਲਈ ਸਭ ਤੋਂ ਇਤਿਹਾਸਿਕ ਯਾਦਗਾਰ ਇਹ ਰਹੀ ਕਿ ਇਸ ਸਾਲ ਦੇ ਅਖੀਰ 'ਚ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲਣ ਦਾ ਐਲਾਨ ਹੋਇਆ ਤੇ ਦੇਸ਼ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਖੁਦ ਇਥੇ ਆ ਕੇ ਇਸ ਲਾਂਘੇ ਦਾ ਨੀਂਹ ਪੱਥਰ ਰੱਖਿਆ।
ਕਈ ਰਾਜਸੀ ਆਗੂਆਂ 'ਤੇ ਬੇਹੱਦ ਭਾਰੂ ਰਿਹਾ 'ਸਾਲ-2018'
ਜੇਕਰ ਇਸ ਸਾਲ ਦੌਰਾਨ ਜ਼ਲ੍ਹਾ ਗੁਰਦਾਸਪੁਰ ਦੇ ਸਿਆਸੀ ਘਟਨਾਕ੍ਰਮ 'ਤੇ ਝਾਤ ਮਾਰੀਏ ਤਾਂ ਜ਼ਲ੍ਹੇ ਅੰਦਰ ਵਿਚਰਦੀਆਂ ਰਾਜਸੀ ਪਾਰਟੀਆਂ ਅਤੇ ਉਨ੍ਹਾਂ ਨਾਲ ਜੁੜੇ ਕਈ ਆਗੂਆਂ ਲਈ ਇਹ ਸਾਲ ਬੇਹੱਦ ਭਾਰੂ ਰਿਹਾ ਹੈ ਜਦੋਂ ਕਿ ਕੁਝ ਆਗੂਆਂ ਨੂੰ ਇਸ ਸਾਲ ਨੇ ਸੁਨਹਿਰੀ ਸਿਆਸੀ ਭਵਿੱਖ ਸਬੰਧੀ ਕਈ ਸੰਭਾਵਨਾਵਾਂ ਵੀ ਦਿਖਾਈਆਂ ਹਨ। ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਲਈ ਸਾਲ ਦੇ ਪਹਿਲੇ ਕੁਝ ਮਹੀਨੇ ਤਾਂ ਬੇਹੱਦ ਭਾਰੂ ਰਹੇ, ਫਰਵਰੀ ਦੇ ਅਖੀਰ 'ਚ ਲੰਗਾਹ 'ਤੇ ਦੋਸ਼ ਲਗਾਉਣ ਵਾਲੀ ਔਰਤ ਵੱਲੋਂ ਅਦਾਲਤ 'ਚ ਦਿੱਤੇ ਗਏ ਬਿਆਨਾਂ ਤੋਂ ਬਾਅਦ ਲੰਗਾਹ ਨੂੰ ਰਾਹਤ ਵਾਲੇ ਦਿਨਾਂ ਦੀ ਮੁੜ ਸ਼ੁਰੂਆਤ ਹੋਈ ਸੀ ਜਿਸ ਦੇ ਕੁਝ ਮਹੀਨਿਆਂ ਬਾਅਦ ਆਖਿਰਕਾਰ ਅਦਾਲਤ ਵੱਲੋਂ ਲੰਗਾਹ ਨੂੰ ਬਰੀ ਕਰ ਦਿੱਤਾ ਗਿਆ। ਪਰ ਦੂਜੇ ਪਾਸੇ ਲੰਗਾਹ ਦੇ ਦੋਸ਼ ਮੁਕਤ ਹੋਣ ਦੇ ਬਾਅਦ ਵੀ ਅਜੇ ਤੱਕ ਭਾਵੇਂ ਉਨ੍ਹਾਂ ਨੂੰ ਅਕਾਲੀ ਦਲ 'ਚ ਦੁਬਾਰਾ ਸ਼ਾਮਿਲ ਨਹੀਂ ਕੀਤਾ ਗਿਆ। ਪਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਨ੍ਹਾਂ ਦੇ ਖਾਲੇ ਹੋਏ ਡੇਰਾ ਬਾਬਾ ਨਾਨਕ ਹਲਕੇ ਦਾ ਇੰਚਾਰਜ ਵੀ ਕਿਸੇ ਆਗੂ ਨੂੰ ਨਾ ਲਗਾਏ ਜਾ ਸਕਣ ਕਾਰਨ ਇਸ ਹਲਕੇ 'ਚ ਇੰਚਾਰਜ ਲੱਗਣ ਵਾਲੇ ਆਗੂਆਂ ਦੀ ਸਥਿਤੀ ਇਕ ਅਨਾਰ ਸੌ ਬਿਮਾਰ ਵਾਲੀ ਬਣੀ ਰਹੀ ਹੈ। ਇਸ ਤਹਿਤ ਜਿਥੇ ਡੇਰਾ ਬਾਬਾ ਨਾਨਕ ਹਲਕੇ ਦੇ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲੀ ਦਲ ਦੇ ਵੋਟ ਬੈਂਕ ਨੂੰ ਸੰਨ ਲਾਉਣ 'ਚ ਕੋਈ ਕਸਰ ਨਹੀਂ ਛੱਡੀ ਉਥੇ ਅਕਾਲੀ ਆਗੂਆਂ ਦੀ ਆਪਸੀ ਫੁੱਟ ਵੀ ਸਾਰਾ ਸਾਲ ਕਈ ਵਾਰ ਉਭਰਦੀ ਰਹੀ। ਪਰ ਲੰਗਾਹ ਦੇ ਬਰੀ ਹੋਣ ਉਪਰੰਤ ਲੰਗਾਹ ਸਮਰਥਕਾਂ 'ਚ ਉਤਸ਼ਾਹ ਜਰੂਰ ਦੇਖਣ ਨੂੰ ਮਿਲਿਆ। ਇਸੇਤਰ੍ਹਾਂ ਹਲਕਾ ਸ੍ਰੀ ਹਰਗੋਬਿੰਦਰਪੁਰ 'ਚ ਵੀ ਪਿਛਲੀ ਵਾਰ ਚੋਣ ਲ਼ੜਨ ਵਾਲੇ ਅਕਾਲੀ ਉਮੀਦਵਾਰ ਵੱਲੋਂ ਦੁਬਾਰਾ ਹਲਕੇ ਵੱਲ ਮੁੜ ਕੇ ਨਾ ਦੇਖੇ ਜਾਣ ਕਾਰਨ ਇਹ ਹਲਕਾ ਵੀ ਇਕ ਤਰ੍ਹਾਂ ਨਾਲ ਲਵਾਰਸ ਹੀ ਪਿਆ ਰਿਹਾ ਜਿਥੇ ਪੁਰਾਣੇ ਅਕਾਲੀਆਂ ਸਮੇਤ ਹੋਰ ਕਈ ਆਗੂ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਲੱਭਦੇ ਰਹੇ।
ਕਈ ਨੂੰ ਮਿਲੀਆਂ 'ਸਰਦਾਰੀਆਂ' ਤੇ ਕਈ ਨੇ ਗਵਾਏ 'ਅਹੁੱਦੇ'
2018 ਦੌਰਾਨ ਮਾਰਚ ਮਹੀਨੇ ਅਕਾਲੀ ਦਲ ਵੱਲੋਂ ਜ਼ਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਜਦੋਂ ਕਿ ਗੁਰਦਾਸਪੁਰ ਨਾਲ ਹੀ ਸਬੰਧਿਤ ਰਮਨ ਬਹਿਲ ਨੂੰ ਅਧੀਨ ਸੇਵਾਵਾਂ ਚੋਣ ਬੋਰਡ ਦਾ ਚੇਅਰਮੈਨ ਨਿਯੁਕਤ ਗਿਆ। ਇਸੇਤਰ੍ਹਾਂ ਬਟਾਲਾ ਨਾਲ ਸਬੰਧਿਤ ਅਮਰਦੀਪ ਸਿੰਘ ਚੀਮਾ ਨੂੰ ਵੀ ਪੰਜਾਬ ਹੈਲਥ ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਪਰ ਦੂਜੇ ਪਾਸੇ ਹਲਕਾ ਕਾਦੀਆਂ ਅੰਦਰ ਇੰਚਾਰਜ ਵੱਲੋਂ ਵਿਚਰ ਰਹੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਵੱਲੋਂ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ ਕੀਤੀ ਬਗਾਵਤ ਵੀ ਸਾਲ ਦੇ ਅਖੀਰਲਿਆਂ ਮਹੀਨਿਆਂ 'ਚ ਚਰਚਾ ਦਾ ਵਿਸ਼ਾ ਰਹੀ ਅਤੇ ਨਤੀਜੇ ਵਜੋਂ ਸੇਖਵਾਂ ਨੇ ਅਕਾਲੀ ਦਲ ਦੇ ਅਹੁੱਦਿਆਂ ਤੋਂ ਅਸਤੀਫਾ ਦੇ ਦਿੱਤਾ ਜਦੋਂ ਕਿ ਪਾਰਟੀ ਨੇ ਉਨ੍ਹਾਂ ਨੂੰ ਬਾਹਰ ਦਾ ਰਸਤਾ ਵਿਖਾਉਣ ਦਾ ਐਲਾਨ ਕਰ ਦਿੱਤਾ। ਸੇਖਵਾਂ ਨਾਲ ਜੁੜੇ ਇਸ ਵੱਡੇ ਘਟਨਾਕ੍ਰਮ ਦੇ ਬਾਅਦ ਲਵਾਰਸ ਹੋਏ ਹਲਕਾ ਕਾਦੀਆਂ 'ਚ ਵੱਡੀ ਸਿਆਸੀ ਉਥਲ ਪੁਥਲ ਦੇਖਣ ਨੂੰ ਮਿਲੀ ਜਿਸ ਤਹਿਤ ਕਾਦੀਆਂ ਨਾਲ ਸਬੰਧਿਤ ਜਰਨੈਲ ਸਿੰਘ ਮਾਹਲ ਦਾ ਪਰਿਵਾਰ ਵੀ ਮੁੜ ਅਕਾਲੀ ਦਲ ਨਾਲ ਜਾ ਰਲਿਆ। ਇਸ ਹਲਕੇ ਦੀ ਅਗਵਾਈ ਲੈਣ ਲਈ ਜਿਥੇ ਪਹਿਲਾਂ ਹੀ ਕੰਵਲਪ੍ਰੀਤ ਸਿੰਘ ਕਾਕੀ ਕਾਫੀ ਸਰਗਰਮ ਸਨ, ਉਥੇ ਹੋਰ ਵੀ ਕਈ ਨਵੇਂ ਆਗੂ ਇਕਦਮ ਇੰਚਾਰਜ ਲੱਗਣ ਦੀ ਦੌੜ 'ਚ ਲੱਗੇ ਦਿਖਾਈ ਦਿੱਤੇ। ਪਰ ਸਾਲ ਦੇ ਅਖੀਰ ਤੱਕ ਇਹ ਹਲਕਾ ਅਕਾਲੀ ਦਲ ਵੱਲੋਂ ਅਧਿਕਾਰਿਤ ਤੌਰ 'ਤੇ ਐਲਾਨੇ ਇੰਚਾਰਜ ਤੋਂ ਸੱਖਣਾ ਹੀ ਰਿਹਾ। ਇਸੇਤਰਾਂ ਬੀ.ਜੇ.ਪੀ ਨੇ ਵੀ ਜ਼ਲ੍ਹੇ ਅੰਦਰ ਵੱਡਾ ਫੇਰ ਬਦਲ ਕਰਦਿਆਂ ਗੁਰਦਾਸਪੁਰ ਨਾਲ ਸਬੰਧਿਤ ਬਾਲ ਕਿਸ਼ਨ ਮਿੱਤਲ ਨੂੰ ਜ਼ਲ੍ਹਾ ਪ੍ਰਧਾਨ ਨਿਯੁਕਤ ਕੀਤਾ ਜਦੋਂ ਕਿ ਅਕਾਲੀ ਦਲ ਨੇ ਪਾਰਟੀ ਵਿਰੋਧੀ ਕਾਰਵਾਈ ਲਈ ਯੋਗੇਸ਼ ਭੰਡਾਰੀ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ।
ਕਾਂਗਰਸੀਆਂ ਦੀਆਂ ਵੀ ਨਹੀਂ ਰਲੀਆਂ ਸੁਰਾਂ
ਕਾਂਗਰਸ ਪਾਰਟੀ ਵੀ ਇਸ ਸਾਲ ਅੰਦਰੂਨੀ ਗੁੱਟਬੰਦੀ ਨਾਲ ਜੂਝਦੀ ਰਹੀ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਇਸ ਜ਼ਲ੍ਹੇ ਨਾਲ ਸਬੰਧਿਤ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਭਾਵੇਂ ਆਪਣੇ ਧੜੇ ਨਾਲ ਵੱਖਰੇ ਤੌਰ 'ਤੇ ਸਰਗਰਮ ਰਹੇ। ਪਰ ਜਿਆਦਾ ਸਮੇਂ ਉਨ੍ਹਾਂ ਨੇ ਦਿਲੀ ਵਿਖੇ ਕੇਂਦਰੀ ਰਾਜਨੀਤੀ 'ਚ ਆਪਣੀ ਪਕੜ ਮਜ਼ਬੂਤ ਕਰਨ 'ਚ ਗੁਜ਼ਾਰਿਆ। ਇਸੇਤਰ੍ਹਾਂ ਹੋਰ ਆਗੂਆਂ ਦੇ ਅੰਦਰਖਾਤੇ ਮਨਮਟਾਵ ਵੀ ਕਈ ਵਾਰ ਚਰਚਾ ਦਾ ਵਿਸ਼ਾ ਬਣਦੇ ਰਹੇ। ਹੋਰ ਤੇ ਹੋਰ ਬਟਾਲਾ ਨਾਲ ਸਬੰਧਿਤ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਨੇ ਤਾਂ ਬਟਾਲਾ ਵਿਖੇ ਬਣਨ ਵਾਲੇ ਨਵੇਂ ਬੱਸ ਅੱਡੇ ਨੂੰ ਲੈ ਕੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਖਿਲਾਫ ਜਨਤਕ ਤੌਰ 'ਤੇ ਬੋਲਣੋ ਵੀ ਗੁਰੇਜ ਨਹੀਂ ਕੀਤਾ ਸੀ। ਇਸੇਤਰ੍ਹਾਂ ਹੋਰ ਵੀ ਵੱਖ-ਵੱਖ ਹਲਕਿਆਂ ਅੰਦਰ ਵੀ ਕਾਂਗਰਸੀਆਂ ਦੀਆਂ ਅੰਦਰੂਨੀ ਲੜਾਈ ਚਰਚਾ ਦਾ ਵਿਸ਼ਾ ਬਣਦੀ ਰਹੀ।
ਕਰਤਾਰਪੁਰ ਸਾਹਿਬ ਲਾਂਘੇ ਨਾਲ ਸੰਬੰਧਿਤ ਇਤਿਹਾਸਿਕ ਪ੍ਰੋਗਰਾਮ
ਇਸ ਵਰ੍ਹੇ ਗੁਰਦਾਸਪੁਰ ਲਈ ਸਭ ਤੋ ਅਹਿਮ ਪ੍ਰੋਗਰਾਮ 26 ਨਵੰਬਰ ਨੂੰ ਡੇਰਾ ਬਾਬਾ ਨਾਨਕ ਦੀ ਸਰਹੱਦ ਦੇ ਨੇੜੇ ਕਰਵਾਇਆ ਗਿਆ ਵਿਸ਼ਾਲ ਸਮਾਗਮ ਸੀ, ਜਿਸਦੀ ਨਾ ਸਿਰਫ ਰਾਜਨੀਤਿਕ ਪੱਖ ਤੋ ਵੱਡੀ ਅਹਮਿਅਤ ਸੀ, ਸਗੋ ਧਾਰਮਿਕ ਪੱਖ ਤੋਂ ਵੀ ਇਹ ਲੱਖਾਂ ਲੋਕਾਂ ਦੀ ਆਸਥਾ ਨਾਲ ਜੁੜਿਆ ਹੋਇਆ ਸੀ। ਕੇਂਦਰ ਸਰਕਾਰ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਕੋਰੀਡੋਰ ਬਣਾਉਣ ਲਈ ਕੀਤੀ ਪਹਿਲਕਦਮੀ ਕਾਰਨ ਜਿੱਥੇ ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਦੀ ਇਸ ਜ਼ਿਲ੍ਹੇ ਅੰਦਰ ਆਮਦ ਇੱਕ ਇਤਿਹਾਸਿਕ ਸਮਾ ਸੀ, ਉਥੇ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਵੱਲੋਂ ਸਾਂਝੀ ਕੀਤੀ ਗਈ ਸਟੇਜ ਵੀ ਚਰਚਾ ਦਾ ਵਿਸ਼ਾ ਰਹੀ।
ਜਾਰੀ ਰਹੇ ਸਿਆਸੀ ਧਰਨੇ ਤੇ ਦੂਸ਼ਣਬਾਦੀ
ਸਮੁੱਚੇ ਵਰੇ ਦੌਰਾਨ ਜਿਲਾ ਗੁਰਦਾਸਪੁਰ ਅੰਦਰ ਨਾ ਸਿਰਫ ਕਿਸਾਨ, ਮਜਦੂਰ ਅਤੇ ਮੁਲਾਜਿਮ ਜਥੇਬੰਦੀਆਂ ਦੇ ਧਰਨਿਆਂ ਦਾ ਸਿਲਸਿਲਾ ਜਾਰੀ ਰਿਹਾ, ਸਗੋਂ ਰਾਜਸੀ ਪਾਰਟੀਆਂ ਨੇ ਵੀ ਇੱਕ ਦੂਜੇ ਦੇ ਖਿਲਾਫ ਭੜਾਸ ਕਢਣ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੱਤਾ। ਇਥੋਂ ਤੱਕ ਕਿ ਖੁਦ ਸੁਖਬੀਰ ਸਿੰਘ ਬਾਦਲ ਨੇ ਗੰਨਾ ਕਾਸ਼ਤਰਕਾਰਾਂ ਦੇ ਹੱਕ ਵਿੱਚ ਪਹੁੰਚ ਕੇ ਧਰਨਾ ਦਿੱਤਾ, ਜਦੋਂ ਕਿ ਕਾਂਗਰਸ ਨੇ ਵੀ ਕੇਂਦਰ ਸਰਕਾਰ ਤੇ ਅਕਾਲੀਆਂ ਦੇ ਕਈ ਵਾਰ ਪੁਤਲੇ ਫੂਕਣ ਤੋ ਇਲਾਵਾ ਰੋਸ ਪ੍ਰਦਰਸ਼ਨ ਵੀ ਕੀਤੇ। ਇਨਾ ਹੀ ਨਹੀਂ ਸੁਖਬੀਰ ਸਿੰਘ ਬਾਦਲ ਦੀ ਅਕਤੂਬਰ ਮਹੀਨੇ ਗੁਰਦੁਆਰਾ ਅੰਗੀਠਾ ਸਾਹਿਬ ਨਿੱਕੇ ਘੁੰਮਣ ਵਿੱਖੇ ਹੋਈ ਆਮਦ ਮੌਕੇ ਵੀ ਕੁਝ ਲੋਕਾਂ ਨੇ ਨਾਅਰੇਬਾਜੀ ਕੀਤੀ, ਜਦੋਂ ਕਿ ਅਕਾਲੀ ਦਲ ਨੇ ਅਕਾਲੀ ਆਗੂਆਂ ਦੇ ਖਿਲਾਫ ਹੋਏ ਪਰਚਿਆ ਦੇ ਵਿਰੁੱਧ ਵੀ ਧਰਨੇ ਦਿੱਤੇ। ਇਸੇਤਰਾਂ ਕਾਂਗਰਸੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਗੁਰਬਾਣੀ ਦੀ ਤੁੱਕ ਦੇ ਉਚਾਰਨ 'ਚ ਕੀਤੀ ਕਥਿਤ ਗਲਤੀ ਦਾ ਮੁੱਦਾ ਚੁੱਕ ਕੇ ਵੀ ਕੁਝ ਲੋਕਾਂ ਨੇ ਜ਼ਲ੍ਹੇ ਅੰਦਰ ਰੋਸ ਪ੍ਰਗਟ ਕੀਤਾ ਸੀ।
ਸੰਘਰਸ਼ਸ਼ੀਲ ਜੱਥੇਬੰਦੀਆਂ ਰਹੀਆਂ ਸੜਕਾਂ 'ਤੇ
ਇਸ ਵਰੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਮਾਰਚ ਮਹੀਨੇ ਦੌਰਾਨ ਗੁਰਦਾਸਪੁਰ ਪਹੁੰਚ ਕੇ ਕਿਸਾਨਾਂ ਨੂੰ ਕਰਜਾ ਮਾਫੀ ਸਰਟੀਫਿਕੇਟ ਵੰਡੇ ਅਤੇ ਸਾਲ ਦੌਰਾਨ ਹੋਰ ਭਲਾਈ ਕਾਰਜ ਵੀ ਚੱਲਦੇ ਰਹੇ, ਪਰ ਇਸਦੇ ਬਾਵਜੂਦ ਸਾਰਾ ਸਾਲ ਕਿਸਾਨ ਅਤੇ ਮਜਦੂਰਾਂ ਤੋ ਇਲਾਵਾ ਮੁਲਾਜਮਾਂ ਦੀਆਂ ਜੱਥੇਬੰਦੀਆਂ ਨੇ ਧਰਨੇ ਦੇਣ ਦਾ ਸਿਲਸਿਲਾ ਜਾਰੀ ਰੱਖਿਆ। ਖਾਸ ਤੌਰ ਤੇ ਮੁਲਾਜਿਮਾਂ ਨੂੰ ਡੀ.ਏ ਦੀਆਂ ਕਿਸ਼ਤਾਂ ਅਤੇ ਬਕਾਏ ਨਾ ਮਿਲਣ ਤੋ ਇਲਾਵਾ ਅਧਿਆਪਕਾਂ ਦੀਆਂ ਘਟਾਈਆਂ ਗਈਆ ਤਨਖਾਹਾ ਦੇ ਮੁੱਦੇ ਬੇਹਦ ਭਾਰੂ ਰਹੇ।
ਹਵਾ 'ਚ ਰਹਿ ਗਏ ਵਿਕਾਸ ਕਾਰਜ
ਇਸ ਸਾਲ ਦੌਰਾਨ ਭਾਵੇਂ ਦੀਨਾਨਗਰ ਅਤੇ ਕਲਾਨੌਰ ਵਿਖੇ ਨਵੀਆਂ ਬਣੀਆਂ ਸਬ ਡਿਵੀਜਨਾਂ 'ਚ ਐਸ.ਡੀ.ਐਮ ਤੈਨਾਤ ਕਰ ਦਿੱਤੇ ਜਾਣ ਸਮੇਤ ਭਾਵੇਂ ਸਰਕਾਰ ਨੇ ਸੜਕਾਂ ਦਾ ਨਿਰਮਾਣ ਕਰਾਉਣ, ਗੁਰਦਾਸੁਪਰ ਦੇ ਬਾਹਰਵਾਰ ਜੇਲ੍ਹ ਰੋਡ ਤੋਂ ਦੋਰਾਂਗਲਾ ਰੋਡ ਤੱਕ ਚੌੜੀ ਸੜਕ, ਭਗਵਾਨ ਪਰਸ਼ੂ ਰਾਮ ਚੌਂਕ ਬਣਾਉਣ ਸਮੇਤ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ 'ਚ ਹੋਰ ਵੀ ਕਈ ਪਹਿਲਕਦਮੀਆਂ ਕੀਤੀਆਂ ਹਨ, ਪਰ ਕਲਾਨੌਰ ਤੇ ਲਾਧੂਪੁਰ ਦੇ ਸਰਕਾਰੀ ਕਾਲਜਾਂ ਤੋਂ ਇਲਾਵਾ ਗੁਰਦਾਸਪੁਰ ਦਾ ਮੈਡੀਕਲ ਕਾਲਜ, ਡੱਲਾ ਗੋਰੀਆ ਦਾ ਸੈਨਿਕ ਸਕੂਲ, ਗੁਰਦਾਸਪੁਰ ਤੇ ਦੀਨਾਨਗਰ ਵਿਖੇ ਰੇਲਵੇ ਬ੍ਰਿਜ, ਗੁਰਦਾਸਪੁਰ ਦੇ ਬੱਸ ਅੱਡੇ ਸਮੇਤ ਹੋਰ ਕਈ ਪ੍ਰੋਜੈਕਟਾਂ ਦਾ ਕੰਮ ਕਾਗਜਾਂ ਤੱਕ ਹੀ ਸੀਮਿਤ ਰਹਿ ਗਿਆ। ਇਸੇ ਤਰ੍ਹਾਂ ਨਾ ਤਾਂ ਰੇਤ ਬੱਜਰੀ ਦੀਆਂ ਕੀਮਤੀ ਘਟੀਆਂ ਅਤੇ ਨਾ ਹੀ ਲੋਕਾਂ ਦੀ ਮੰਗ ਅਨੁਸਾਰ ਹੋਰ ਸਹੂਲਤਾਂ ਮਿਲ ਸਕੀਆਂ। ਇਥੋਂ ਤੱਕ ਕਿ ਭੱਠਿਆਂ ਨੂੰ ਬੰਦ ਰੱਖਣ ਸੰਬੰਧੀ ਗ੍ਰੀਨ ਟ੍ਰਿਬਿਊੁਨਲ ਵੱਲੋਂ ਕੀਤੀਆਂ ਹਦਾਇਤਾ ਕਾਰਨ ਇਟਾਂ ਦੇ ਰੇਟ ਵੀ ਅਸਮਾਨੀ ਚੜ ਗਏ।
ਚੋਣਾਂ ਨੇ ਗਰਮਾਈ ਰੱਖਿਆ ਮਾਹੌਲ
ਅਕਤੂਬਰ ਮਹੀਨੇ ਹੋਈਆਂ ਬਲਾਕ ਸੰਮਤੀ ਚੋਣਾਂ ਨੇ ਜ਼ਲ੍ਹੇ ਦਾ ਸਿਆਸੀ ਮਾਹੌਲ ਏਨਾ ਗਰਮਾਈ ਰੱਖਿਆ ਕਿ ਕਈ ਥਾਂਵਾ 'ਤੇ ਇੱਟੇ ਰੋੜੇ ਚੱਲਣ ਤੋਂ ਇਲਾਵਾ ਗੁਰਦਾਸਪੁਰ ਵਿਖੇ ਅਕਾਲੀਆਂ ਅਤੇ ਕਾਂਗਰਸੀਆਂ ਦੀ ਆਹਮੋ ਸਾਹਮਣੀ ਲੜਾਈ ਦੀ ਨੌਬਤ ਆ ਗਈ। ਇਸ ਦੌਰਾਨ ਅਕਾਲੀਆਂ ਨੇ ਬਹੁਤ ਗਿਣਤੀ ਹਲਕਿਆਂ ਵਿੱਚ ਬਾਈਕਾਟ ਕਰ ਦਿੱਤਾ ਅਤੇ ਕਾਂਗਰਸ ਇੱਕ ਤਰਫਾ ਜਿੱਤ ਹਾਸਿਲ ਕਰਨ ਵਿੱਚ ਸਫਲ ਰਹੀ। ਇਸੇ ਤਰ੍ਹਾਂ ਸਾਲ ਦੇ ਅਖੀਰ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾ ਨੇ ਵੀ ਪਿੰਡਾ ਦਾ ਮਾਹੌਲ ਗਰਮਾਈ ਰੱਖਿਆ। ਇਸ ਵਰ੍ਹੇ ਦੌਰਾਨ ਗੁਰਦਾਸਪੁਰ ਅੰਦਰ ਅਕਾਲੀ ਦਲ ਦੇ ਜ਼ਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਤੋਂ ਇਲਾਵਾ ਉਨ੍ਹਾਂ ਦੇ ਸਪੁੱਤਰ ਸਮੇਤ ਹੋਰ ਕਈ ਸੀਨੀਅਰ ਆਗੂਆਂ 'ਤੇ ਵੀ ਪਰਚੇ ਹੋਣ ਦਾ ਮਾਮਲਾ ਚਰਚਾ 'ਚ ਰਿਹਾ।
ਬਾਦਲ ਦਾ ਬੱਚਾ ਮੰਦਬੁੱਧੀ : ਭਗਵੰਤ ਮਾਨ
NEXT STORY