ਪਟਿਆਲਾ/ਬਾਰਨ (ਇੰਦਰਪ੍ਰੀਤ)-ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀ ਵਿਚ ਬੁਲਟ ਦੀ ਗੇੜੀ ਲਾਉਣ ਵਾਲਿਆਂ ਖਿਲਾਫ਼ ਜਿੱਥੇ ਪ੍ਰਬੰਧਕ ਆਪਣਾ ਸਖ਼ਤ ਰੁਖ ਅਪਣਾਉਣ ਦੀ ਤਿਆਰੀ ਵਿਚ ਨਜ਼ਰ ਆ ਰਹੇ ਹਨ, ਉਥੇ ਹੀ ਪੁਲਸ ਪੱਬਾਂ ਭਾਰ ਹੋਈ ਪਈ ਹੈ। ਵਿਦਿਅਕ ਅਦਾਰਿਆਂ ਵਿਚ ਬੁਲਟ ਦੀ ਐਂਟਰੀ 'ਤੇ ਵੀ ਰੋਕ ਲੱਗ ਸਕਦੀ ਹੈ। ਇਸ ਸਾਰੇ ਮਾਮਲੇ ਪਿੱਛੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਖ਼ਤੀ ਮੰਨਿਆ ਜਾ ਰਿਹਾ ਹੈ। ਕੰਨ-ਪਾੜਵੀਆਂ ਆਵਾਜ਼ਾਂ ਤੋਂ ਸੂਬੇ ਦੇ ਲੋਕਾਂ ਨੂੰ ਰਾਹਤ ਦੁਆਉਣ ਲਈ ਵਿਭਾਗ ਉਨ੍ਹਾਂ ਵਾਹਨ ਚਾਲਕਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਜਾ ਰਿਹਾ ਹੈ, ਜੋ ਆਪਣੇ ਵਾਹਨ 'ਤੇ ਪ੍ਰੈਸ਼ਰ ਹਾਰਨ, ਪਟਾਕੇ ਮਾਰਨ ਵਾਲੇ ਸਾਇਲੈਂਸਰ ਜਾਂ ਫਿਰ ਸਾਇਲੈਂਸਰ ਦੀਆਂ ਜਾਲੀਆਂ ਆਦਿ ਵਿਚ ਕੋਈ ਜੁਗਾੜ ਕਰ ਕੇ ਉਨ੍ਹਾਂ ਦੀ ਆਵਾਜ਼ ਬਦਲ ਦਿੰਦੇ ਹਨ, ਜਿਸ ਨਾਲ ਸ਼ੋਰ ਪ੍ਰਦੂਸ਼ਣ ਫੈਲਦਾ ਹੈ। ਮੋਟਰਵ੍ਹੀਕਲ ਐਕਟ 1988 ਤੇ ਹਵਾ ਪ੍ਰਦੂਸ਼ਣ ਐਕਟ 1981 ਤਹਿਤ ਮੋਟਰਵ੍ਹੀਕਲਾਂ ਰਾਹੀਂ ਪਟਾਕੇ ਮਾਰਨ ਵਾਲੇ ਵਿਅਕਤੀਆਂ ਨੂੰ ਜੁਰਮਾਨਾ ਤੇ 6 ਸਾਲ ਤੱਕ ਦੀ ਕੈਦ ਵੀ ਹੋ ਸਕਦੀ ਹੈ। ਇਸ ਐਕਟ ਨੂੰ ਲਾਗੂ ਕਰਨ ਲਈ ਵਿਭਾਗ ਵੱਲੋਂ ਉੁਨ੍ਹਾਂ ਵਾਹਨਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ, ਜੋ ਕੰਨ-ਪਾੜਵੀਆਂ ਆਵਾਜ਼ਾਂ ਨਾਲ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਨ। ਉਨ੍ਹਾਂ ਵਾਹਨ ਚਾਲਕਾਂ ਖਿਲਾਫ਼ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਕਾਰਵਾਈ ਨੂੰ ਅਮਲ ਵਿਚ ਲਿਆ ਰਿਹਾ ਹੈ।
ਵਿਦਿਅਕ ਅਦਾਰਿਆਂ ਨੂੰ ਵੀ ਸੂਚਿਤ ਕਰਨ ਲਈ ਪੱਤਰ ਲਿਖੇ ਗਏ ਹਨ ਕਿ ਪੜ੍ਹਨ ਆਉਣ ਵਾਲੇ ਵਿਦਿਆਰਥੀ ਜੋ ਬੁਲਟ ਲੈ ਕੇ ਆਉਂਦੇ ਹਨ, ਉਸ ਦੀ ਆਵਾਜ਼ ਬਦਲ ਕੇ ਸ਼ੋਰ ਪ੍ਰਦੂਸ਼ਣ ਫੈਲਾਉਂਦੇ ਹਨ। ਉਨ੍ਹਾਂ ਨੂੰ ਸਖ਼ਤੀ ਨਾਲ ਨਜਿੱਠਿਆ ਜਾਵੇ। ਇਸ ਨੂੰ ਲੈ ਕੇ ਵਿਦਿਅਕ ਅਦਾਰਿਆਂ ਵੱਲੋਂ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਜਾਂਚ ਵਿਚ ਜੁਟ ਗਈਆਂ ਹਨ। ਪੰਜਾਬੀ ਯੂਨੀਵਰਸਿਟੀ ਵਿਖੇ ਵੀ ਸਕਿਓਰਿਟੀ ਵੱਲੋਂ ਬੁਲਟ ਮੋਟਰਸਾਈਕਲਾਂ ਦੀ ਚੈਕਿੰਗ ਕੀਤੀ ਗਈ, ਜਿਨ੍ਹਾਂ ਦੀ ਆਵਾਜ਼ ਨੂੰ ਬਦਲਿਆ ਗਿਆ। ਬੁਲਟਾਂ ਦੇ ਨੰਬਰ ਅਤੇ ਚਾਲਕਾਂ ਦੇ ਨੰਬਰ ਹਾਈ ਅਥਾਰਿਟੀ ਨੂੰ ਦਿੱਤੇ ਜਾ ਰਹੇ ਹਨ ਤਾਂ ਕਿ ਬੁਲਟਾਂ ਦੀ ਐਂਟਰੀ 'ਤੇ ਰੋਕ ਲਾਈ ਜਾ ਸਕੇ। ਆਉੁਣ ਵਾਲੇ ਦਿਨਾਂ ਵਿਚ ਬੁਲਟ ਮੋਟਰਸਾਈਕਲਾਂ 'ਤੇ ਸਖ਼ਤ ਕਾਰਵਾਈ ਹੋ ਸਕਦੀ ਹੈ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਐੱਲ. ਈ. ਡੀ. ਲਾਈਟਾਂ ਤੇ ਫੁੱਲਾਂ ਨਾਲ ਸਜਾਇਆ
NEXT STORY