ਝਬਾਲ (ਨਰਿੰਦਰ, ਲਾਲੂਘੁੰਮਣ, ਬਖਤਾਵਰ, ਭਾਟੀਆ) - ਪਿਛਲੇ ਦਿਨੀਂ ਫੇਸਬੁੱਕ 'ਤੇ ਗਗਨ ਪੰਡਤ ਵੱਲੋਂ ਐਨਕਾਉਂਟਰ ਦਾ ਖਦਸ਼ਾ ਜਤਾਉਣ ਵਾਲੇ ਗਗਨ ਪੰਡਿਤ ਨੂੰ ਪੁਲਸ ਵੱਲੋਂ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਮੁਤਾਬਕ ਅਕਾਲੀ ਆਗੂ ਅੰਮ੍ਰਿਤਪਾਲ ਸਿੰਘ ਬਾਠ ਦੇ ਹੱਕ 'ਚ ਨਿੱਤਰਦਿਆਂ ਚਰਚਿਤ ਨੌਜਵਾਨ ਗਗਨਦੀਪ ਪੰਡਿਤ ਨੇ ਆਪਣੀ ਫੇਸਬੁਕ ਆਈ.ਡੀ. 'ਤੇ ਪੋਸਟ ਪਾਈ ਹੈ, ਜਿਸ ਵਿਚ ਉਸ ਨੇ ਪੁਲਸ 'ਤੇ ਅੰਮ੍ਰਿਤਪਾਲ ਸਿੰਘ ਬਾਠ ਵਿਰੁੱਧ ਝੂਠਾ ਕੇਸ ਦਰਜ ਕਰਨ ਦੇ ਦੋਸ਼ ਲਗਾਇਆ ਹੈ। ਇਸ ਦੌਰਾਨ ਉਸ ਨੇ ਲਿਖਿਆ ਹੈ ਕਿ ਇਸ ਮਾਮਲੇ ਦੀ ਆਈ. ਜੀ. ਕੁਵੰਰ ਵਿਜੇ ਪ੍ਰਤਾਪ ਸਿੰਘ ਪਾਸੋਂ ਜਾਂਚ ਕਰਵਾਈ ਜਾਵੇ। ਉਥੇ ਹੀ ਖੇਤਰ ਦੇ ਕੁਝ ਸਿਆਸੀ ਵਿਅਕਤੀਆਂ ਦੀ ਸ਼ਹਿ 'ਤੇ ਪੁਲਸ ਵੱਲੋਂ ਬਾਠ 'ਤੇ ਪਰਚਾ ਦਰਜ ਕਰਨ ਦਾ ਵੀ ਦਾਅਵਾ ਕੀਤਾ ਸੀ।
ਸੂਤਰਾ ਮੁਤਾਬਕ ਫੇਸਬੁੱਕ 'ਤੇ ਐਨਕਾਉਂਟਰ ਦਾ ਖਦਸ਼ਾ ਜਤਾਉਣ ਵਾਲੇ ਗਗਨ ਪੰਡਿਤ ਨੂੰ ਪੁਲਸ ਵੱਲੋਂ ਮੰਗਲਵਾਰ ਸ਼ਾਮ ਅੰਮ੍ਰਿਤਸਰ ਤੋਂ ਕਾਬੂ ਕੀਤਾ ਗਿਆ ਹੈ ਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਸਬੰਧੀ ਹਰਿਆਣਾ ਹਾਈਕੋਰਟ ਨੂੰ ਬਕਾਇਦਾ ਦਵਿੰਦਰ ਕੁਮਾਰ ਨਾਮੀ ਵਿਅਕਤੀ ਪਟੀਸ਼ਨ ਪਾ ਕੇ ਜਾਣੂ ਕਰਵਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਗਗਨ ਪੰਡਿਤ ਜੋ ਅੱਡਾ ਝਬਾਲ ਦਾ ਨਿਵਾਸੀ ਹੈ ਤੇ ਉਸ ਖਿਲਾਫ ਕਈ ਵੱਖ-ਵੱਖ ਥਾਣਿਆਂ 'ਚ ਕਈ ਕੇਸ ਦਰਜ ਹਨ। ਪੁਲਸ ਕਾਫੀ ਸਮੇਂ ਤੋਂ ਉਸ ਦੀ ਤਲਾਸ਼ ਕਰ ਰਹੀ ਸੀ। ਪਿਛਲੇ ਦਿਨੀਂ ਅੰਮ੍ਰਿਤਸਰ (ਮਜੀਠਾ) ਜ਼ਿਲੇ ਦੇ ਇਕ ਪੈਲੇਸ 'ਚ ਗੈਂਗਵਾਰ ਦੌਰਾਨ ਮਾਰੇ ਗਏ ਦੋ ਨੌਜਵਾਨਾਂ ਦੇ ਮਾਮਲੇ 'ਚ 302 ਦਾ ਪਰਚਾ ਵੀ ਦਰਜ ਕੀਤਾ ਗਿਆ ਸੀ। ਥਾਣਾ ਝਬਾਲ ਦੇ ਇੰ. ਮਨੋਜ ਕੁਮਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗਗਨ ਪੰਡਤ ਨੂੰ ਪੁੱਛਗਿੱਛ ਲਈ ਥਾਣਾ ਝਬਾਲ ਵਿਖੇ ਲਿਆਦਾ ਜਾਵੇਗਾ।
ਗਗਨ 'ਤੇ ਗੋਲੀਆਂ ਚਲਾਈਆਂ ਤੇ ਗੱਡੀ 'ਚ ਸੁੱਟ ਕੇ ਫਰਾਰ ਹੋ ਗਏ ਸਿਵਲ ਵਰਦੀਧਾਰੀ - ਦਵਿੰਦਰ
ਹਾਈਕੋਰਟ 'ਚ ਪਟੀਸ਼ਨ ਦਾਇਰ ਕਰਨ ਵਾਲੇ ਪ੍ਰਤੱਖ ਦਰਸ਼ੀ ਅਤੇ ਗਗਨ ਪੰਡਿਤ ਦੇ ਕਥਿਤ ਰਿਸ਼ਤੇਦਾਰ ਦਵਿੰਦਰ ਕੁਮਾਰ ਨੇ 'ਜਗਬਾਣੀ' ਨੂੰ ਫੋਨ 'ਤੇ ਦੱਸਿਆ ਕਿ ਬੀਤੀ 30 ਜਨਵਰੀ ਦੀ ਸ਼ਾਮ ਜਦੋਂ ਗਗਨਦੀਪ ਉਰਫ ਗਗਨ ਕਬੀਰ ਪਾਰਕ ਅੰਮ੍ਰਿਤਸਰ ਸਥਿਤ ਯੂਨੀਵਰਸਿਟੀ ਦੀ ਪਾਰਕ 'ਚ ਖੜਾ ਸੀ ਤਾਂ ਇਨੋਵਾ ਅਤੇ ਇਕ ਆਲਟੋ ਗੱਡੀ 'ਚ ਆਏ ਸਿਵਲ ਕੱਪੜਿਆਂ 'ਚ ਕੁਝ ਵਿਅਕਤੀ ਗੱਡੀਆਂ 'ਚੋਂ ਉਤਰੇ ਤੇ 2 ਲੋਕਾਂ ਵੱਲੋਂ ਪਿੱਛੋਂ ਜੱਫਾ ਮਾਰ ਕੇ ਗਗਨਦੀਪ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਦੋਂ ਕਿ ਇਕ ਪਗੜੀਧਾਰੀ ਵਿਅਕਤੀ ਵੱਲੋਂ ਦਹਿਸ਼ਤ ਫੈਲਾਉਣ ਲਈ ਪਿਸਤੌਲ ਨਾਲ 3 ਫਾਇਰ ਵੀ ਹਵਾ 'ਚ ਕੀਤੇ ਗਏ ਅਤੇ ਗਗਨਦੀਪ ਨੂੰ ਗੱਡੀਆਂ 'ਚ ਜ਼ਬਰੀ ਸੁੱਟ ਕੇ ਫਰਾਰ ਹੋ ਗਏ।
ਕੀ ਕਹਿਣਾ ਡੀ. ਐੱਸ. ਪੀ. ਦਿਹਾਤੀ ਹਰਪ੍ਰੀਤ ਸਿੰਘ ਦਾ
ਡੀ. ਐੱਸ. ਪੀ. ਇੰਨਵੈਸਟੀਗੇਸ਼ਨ ਦਿਹਾਤੀ ਅੰਮ੍ਰਿਤਸਰ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਐੱਸ. ਐੱਸ. ਪੀ. ਦਿਹਾਤੀ ਪਰਮਪਾਲ ਸਿੰਘ ਦੇ ਹੁਕਮਾਂ 'ਤੇ ਗਗਨ ਪੰਡਿਤ ਨੂੰ ਗ੍ਰਿਫਤਾਰ ਕਰਨ ਲਈ ਐੱਸ. ਪੀ. ਦਿਹਾਤੀ ਹਰਪਾਲ ਸਿੰਘ, ਡੀ. ਐੱਸ. ਪੀ. ਹਰਪ੍ਰੀਤ ਸਿੰਘ ਅਤੇ ਐਂਟੀ ਗੈਂਗਸਟਰ ਦੇ ਐੱਸ. ਆਈ. ਅਮਨਦੀਪ ਸਿੰਘ ਦੇ ਅਧਾਰਿਤ ਟੀਮ ਗਠਤ ਕੀਤੀ ਗਈ ਸੀ ਜਿਸ ਵੱਲੋਂ ਗਗਨ ਪੰਡਿਤ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਸੀ। ਡੀ. ਐੱਸ. ਪੀ. ਹਰਪ੍ਰੀਤ ਸਿੰਘ ਅਨੁਸਾਰ ਗਗਨਦੀਪ ਸਿੰਘ ਉਰਫ ਗਗਨ ਪੁੱਤਰ ਰਾਮ ਪ੍ਰਕਾਸ਼ ਵਾਸੀ ਝਬਾਲ 'ਬੀ' ਕੈਟਾਗਰੀ ਦਾ ਮੁਜ਼ਰਮ ਹੈ। ਇਸ ਖਿਲਾਫ ਕਈ ਕੇਸ ਵੱਖ-ਵੱਖ ਥਾਣਿਆਂ 'ਚ ਦਰਜ ਹਨ। ਗਗਨ ਪੰਡਿਤ ਛੇਹਰਟਾ ਪੈਲੇਸ 'ਚ ਗੋਲੀਕਾਂਡ ਦੌਰਾਨ ਕਤਲ ਹੋਏ ਨੌਜਵਾਨ ਦੇ ਸਬੰਧ 'ਚ ਥਾਣਾ ਘਰਿੰਡਾ ਵਿਖੇ ਦਰਜ ਮੁਕਦਮਾਂ ਨੰਬਰ 177 'ਚ ਪੁਲਸ ਨੂੰ ਲੋੜੀਂਦਾ ਸੀ, ਜਿਸ ਨੂੰ ਗੁਪਤ ਸੂਚਨਾ ਦੇ ਅਧਾਰ 'ਤੇ ਬੀਤੀ ਮੰਗਲਵਾਰ ਦੀ ਸ਼ਾਮ ਟੀਮ ਵੱਲੋਂ ਅੰਮ੍ਰਿਤਸਰ ਤੋਂ 315 ਬੋਰ ਦੇ ਦੇਸੀ ਕੱਟੇ 3 ਕਾਰਤੂਸਾਂ ਸਮੇਤ ਕਾਬੂ ਕੀਤਾ ਗਿਆ ਹੈ। ਗਗਨਦੀਪ ਦੀ ਗ੍ਰਿਫਤਾਰੀ ਪਾ ਦਿੱਤੀ ਗਈ ਹੈ ਅਤੇ ਉਸਨੂੰ ਵੀਰਵਾਰ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਾ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
ਪ੍ਰਵਾਸੀ ਭਾਰਤੀ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ 'ਚ ਨਿਭਾਅ ਰਹੇ ਨੇ ਅਹਿਮ ਭੂਮਿਕਾ: ਰਾਣਾ ਕੇ. ਪੀ.
NEXT STORY