ਫਰੀਦਕੋਟ (ਪਰਮਜੀਤ)-ਪੰਜਾਬ ਡਿਗਰੀ ਕਾਲਜ ਮਹਿਮੂਆਣਾ ਵਿਖੇ ਪੇਂਡੂ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਸਬੰਧੀ ਇਕ ਰੋਜ਼ਾ ਫੈਕਲਟੀ ਡਿਵੈੱਲਪਮੈਂਟ ਪ੍ਰੋਗਰਾਮ ਕਰਵਾਇਆ ਗਿਆ। ਇਸ ਸਮੇਂ ਇਲਾਕੇ ਦੀ ਨਾਮਵਾਰ ਸ਼ਖ਼ਸੀਅਤ ਇੰਦਰਜੀਤ ਸਿੰਘ ਖਾਲਸਾ ਮੁੱਖ ਮਹਿਮਾਨ ਵਜੋਂ ਪਹੁੰਚੇ। ਇਸ ਪ੍ਰੋਗਰਾਮ ’ਚ ਜ਼ਿਲਾ ਫਰੀਦਕੋਟ ਦੇ ਸਕੂਲਾਂ ਦੇ ਅਧਿਆਪਕਾਂ ਨੇ ਡੈਲੀਗੇਟਸ ਵਜੋਂ ਹਿੱਸਾ ਲਿਆ। ਇਸ ਦੌਰਾਨ ਮੁੱਖ ਬੁਲਾਰੇ ਵਜੋਂ ਪ੍ਰੋ. ਬ੍ਰਹਮਜਗਦੀਸ਼ ਉੱਘੇ ਵਿਦਵਾਨ ਆਲੋਚਕ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੇਂਡੂ ਵਿਦਿਆਰਥੀਆਂ ’ਚ ਭਰਪੂਰ ਸਮਰਥਾ ਹੈ। ਇਸ ਦੀ ਤੁਲਨਾ ਸ਼ਹਿਰੀ ਵਿਦਿਆਰਥੀਆਂ ਨਾਲ ਕੀਤੀ ਜਾਵੇ ਤਾਂ ਇਹ ਵਿਦਿਆਰਥੀ ਮੋਹਰੀ ਸਾਬਤ ਹੋਣਗੇ। ਸਿੱਖਿਆ ਅਤੇ ਸਿੱਖਣ ਦੇ ਮੌਕੇ ਪ੍ਰਦਾਨ ਕਰਨ ਲਈ ਹਰ ਹੀਲੇ ਅਧਿਆਪਕ ਹੀ ਸਰੋਤ ਸਾਬਤ ਹੁੰਦਾ ਹੈ। ਇਸ ਖੇਤਰ ਦੇ ਵਿਦਿਆਰਥੀ ਇਸ ਸਮਰਥਾ ਦੇ ਕਾਬਲ ਹਨ ਕਿ ਉਹ ਉੱਚ ਤਰੱਕੀਆਂ ਨੂੰ ਪ੍ਰਾਪਤ ਕਰ ਸਕਣ। ਇਸ ਸਮੇਂ ਪ੍ਰੋ. ਫਿਲਿਪ ਸਪੈਂਸਰ, ਰਿਟਾ. ਪ੍ਰੋ. ਸਰਕਾਰੀ ਬ੍ਰਜਿੰਦਰਾ ਕਾਲਜ ਨੇ ਕਮਿਊਨੀਕੇਸ਼ਨ ਸਕਿੱਲਜ਼ ’ਤੇ ਦੱਸਿਆ ਕਿ ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਆਸਾਨ ਤਰੀਕੇ ਨਾਲ ਸਿਖਾਈ ਜਾ ਸਕਦੀ ਹੈ, ਜਿਸ ਦੀਆਂ ਉਦਾਹਰਨਾਂ ਉਨ੍ਹਾਂ ਨੇ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਵਿਚ ਵਰਤੇ ਜਾਣ ਵਾਲੇ ਸ਼ਬਦਾਂ ਤੋਂ ਹੀ ਲਈਆਂ। ਰਿਟਾ. ਪ੍ਰੋ. ਹਰਬੰਸ ਸਿੰਘ ਗਿੱਲ ਨੇ ਕਿਹਾ ਕਿ ਅਧਿਆਪਕ ਦਾ ਦਰਜਾ ਰੱਬ ਦੇ ਬਰਾਬਰ ਦਾ ਦਰਜਾ ਹੈ। ਜੇਕਰ ਅਧਿਆਪਕ ਚਾਹੇ ਤਾਂ ਉਹ ਵਿਦਿਆਰਥੀ ਨੂੰ ਫਰਸ਼ ਤੋਂ ਅਰਸ਼ ਤੱਕ ਪਹੁੰਚਾ ਸਕਦਾ ਹੈ। ਇਸ ਲਈ ਬਿਨਾਂ ਕਿਸੇ ਵਿਤਕਰੇ ਤੋਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਫਰਜ਼ ਪਛਾਣੀਏ ਅਤੇ ਉਸ ਨੂੰ ਅਮਲੀ ਰੂਪ ’ਚ ਅਪਣਾਈਏ। ਦੂਸਰੇ ਸੈਸ਼ਨ ਦੌਰਾਨ ਗਜ਼ਲ-ਏ-ਮਹਿਫਲ ਦਾ ਆਗਾਜ਼ ਬਹੁਤ ਹੀ ਖੂਬਸੂਰਤੀ ਨਾਲ ਹੋਇਆ, ਜਿਸ ’ਚ ਕਮਲਜੀਤ ਸਿੰਘ ਗਰੇਵਾਲ ਆਸਟਰੇਲੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮਹਿਫਿਲ ਦਾ ਆਗਾਜ਼ ਕਾਲਜ ਦੇ ਵਿਦਿਆਰਥੀ ਗੁਰਮੀਤ ਸਿੰਘ ਨੇ ਗਜ਼ਲ ਦੀ ਪੇਸ਼ਕਾਰੀ ਨਾਲ ਕੀਤਾ। ਸੰਗੀਤ ਵਿਭਾਗ ਦੇ ਮੁਖੀ ਡਾ. ਪੂਜਾ ਗੋਸਵਾਮੀ ਨੇ ਆਪਣੇ ਫਨ ਦਾ ਮੁਜ਼ਾਹਰਾ ਕਰਦਿਆਂ ਇਕ ਗਜ਼ਲ ਅਤੇ ਪਹਾਡ਼ੀ ਗੀਤ ਦੀ ਪੇਸ਼ਕਾਰੀ ਕੀਤੀ। ਸ੍ਰੀ ਮੁਕਤਸਰ ਸਾਹਿਬ ਤੋਂ ਗਾਇਕ ਪ੍ਰਿੰਸ ਇੰਦਰਪ੍ਰੀਤ ਸਿੰਘ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸਾਰਿਆਂ ਦਾ ਮਨ ਮੋਹ ਲਿਆ। ਸੰਗੀਤ ਵਿਭਾਗ ਦੇ ਮੁਖੀ ਪ੍ਰੋ. ਰਾਜੇਸ਼ ਮੋਹਨ ਨੇ ਆਪਣੀਆਂ ਗਜ਼ਲਾਂ ਅਤੇ ਸ਼ੇਅਰੋ-ਸ਼ਾਇਰੀ ਨਾਲ ਮਹਿਫਲ ਨੂੰ ਸਿਖਰ ’ਤੇ ਪਹੁੰਚਾਇਆ। ਮੰਚ ਸੰਚਾਲਨ ਪ੍ਰੋ. ਮਨਿੰਦਰ ਕੌਰ ਧਾਲੀਵਾਲ ਨੇ ਕੀਤਾ। ਪ੍ਰੋ. ਦਲਬੀਰ ਸਿੰਘ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਦਾ ਟੀਚਾ ਹਾਸਲ ਕਰਨ ਦਾ ਵਾਅਦਾ ਕੀਤਾ। ਇਸ ਮੌਕੇ ਕਾਲਜ ਦੇ ਚੇਅਰਮੈਨ ਡਾ. ਜਨਜੀਤਪਾਲ ਸਿੰਘ ਸੇਖੋਂ, ਮੈਨੇਜਿੰਗ ਡਾਇਰੈਕਟਰ ਇੰਜੀ. ਜਰਮਨਜੀਤ ਸਿੰਘ ਸੰਧੂ, ਮੈਨੇਜਮੈਂਟ ਮੈਂਬਰ ਸੁਮਿਤ ਸੁਖੀਜਾ, ਫਰਜੰਦ ਸਿੰਘ ਸੇਖੋਂ, ਐਡੀਸ਼ਨਲ ਡਾਇਰੈਕਟਰ ਹਰਵਿੰਦਰ ਸਿੰਘ ਟੌਹਡ਼ਾ, ਡਾਇਰੈਕਟਰ ਰਿਸਰਚ ਇੰਸਟੀਚਿਊਟ ਡਾ. ਅਜੀਤਪਾਲ ਸਿੰਘ, ਸਕੂਲ ਕੋ-ਆਰਡੀਨੇਟਰ ਪ੍ਰੋ. ਪ੍ਰੀਤਇੰਦਰ ਕੌਰ ਗੋਂਦਾਰਾ, ਦਫ਼ਤਰ ਸੁਪਰਡੈਂਟ ਰਾਜਦੀਪ ਸਿੰਘ, ਮਨਜਿੰਦਰ ਸਿੰਘ ਐਡਮਿਸ਼ਨ ਇੰਚਾਰਜ, ਜਗਤਾਰ ਸਿੰਘ ਕਲਰਕ, ਪ੍ਰੋ. ਅਰਸ਼ਦੀਪ ਸਿੰਘ ਭਾਣਾ, ਸੰਦੀਪ ਕੌਰ, ਰਮਨਪ੍ਰੀਤ ਕੌਰ, ਹਰਵਿੰਦਰਪਾਲ ਸਿੰਘ, ਗੁਰਮੁਖ ਸਿੰਘ ਆਦਿ ਹਾਜ਼ਰ ਸਨ।
ਜੇ.ਸੀ.ਬੀ. ਦੇ ਹੇਠਾਂ ਆਉਣ ਨਾਲ ਹੋਈ ਨੌਜਵਾਨ ਦੀ ਹੋਈ ਮੌਤ
NEXT STORY