ਫਰੀਦਕੋਟ (ਸੁਖਪਾਲ, ਪਵਨ)-ਆਲ ਪੰਜਾਬ ਆਂਗਣਵਾਡ਼ੀ ਮੁਲਾਜ਼ਮ ਯੂਨੀਅਨ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਜ਼ਿਲਾ ਪ੍ਰਧਾਨ ਸ਼ਿੰਦਰਪਾਲ ਕੌਰ ਥਾਂਦੇਵਾਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਯੂਨੀਅਨ ਦੀ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਚੱਕ ਕਾਲਾ ਸਿੰਘ ਵਾਲਾ ਵਿਸ਼ੇਸ਼ ਤੌਰ ’ਤੇ ਪਹੁੰਚੀ। ਮੀਟਿੰਗ ’ਚ ਜ਼ਿਲੇ ਦੀਆਂ ਸਰਗਰਮ ਆਗੂਆਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਇਸ ਮੌਕੇ ਹਰਗੋਬਿੰਦ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਆਂਗਣਵਾਡ਼ੀ ਵਰਕਰਾਂ ਤੇ ਹੈਲਪਰਾਂ ਦਾ ਵਧਾਇਆ ਗਿਆ ਮਾਣ ਭੱਤਾ ਏਰੀਅਰ ਸਮੇਤ ਤੁਰੰਤ ਦਿੱਤਾ ਜਾਵੇ। ਕੇਂਦਰ ਸਰਕਾਰ ਨੇ 1 ਅਕਤੂਬਰ, 2019 ਤੋਂ ਵਰਕਰਾਂ ਦੇ ਮਾਣ ਭੱਤੇ ’ਚ 1500 ਰੁਪਏ ਮਹੀਨਾ ਅਤੇ ਹੈਲਪਰਾਂ ਦੇ ਮਾਣ ਭੱਤੇ ’ਚ 750 ਰੁਪਏ ਮਹੀਨਾ ਵਾਧਾ ਕੀਤਾ ਸੀ ਪਰ 5 ਮਹੀਨੇ ਬੀਤਣ ਦੇ ਬਾਵਜੂਦ ਵਧਾਏ ਹੋਏ ਪੈਸੇ ਉਨ੍ਹਾਂ ਨੂੰ ਅਜੇ ਤੱਕ ਨਹੀਂ ਦਿੱਤੇ ਗਏ. ਉਨ੍ਹਾਂ ਦੋਸ਼ ਲਾਇਆ ਕਿ ਇਹ ਪੈਸੇ ਪੰਜਾਬ ਸਰਕਾਰ ਨੱਪੀ ਬੈਠੀ ਹੈ ਅਤੇ ਜੇਕਰ ਮਾਰਚ ਮਹੀਨੇ ’ਚ ਵੀ ਪੈਸੇ ਏਰੀਅਰ ਸਮੇਤ ਨਾ ਦਿੱਤੇ ਗਏ ਤਾਂ ਜਥੇਬੰਦੀ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਖਜ਼ਾਨਾ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਦੇ ਹਲਕਿਆਂ ਵਿਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਵਰਕਰਾਂ ਤੇ ਹੈਲਪਰਾਂ ਦੇ ਮਾਣ ਭੱਤੇ ’ਚ 1 ਅਪ੍ਰੈਲ, 2019 ਤੋਂ ਵਾਧਾ ਕਰਨਾ ਹੈ ਅਤੇ ਇਹ ਪੈਸੇ ਵੀ ਸਰਕਾਰ ਮਾਰਚ ਮਹੀਨੇ ਵਿਚ ਰਿਲੀਜ਼ ਕਰ ਦੇਵੇ ਤਾਂ ਕਿ ਵਰਕਰਾਂ ਤੇ ਹੈਲਪਰਾਂ ਨੂੰ ਵਧੇ ਹੋਏ ਪੈਸੇ ਸਮੇਂ ਸਿਰ ਮਿਲ ਸਕਣ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਰਕਰਾਂ ਕੋਲੋਂ ਆਪਣੇ ਵਿਭਾਗ ਤੋਂ ਇਲਾਵਾ ਹੋਰ ਵਿਭਾਗਾਂ ਦਾ ਵਾਧੂ ਕੰਮ ਕਰਵਾਉਣ ਲਈ ਚਿੱਠੀਆਂ ਜਾਰੀ ਕਰ ਦਿੰਦੀ ਹੈ, ਜੋ ਕਿ ਸਰਾਸਰ ਗਲਤ ਹੈ ਕਿਉਂਕਿ ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਦੀਆਂ ਸਰਕਾਰਾਂ ਨੂੰ ਚਿੱਠੀਆਂ ਭੇਜੀਆਂ ਹਨ ਕਿ ਵਰਕਰਾਂ ਕੋਲੋਂ ਵਾਧੂ ਕੰਮ ਨਹੀਂ ਲਿਆ ਜਾ ਸਕਦਾ। ਇਸ ਸਮੇਂ ਕਿਰਨਪਾਲ ਕੌਰ ਮਹਾਂਬੱਧਰ, ਸਰਬਜੀਤ ਕੌਰ ਕੌਡ਼ਿਆਂਵਾਲੀ, ਸੰਦੀਪ ਕੌਰ ਝੁੱਗੇ, ਬਲਜਿੰਦਰ ਕੌਰ ਖੱਪਿਆਂਵਾਲੀ, ਪ੍ਰਭਜੀਤ ਕੌਰ ਰਣਜੀਤਗਡ਼੍ਹ, ਨਰਿੰਦਰ ਕੌਰ ਕੋਟਲੀ, ਮਨਪ੍ਰੀਤ ਕੌਰ ਕੋਟਲੀ ਸੰਘਰ, ਪਰਮਜੀਤ ਕੌਰ ਬਾਵਾ, ਰਾਜਿੰਦਰ ਕੌਰ ਸ੍ਰੀ ਮੁਕਤਸਰ ਸਾਹਿਬ, ਇੰਦਰਪਾਲ ਕੌਰ, ਮਨਜੀਤ ਕੌਰ ਡੋਹਕ, ਗਗਨ ਮੱਲ੍ਹਣ, ਜਸਵੀਰ ਕੌਰ ਕੋਟਭਾਈ, ਮਨਜੀਤ ਕੌਰ, ਕਿਰਨਦੀਪ ਕੌਰ ਸੁਖਨਾ, ਕੁਲਵੰਤ ਕੌਰ ਗੁਲਾਬੇਵਾਲਾ, ਹਰਮੇਲ ਕੌਰ ਤਰਖਾਣ ਵਾਲਾ, ਚਰਨਜੀਤ ਕੌਰ, ਕਿਰਨਜੀਤ ਕੌਰ ਭੰਗਚਡ਼੍ਹੀ ਆਦਿ ਹਾਜ਼ਰ ਸਨ।
ਮਾਮਲਾ ਸਡ਼ਕਾਂ-ਨਾਲੀਆਂ ਦੀ ਖਸਤਾ ਹਾਲਤ ਦਾ
NEXT STORY