ਤਰਨਤਾਰਨ, (ਰਾਜੂ)- ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੰਮ੍ਰਿਤਸਰ-ਹਰੀਕੇ ਮਾਰਗ ਜਾਮ ਕਰ ਕੇ ਲਖਵਿੰਦਰ ਸਿੰਘ ਪਲਾਸੌਰ ਅਤੇ ਸੁਖਵਿੰਦਰ ਸਿੰਘ ਦੁਗਲਵਾਲਾ ਦੀ ਅਗਵਾਈ ਵਿਚ ਮੱਧ ਪ੍ਰਦੇਸ਼ ਦੀ ਸਰਕਾਰ ਵੱਲੋਂ ਕਿਸਾਨਾਂ ਦੇ ਕਤਲੇਆਮ ਵਿਰੁੱਧ ਮੋਦੀ ਤੇ ਚੌਹਾਨ ਸਰਕਾਰ ਦਾ ਪੁਤਲਾ ਫੂਕਿਆ ਗਿਆ ਤੇ ਜਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ।
ਇਸ ਸਮੇਂ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਸਵਿੰਦਰ ਸਿੰਘ ਚੁਤਾਲਾ, ਤੇਜਿੰਦਰਪਾਲ ਸਿੰਘ ਰਸੂਲਪੁਰ, ਸਤਨਾਮ ਸਿੰਘ ਮਾਣੋਚਾਹਲ ਨੇ ਕਿਹਾ ਕਿ ਪਿਛਲੇ ਦਿਨੀਂ ਆਪਣੇ ਸ਼ਾਂਤਮਈ ਢੰਗ ਨਾਲ ਹੱਕ ਮੰਗਦੇ ਕਿਸਾਨਾਂ 'ਤੇ ਮੱਧ ਪ੍ਰਦੇਸ਼ ਦੀ ਚੌਹਾਨ ਸਰਕਾਰ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ, ਜਿਸ ਨਾਲ 7 ਕਿਸਾਨਾਂ ਦੀ ਮੌਤ ਹੋ ਗਈ। ਮੋਦੀ ਨੇ ਲੋਕਸਭਾ ਦੀਆਂ ਚੋਣਾਂ ਦੌਰਾਨ ਦੇਸ਼ ਭਰ ਦੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਜੇ ਉਹ ਸੱਤਾ ਵਿਚ ਆਉਂਦੇ ਹਨ ਤਾਂ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕੀਤਾ ਜਾਵੇਗਾ ਪਰ ਜਦੋਂ ਮੋਦੀ ਦੀ ਸਰਕਾਰ ਹੋਂਦ ਵਿਚ ਆਈ, ਉਦੋਂ ਤੋਂ ਹੀ ਸੂਬਾ ਸਰਕਾਰਾਂ ਕਿਸਾਨਾਂ ਨੂੰ ਗੋਲੀਆਂ ਨਾਲ ਭੁੰਨ ਰਹੀਆਂ ਹਨ। 1990 ਤੋਂ ਲੈ ਕੇ ਹੁਣ ਤੱਕ ਲਗਭਗ ਪੂਰੇ ਦੇਸ਼ ਵਿਚ 3 ਲੱਖ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਕਰ ਚੁੱਕੇ ਹਨ। ਇਸ ਦਾ ਸਾਰਥਕ ਹੱਲ ਕੱਢਣ ਦੀ ਬਜਾਏ ਹੱਕ ਮੰਗਦੇ ਲੋਕਾਂ ਉਪਰ ਡਾਂਗਾ ਅਤੇ ਗੋਲੀਆਂ ਵਰ੍ਹਾਈਆਂ ਜਾ ਰਹੀਆਂ ਹਨ। ਇਕ ਮਤੇ ਰਾਹੀਂ ਕਿਸਾਨਾਂ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਇਸ ਔਖੀ ਘੜੀ ਵਿਚ ਮੱਧ ਪ੍ਰਦੇਸ਼ ਦੇ ਕਿਸਾਨ ਨਾਲ ਖੜ੍ਹਾ ਹੈ। ਇਸ ਮੌਕੇ ਧਰਨੇ ਵਿਚ ਅਮਰੀਕ ਸਿੰਘ ਰੱਤੋਕੇ, ਨਿਰਵੈਰ ਸਿੰਘ ਡਾਲੇਕੇ, ਅਨੂਪ ਸਿੰਘ ਚੁਤਾਲਾ, ਸਲਵਿੰਦਰ ਸਿੰਘ, ਦਰਸ਼ਨ ਸਿੰਘ ਤੇ ਮਨਜਿੰਦਰ ਸਿੰਘ ਆਦਿ ਹਾਜ਼ਰ ਸਨ।
ਭਿੱਖੀਵਿੰਡ/ਖਾਲੜਾ, (ਰਾਜੀਵ, ਬੱਬੂ)-ਅੱਜ ਭਿੱਖੀਵਿੰਡ ਮੇਨ ਚੌਕ ਨੂੰ ਜਾਮ ਕਰ ਕੇ ਚਰਨ ਸਿੰਘ ਬੈਂਕਾ ਤੇ ਮੇਹਰ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਸਬੰਧੀ ਕਿਸਾਨ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਸੰਘਰਸ਼ ਕਮੇਟੀ ਦੇ ਜਥੇਬੰਦਕ ਸਕੱਤਰ ਸੁਖਵਿੰਦਰ ਸਿੰਘ ਸਭਰਾ ਅਤੇ ਨਿਰੰਜਣ ਸਿੰਘ ਨੇ ਕਿਹਾ ਕਿ ਮੱਧ ਪ੍ਰਦੇਸ਼ ਦੇ ਮੰਦਸੌਰ ਇਲਾਕੇ ਵਿਚ ਆਪਣੀਆਂ ਹੱਕੀ ਮੰਗਾਂ ਲਈ ਰੋਸ ਪ੍ਰਗਟ ਕਰ ਰਹੇ ਕਿਸਾਨਾਂ ਉਪਰ ਅੰਨ੍ਹੇਵਾਹ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਸ਼ਹੀਦ ਕਰਨ ਦੇ ਖਿਲਾਫ ਕਿਸਾਨ ਭਰਾ ਪੂਰੇ ਭਾਰਤ ਵਿਚ ਸੜਕਾਂ 'ਤੇ ਉਤਰ ਆਏ ਹਨ।
ਪੀੜਤ ਕਿਸਾਨਾਂ ਦੀ ਹਮਾਇਤ 'ਤੇ ਜਥੇਬੰਦੀ ਵੱਲੋਂ ਪੁਤਲਾ ਫੂਕ ਕੇ ਮੰਗ ਕੀਤੀ ਗਈ ਕਿ ਪੂਰੇ ਦੇਸ਼ ਵਿਚ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰ ਕੇ 40 ਫੀਸਦੀ ਮੁਨਾਫਾ ਜੋੜ ਕੇ ਭਾਅ ਦਿੱਤੇ ਜਾਣ, ਫਸਲ ਦੀ ਸਮੇਂ ਸਿਰ ਖਰੀਦ ਦੀ ਗਾਰੰਟੀ ਸਰਕਾਰ ਚੁੱਕੇ, ਮਜ਼ਦੂਰ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕੀਤਾ ਜਾਵੇ ਅਤੇ ਨਾਲ ਹੀ ਮਨਰੇਗਾ ਮਜ਼ਦੂਰਾਂ ਨੂੰ ਸਾਲ ਭਰ ਕੰਮ ਤੇ 500 ਰੁਪਏ ਦਿਹਾੜੀ ਦਿੱਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਮੱਧ ਪ੍ਰਦੇਸ਼ ਵਿਚ ਗੋਲੀਆਂ ਨਾਲ ਮਾਰੇ ਗਏ ਕਿਸਾਨਾਂ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ 10 ਲੱਖ ਰੁਪਏ ਦਿੱਤੇ ਜਾਣ, ਇਸੇ ਤਰ੍ਹਾਂ ਹੀ ਗਰੀਬਾਂ ਲਈ 2000 ਬੁਢਾਪਾ ਪੈਨਸ਼ਨ ਅਤੇ ਵਿਧਵਾ ਪੈਨਸ਼ਨ 2500 ਰੁਪਏ ਅਤੇ ਕਿਸਾਨਾਂ-ਮਜ਼ਦੂਰਾਂ ਦੇ ਬੀਮੇ ਸਰਕਾਰੀ ਤੌਰ 'ਤੇ ਕੀਤੇ ਜਾਣ। ਉਨ੍ਹਾਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਕੇਂਦਰ ਸਰਕਾਰ ਅਤੇ ਕੇਂਦਰ ਸਰਕਾਰ ਨੇ ਦੱਬੇ ਹੋਏ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਖਤਮ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਦੌਰਾਨ ਗੁਰਸਾਹਿਬ ਸਿੰਘ ਪਹੂਵਿੰਡ, ਜਰਨੈਲ ਸਿੰਘ ਮਾੜੀ, ਸੁੱਚਾ ਸਿੰਘ ਵੀਰਮ, ਜੱਸਾ ਸਿੰਘ ਮੱਖੀ ਕਲਾ, ਪ੍ਰਗਟ ਸਿੰਘ ਸੁਰਵਿੰਡ, ਤਜਿੰਦਰ ਸਿੰਘ ਭੈਣੀ, ਨਿਸ਼ਾਨ ਸਿੰਘ, ਸੁਖਦੇਵ ਸਿੰਘ ਤੇ ਅਜੀਤ ਸਿੰਘ ਆਦਿ ਕਿਸਾਨ ਹਾਜ਼ਰ ਸਨ।
ਸੁਸਾਇਡ ਨੋਟ ਦੇ ਆਧਾਰ 'ਤੇ ਦਰਜ ਮਾਮਲੇ 'ਚ 2 ਗ੍ਰਿਫਤਾਰ, 3 ਫਰਾਰ
NEXT STORY