ਜਲੰਧਰ/ਫਿਰੋਜ਼ਪੁਰ— ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਪੂਰੀ ਤਰ੍ਹਾਂ ਕਮਰ ਕੱਸ ਲਈ ਹੈ। ਇਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਆਪਣੇ 5 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ, ਉਥੇ ਹੀ ਅਜੇ ਕਾਂਗਰਸ ਅਤੇ ਅਕਾਲੀ ਦਲ ਸਮੇਤ ਬਾਕੀ ਪਾਰਟੀਆਂ ਵੱਲੋਂ ਉਮੀਦਵਾਰਾਂ ਦੇ ਐਲਾਨ ਹੋਣੇ ਬਾਕੀ ਹਨ। ਚੋਣਾਂ ਨੂੰ ਲੈ ਕੇ ਮੈਦਾਨ ਭੱਖਣਾ ਸ਼ੁਰੂ ਹੋ ਗਿਆ ਹੈ। ਜੇਕਰ ਗੱਲ ਕੀਤੀ ਜਾਵੇ ਲੋਕ ਸਭਾ ਹਲਕਾ ਫਿਰੋਜ਼ਪੁਰ ਦੀ ਤਾਂ ਇਹ ਹਲਕਾ ਜ਼ਿਆਦਾਤਰ ਅਕਾਲੀ ਦਲ ਦੇ ਪ੍ਰਭਾਵ ਵਾਲਾ ਮੰਨਿਆ ਜਾਂਦਾ ਹੈ, ਕਿਉਂਕਿ ਇਸ ਹਲਕੇ 'ਤੇ ਅਕਾਲੀ ਦਲ 9 ਵਾਰ ਜੇਤੂ ਰਿਹਾ ਹੈ।
ਕੀ ਹੈ ਫਿਰੋਜ਼ਪੁਰ ਹਲਕੇ ਦਾ ਇਤਿਹਾਸ
ਫਿਰੋਜ਼ਪੁਰ ਹਲਕੇ ਦੇ ਇਤਿਹਾਸ ਵੱਲ ਨਜ਼ਰ ਮਾਰੀ ਜਾਵੇ ਤਾਂ ਹੁਣ ਤੱਕ 16 ਵਾਰ ਲੋਕ ਸਭਾ ਚੋਣਾਂ ਹੋ ਚੁੱਕੀਆਂ ਹਨ। ਇਨ੍ਹਾਂ ਚੋਣਾਂ ਦੌਰਾਨ 9 ਵਾਰ ਇਕੱਲਾ ਅਕਾਲੀ ਦਲ ਹੀ ਇਸ ਸੀਟ 'ਤੇ ਜੇਤੂ ਰਿਹਾ ਹੈ। ਜਦਕਿ ਕਾਂਗਰਸ 5 ਵਾਰ ਇਥੇ ਜਿੱਤ ਦਰਜ ਕਰਵਾ ਚੁੱਕੇ ਹਨ। ਇਸ ਤੋਂ ਇਲਾਵਾ ਬਸਪਾ ਇਕ ਵਾਰ ਅਤੇ ਇਕ ਵਾਰ ਆਜ਼ਾਦ ਉਮੀਦਵਾਰ ਜੇਤੂ ਰਹਿ ਚੁੱਕਾ ਹੈ। ਸਾਲ 2009 ਦੀਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਆਗੂ ਸ਼ੇਰ ਸਿੰਘ ਘੁਬਾਇਆ ਨੇ ਕਾਂਗਰਸ ਦੇ ਜਗਮੀਤ ਸਿੰਘ ਬਰਾੜ ਨੂੰ ਹਾਰ ਦਾ ਮੂੰਹ ਦਿਖਾਉਂਦੇ ਹੋਏ ਵੱਡੀ ਜਿਤ ਹਾਸਲ ਕੀਤੀ ਸੀ। ਸ਼ੇਰ ਸਿੰਘ ਘੁਬਾਇਆ ਨੂੰ 450900 ਵੋਟਾਂ ਪਈਆਂ ਸਨ ਜਦਕਿ ਜਗਮੀਤ ਸਿੰਘ ਨੂੰ 429829 ਵੋਟਾਂ ਪਈਆਂ। ਇਸ ਤੋਂ ਇਲਾਵਾ ਬਸਪਾ ਦੇ ਗੁਰਦੇਵ ਸਿੰਘ ਨੂੰ 29713 ਵੋਟਾਂ ਮਿਲੀਆਂ ਸਨ। ਇਸੇ ਤਰ੍ਹਾਂ ਸਾਲ 2014 ਦੀਆਂ ਲੋਕ ਸਭਾ ਚੋਣਾਂ 'ਤੇ ਨਜ਼ਰ ਮਾਰੀ ਜਾਵੇ ਤਾਂ ਚੋਣਾਂ ਦੌਰਾਨ ਅਕਾਲੀ ਆਗੂ ਸ਼ੇਰ ਸਿੰਘ ਘੁਬਾਇਆ ਨੇ ਸੁਨੀਲ ਜਾਖੜ ਨੂੰ ਮਾਤ ਦਿੰਦੇ ਹੋਏ ਵੱਡੀ ਜਿੱਤ ਹਾਸਲ ਕੀਤੀ। 2014 ਦੀਆਂ ਲੋਕ ਸਭਾ ਚੋਣਾਂ 'ਚ ਸ਼ੇਰ ਸਿੰਘ ਘੁਬਾਇਆ ਨੂੰ 4,87,932 ਵੋਟਾਂ ਪਈਆਂ ਸਨ ਜਦਕਿ ਸੁਨੀਲ ਜਾਖੜ ਨੂੰ 4,56,512 ਵੋਟਾਂ ਮਿਲੀਆਂ ਸਨ। ਜਾਖੜ ਇਥੇ ਦੂਜੇ ਨੰਬਰ 'ਤੇ ਰਹੇ ਸਨ।
ਫਿਰੋਜ਼ਪੁਰ ਹਲਕੇ 'ਚ 1998 'ਚ ਹੋਈਆਂ ਲੋਕ ਸਭਾ ਚੋਣਾਂ ਤੋਂ ਲੈ ਕੇ 2014 ਤੱਕ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਨੂੰ ਪਿੱਛੇ ਛੱਡਦੀ ਹੋਈ ਜਿੱਤਦੀ ਆਈ ਹੈ। ਜਦਕਿ ਅਕਾਲੀ ਦਲ ਵੱਲੋਂ ਸ਼ੇਰ ਸਿੰਘ ਘੁਬਾਇਆ ਲਗਾਤਾਰ ਦੋ ਵਾਰ ਜਿੱਤ ਚੁੱਕੇ ਹਨ। ਮੌਜੂਦਾ ਸਮੇਂ ਵਿਚ ਸ਼ੇਰ ਸਿੰਘ ਘੁਬਾਇਆ ਅਕਾਲੀ ਦਲ 'ਚੋਂ ਬਗਾਵਤ ਕਰਕੇ ਪਾਰਟੀ ਤੋਂ ਵੱਖ ਹੋ ਚੁੱਕੇ ਹਨ। ਫਿਲਹਾਲ ਅਜੇ ਤੱਕ ਅਕਾਲੀ ਦਲ ਵੱਲੋਂ ਫਿਰੋਜ਼ਪੁਰ ਲੋਕ ਸਭਾ ਸੀਟ 'ਤੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਹੈ।
ਵੋਟਰ ਕੈਟੇਗਿਰੀ ਪੇਂਡੂ ਅਤੇ ਸ਼ਹਿਰੀ ਆਬਾਦੀ ਦਾ ਵੇਰਵਾ
ਜੇਕਰ ਗੱਲ ਕੀਤੀ ਜਾਵੇ ਫਿਰੋਜ਼ਪੁਰ ਲੋਕ ਸਭਾ ਹਲਕਾ 'ਚ ਪੇਂਡੂ ਅਤੇ ਸ਼ਹਿਰੀ ਵੋਟਰ ਆਬਾਦੀ ਦੀ ਤਾਂ ਇਥੇ ਪੇਂਡੂ ਆਬਾਦੀ-69 ਫੀਸਦੀ, ਸ਼ਹਿਰੀ-31 ਫੀਸਦੀ, ਐੱਸ. ਸੀ.-42.97 ਫੀਸਦੀ, ਹਿੰਦੂ-45 ਤੋਂ ਵਧੇਰੇ ਫੀਸਦੀ ਅਤੇ ਸਿੱਖ-50 ਤੋਂ ਫੀਸਦੀ ਰਹਿੰਦੇ ਹਨ। ਇਸ ਤੋਂ ਇਲਾਵਾ ਇਥੇ ਦੂਜੀਆਂ ਕਮਿਊਨਿਟੀਆਂ ਜਿਵੇਂ, ਮੁਸਲਿਮ, ਇਸਾਈ, ਬੋਧੀ ਅਤੇ ਜੈਨੀ ਵੀ ਕੁਝ ਫੀਸਦੀ ਮੌਜੂਦ ਹਨ। ਫਿਰੋਜ਼ਪੁਰ ਦੇ ਕੁੱਲ ਵੈਲਿਡ ਵੋਟਰ 11 ਲੱਖ 5 ਹਜ਼ਾਰ 412 ਹਨ।
ਭਵਾਨੀਗੜ੍ਹ ਬੱਸ ਸਟੈਂਡ ਲਈ ਨਵਜੋਤ ਸਿੱਧੂ ਨੇ ਦਿੱਤਾ 2 ਕਰੋੜ ਦਾ ਚੈੱਕ
NEXT STORY