ਜਲੰਧਰ, (ਪ੍ਰੀਤ)- ਸੁਲਤਾਨਪੁਰ ਲੋਧੀ ਇਲਾਕੇ 'ਚੋਂ ਇਨੋਵਾ ਗੱਡੀ ਲੁੱਟ ਕੇ ਭੱਜੇ ਲੁਟੇਰਿਆਂ ਨੂੰ ਜਲੰਧਰ ਦਿਹਾਤੀ ਪੁਲਸ ਨੇ ਨੂਰਮਹਿਲ ਇਲਾਕੇ ਵਿਚ ਮੁਕਾਬਲੇ ਤੋਂ ਬਾਅਦ ਕਾਬੂ ਕਰ ਲਿਆ। ਇਕ ਲੁਟੇਰਾ ਪੁਲਸ ਦੇ ਹੱਥੇ ਚੜ੍ਹਿਆ, ਜਦੋਂਕਿ ਹੋਰ ਲੁਟੇਰੇ ਫਰਾਰ ਹੋ ਗਏ। ਪੁਲਸ ਨੇ ਸੁਲਤਾਨਪੁਰ ਤੋਂ ਲੁੱਟੀ ਗਈ ਇਨੋਵਾ ਗੱਡੀ ਵਾਰਦਾਤ ਤੋਂ ਕੁਝ ਹੀ ਘੰਟਿਆਂ ਬਾਅਦ ਬਰਾਮਦ ਕਰ ਲਈ। ਫਰਾਰ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਆਈ. ਜੀ. ਜ਼ੋਨ-2 ਅਰਪਿਤ ਸ਼ੁਕਲਾ ਨੇ ਦੱਸਿਆ ਕਿ ਬੀਤੀ ਰਾਤ ਲੁਟੇਰਿਆਂ ਨੇ ਜ਼ਿਲਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਇਲਾਕੇ ਵਿਚ ਨਿਰਮਲ ਸਿੰਘ ਪੁੱਤਰ ਪੂਰਨ ਸਿੰਘ ਕੋਲੋਂ ਗੰਨ ਪੁਆਇੰਟ 'ਤੇ ਉਸ ਦੀ ਇਨੋਵਾ ਗੱਡੀ ਲੁੱਟ ਲਈ ਤੇ ਫਰਾਰ ਹੋ ਗਏ। ਸੂਚਨਾ ਮਿਲਦਿਆਂ ਹੀ ਜਲੰਧਰ ਜ਼ੋਨ ਵਿਚ ਹਾਈ ਅਲਰਟ ਕੀਤਾ ਗਿਆ।
ਆਈ. ਜੀ. ਅਰਪਿਤ ਸ਼ੁਕਲਾ ਨੇ ਦੱਸਿਆ ਕਿ ਹਾਈ ਅਲਰਟ ਦੌਰਾਨ ਜਲੰਧਰ ਦਿਹਾਤੀ ਦੇ ਐੱਸ. ਐੱਸ. ਪੀ. ਗੁਰਪ੍ਰੀਤ ਭੁੱਲਰ ਦੇ ਨਿਰਦੇਸ਼ਾਂ 'ਤੇ ਥਾਣਾ ਨੂਰਮਹਿਲ ਦੇ ਇੰਸ. ਬਿਕਰਮ ਸਿੰਘ ਦੀ ਅਗਵਾਈ ਵਿਚ ਏ. ਐੱਸ. ਆਈ. ਨਿਰਮਲ ਸਿੰਘ ਨੇ ਪੁਲਸ ਟੀਮ ਦੇ ਨਾਲ ਬਾਠਾਂਵਾਲੀ ਰੋਡ 'ਤੇ ਨਾਕਾਬੰਦੀ ਕਰ ਕੇ ਚੈਕਿੰਗ ਸ਼ੁਰੂ ਕੀਤੀ। ਇਸ ਦੌਰਾਨ 3 ਤੇਜ਼ ਰਫਤਾਰ ਗੱਡੀਆਂ ਆਉਂਦੀਆਂ ਨਜ਼ਰ ਆਈਆਂ। ਪੁਲਸ ਟੀਮ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੱਡੀਆਂ ਵਿਚ ਸਵਾਰ ਲੁਟੇਰਿਆਂ ਨੇ ਪੁਲਸ ਪਾਰਟੀ 'ਤੇ ਫਾਇਰ ਕਰ ਦਿੱਤਾ। ਜਵਾਬੀ ਫਾਇਰ ਤੋਂ ਘਬਰਾਏ ਇਕ ਲੁਟੇਰੇ ਦੀ ਇਨੋਵਾ ਗੱਡੀ ਖੇਤਾਂ ਵਿਚ ਜਾ ਵੜੀ। ਪੁਲਸ ਨੇ ਘੇਰਾਬੰਦੀ ਕਰ ਕੇ ਇਨੋਵਾ ਬਰਾਮਦ ਕਰ ਕੇ ਲੁਟੇਰੇ ਪਵਨ ਕੁਮਾਰ ਉਰਫ ਮਟਰ ਪੁੱਤਰ ਕਾਲਾ ਵਾਸੀ ਉੱਪਲ ਖਾਲਸਾ ਨੂਰਮਹਿਲ ਨੂੰ ਕਾਬੂ ਕਰ ਲਿਆ, ਜਦੋਂਕਿ ਟੋਇਟਾ ਅਲਟਿਸ ਤੇ ਸਵਿਫਟ ਡਿਜ਼ਾਇਰ ਵਿਚ ਸਵਾਰ ਲੁਟੇਰੇ ਭੱਜਣ ਵਿਚ ਸਫਲ ਰਹੇ।
ਆਈ. ਜੀ. ਅਰਪਿਤ ਸ਼ੁਕਲਾ ਨੇ ਦੱਸਿਆ ਕਿ ਗ੍ਰਿਫਤਾਰ ਪਵਨ ਕੁਮਾਰ ਉਰਫ ਮਟਰ ਕੋਲੋਂ ਸੁਲਤਾਨਪੁਰ ਲੋਧੀ ਤੋਂ ਲੁੱਟੀ ਇਨੋਵਾ ਗੱਡੀ, 7.65 ਐੱਮ. ਐੱਮ. ਦੀ ਇਕ ਪਿਸਟਲ, 4 ਕਾਰਤੂਸ ਬਰਾਮਦ ਕੀਤੇ ਹਨ। ਫਰਾਰ ਲੁਟੇਰਿਆਂ ਦੀ ਪਛਾਣ ਮਨਦੀਪ ਸਿੰਘ ਉਰਫ ਮੰਨਾ ਪੁੱਤਰ ਜੋਗਿੰਦਰ ਸਿੰਘ ਵਾਸੀ ਉੱਪਲ ਜਗੀਰ, ਅਰਜੁਨ ਸਹਿਗਲ ਪੁੱਤਰ ਅਸ਼ਵਨੀ ਸਹਿਗਲ ਵਾਸੀ ਗਲੀ ਨੰਬਰ 7 ਸੈਂਟਰਲ ਟਾਊਨ ਜਲੰਧਰ, ਯੁਗਰਾਜ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਫੋਲੜੀਵਾਲ, ਜਮਸ਼ੇਰ ਦੇ ਰੂਪ ਵਿਚ ਹੋਈ ਹੈ। ਮੁਲਜ਼ਮ ਪਵਨ ਕੋਲੋਂ ਪੁੱਛਗਿੱਛ ਲਈ ਰਿਮਾਂਡ ਲਿਆ ਜਾ ਰਿਹਾ ਹੈ ਤੇ ਨਾਲ ਹੀ ਫਰਾਰ ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਦੜਾ ਸੱਟਾ ਲਾਉਂਦੇ 2 ਕਾਬੂ
NEXT STORY