ਮੋਹਾਲੀ (ਨਿਆਮੀਆਂ)-ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ 'ਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਬਿਆਨ ਦੇਣ ਦਾ ਦੋਸ਼ ਲਾਇਆ ਹੈ। ਸਬਸਿਡੀਆਂ ਦੇ ਮੁੱਦੇ 'ਤੇ ਹਮੇਸ਼ਾ ਹੀ ਕਿਸਾਨਾਂ ਨੂੰ ਸਲਾਹਾਂ ਦੇਣ ਵਾਲੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਘੇਰਦਿਆਂ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਬਾਦਲ ਨੇ ਇਕ ਨਿਊਜ਼ ਚੈਨਲ 'ਤੇ ਪੰਜਾਬ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਮੁੜ ਅਦਾਇਗੀ ਸ਼ੁਰੂ ਕਰਨ ਦੇ ਪੰਜਾਬ ਸਰਕਾਰ ਦੇ ਫੈਸਲੇ ਨੂੰ ਜਾਇਜ਼ ਠਹਿਰਾਉਂਦਿਆਂ ਸਾਫ ਸ਼ਬਦਾਂ ਵਿਚ ਕਿਹਾ ਸੀ ਕਿ ਪਿੰਡ ਬਾਦਲ ਵਿਚ ਉਨ੍ਹਾਂ ਦੀ ਸਾਰੀ ਜ਼ਮੀਨ ਦੀ ਸਿੰਚਾਈ ਕੇਵਲ ਨਹਿਰੀ ਪਾਣੀ ਨਾਲ ਹੀ ਹੁੰਦੀ ਹੈ ਤੇ ਉਨ੍ਹਾਂ ਦੀ ਜ਼ਮੀਨ ਵਿਚ ਇਕ ਵੀ ਬਿਜਲੀ ਵਾਲਾ ਟਿਊਬਵੈੱਲ ਨਹੀਂ।
ਬੀਰਦਵਿੰਦਰ ਸਿੰਘ ਨੇ ਕਿਹਾ ਕਿ ਅੱਜ ਕੁਝ ਅਖਬਾਰਾਂ ਵਿਚ ਇਹ ਖਬਰ ਵੇਰਵਿਆਂ ਸਮੇਤ ਛਾਪੀ ਗਈ ਹੈ ਕਿ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਾਂ 'ਤੇ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਜ਼ਿਲਾ ਮੁਕਤਸਰ ਵਿਚ ਦੋ ਟਿਊਬਵੈੱਲ ਚੱਲਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਰਥਿਕ ਮੰਦਹਾਲੀ ਦੀ ਦੁਹਾਈ ਦੇਣ ਵਾਲੇ ਤੇ ਕਿਸਾਨਾਂ ਨੂੰ ਇਕ ਡੰਗ ਰੋਟੀ ਖਾਣ ਦੀ ਨਸੀਹਤ ਕਰਨ ਵਾਲੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਖੁਦ ਬੀਤੇ ਸਮੇਂ ਦੌਰਾਨ ਬਿਜਲੀ ਸਬਸਿਡੀ ਦੇ ਨਾਂ 'ਤੇ 17 ਲੱਖ ਰੁਪਏ ਦੀ ਮੁਆਫ਼ੀ ਲੈ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਾਂ 'ਤੇ ਪਿੰਡ ਬਾਦਲ ਵਿਚ 27 ਏਕੜ ਜ਼ਮੀਨ ਹੈ ਤੇ ਇਸ ਜ਼ਮੀਨ ਵਿਚ ਦੋ ਟਿਊਬਵੈੱਲ ਕੁਨੈਕਸ਼ਨ ਏ. ਪੀ-01/0011 ਤੇ ਏ. ਪੀ-01/0036 ਦੇ ਨੰਬਰਾਂ ਅਧੀਨ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਇਹ ਤੱਥ ਸਹੀ ਹਨ ਤਾਂ ਖਜ਼ਾਨਾ ਮੰਤਰੀ ਬਾਦਲ ਨੂੰ ਇਕ ਨਿਊਜ਼ ਚੈਨਲ 'ਤੇ ਇੰਨਾ ਵੱਡਾ ਝੂਠ ਮਾਰਨ ਦੀ ਕੀ ਲੋੜ ਸੀ ਕਿ ਉਨ੍ਹਾਂ ਦੀ ਜ਼ਮੀਨ ਵਿਚ ਇਕ ਵੀ ਬਿਜਲੀ ਦਾ ਟਿਊਬਵੈੱਲ ਨਹੀਂ।
ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਇਸ ਮਾਮਲੇ ਵਿਚ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਨੇ ਹੁਣ ਤਕ ਸਰਕਾਰੀ ਖਜ਼ਾਨੇ ਵਿਚੋਂ ਕੁਲ ਕਿੰਨੀ ਸਬਸਿਡੀ ਵਸੂਲ ਕੀਤੀ ਹੈ।
ਜਸਟਿਸ ਨਾਰੰਗ ਕਮਿਸ਼ਨ ਵਲੋਂ ਕਰਾਰ ਦੋਸ਼ੀਆਂ ਖਿਲਾਫ਼ ਹੋਵੇ ਸਖ਼ਤ ਕਾਰਵਾਈ : ਖਹਿਰਾ
NEXT STORY