ਪੈਰਿਸ — ਤਕਨੀਕੀ ਕੰਪਨੀ ਐੱਪਲ ’ਤੇ ਫ਼ਰਾਂਸ ਦੇ ਮੁਕਾਬਲੇਬਾਜ਼ੀ ਰੈਗੂਲੇਟਰ ਨੇ 1.1 ਅਰਬ ਯੂਰੋ (ਲਗਭਗ 1.2 ਅਰਬ ਡਾਲਰ) ਦਾ ਰਿਕਾਰਡ ਜੁਰਮਾਨਾ ਲਾਇਆ। ਕੰਪਨੀ ’ਤੇ ਇਹ ਜੁਰਮਾਨਾ ਆਪਣੇ ਸੁਤੰਤਰ ਪ੍ਰਚੂਨ ਵਿਕਰੇਤਾਵਾਂ ਨਾਲ ਗੈਰ-ਮੁਕਾਬਲੇਬਾਜ਼ ਵਿਹਾਰ ਲਈ ਲਾਇਆ ਗਿਆ ਹੈ। ਰੈਗੂਲੇਟਰ ਨੇ ਆਪਣੀ ਜਾਂਚ ’ਚ ਪਾਇਆ ਕਿ ਐੱਪਲ ਨੇ ਆਪਣੀ ਆਰਥਿਕ ਹੈਸੀਅਤ ਦੀ ਦੁਰਵਰਤੋਂ ਕਰਦਿਆਂ ਫ਼ਰਾਂਸ ’ਚ ਸੁਤੰਤਰ ਪ੍ਰਚੂਨ ਵਿਕਰੇਤਾਵਾਂ ਨਾਲ ਕੀਮਤ ਦੇ ਮੋਰਚੇ ’ਤੇ ਗੈਰ-ਮੁਕਾਬਲੇਬਾਜ਼ ਵਿਹਾਰ ਕੀਤਾ।
ਫ਼ਰਾਂਸ ਦੀ ਮੁਕਾਬਲੇਬਾਜ਼ ਰੈਗੂਲੇਟਰੀ ਅਥਾਰਿਟੀ ਦੀ ਮੁਖੀ ਇਸਾਬੇਲ ਡਸਿਲਵਾ ਨੇ ਕਿਹਾ, ‘‘ਇਹ ਕਿਸੇ ਮਾਮਲੇ ’ਚ ਕਿਸੇ ਕੰਪਨੀ ਖਿਲਾਫ ਲਾਇਆ ਗਿਆ ਸਭ ਤੋਂ ਭਾਰੀ ਜੁਰਮਾਨਾ ਹੈ।’’ ਇਸ ’ਚ ਕੰਪਨੀ ਦੇ ਫ਼ਰਾਂਸ ’ਚ 2 ਵਿਕ੍ਰੇਤਾਵਾਂ ’ਤੇ ਲਗਭਗ 14 ਕਰੋਡ਼ ਯੂਰੋ ਦਾ ਲਾਇਆ ਗਿਆ ਜੁਰਮਾਨਾ ਵੀ ਸ਼ਾਮਲ ਹੈ। ਇਹ ਮਾਮਲਾ 2012 ’ਚ ਸ਼ੁਰੂ ਹੋਇਆ ਸੀ ਜਦੋਂ ਐੱਪਲ ਦੇ ਇਕ ਸੁਤੰਤਰ ਵਿਕ੍ਰੇਤਾ ਨੇ ਕੰਪਨੀ ਦੇ ਮੁਕਾਬਲੇਬਾਜ਼ ਵਿਰੋਧੀ ਵਿਹਾਰ ਦੀ ਸ਼ਿਕਾਇਤ ਕੀਤੀ ਸੀ। ਸ਼ਿਕਾਇਤਕਰਤਾ ਨੇ ਹੋਰ ਕਾਰਣਾਂ ਦੇ ਨਾਲ ਆਪਣੀ ਸ਼ਿਕਾਇਤ ’ਚ ਇਹ ਵੀ ਕਿਹਾ ਸੀ ਕਿ ਖੁਦ ਦੇ ਸਟੋਰ ਨੂੰ ਫਾਇਦਾ ਪਹੁੰਚਾਉਣ ਲਈ ਕੰਪਨੀ ਉਸ ਦੇ ਸਟੋਰ ਦੀ ਸਪਲਾਈ ਪ੍ਰਭਾਵਿਤ ਕਰ ਰਹੀ ਹੈ।
ਪਿਛਲੇ ਮਹੀਨੇ ਹੀ ਲਗਾਇਆ ਗਿਆ ਸੀ 200 ਕਰੋੜ ਦਾ ਜ਼ੁਰਮਾਨਾ
ਐਪਲ 'ਤੇ ਪਿਛਲੇ ਮਹੀਨੇ ਹੀ ਫਰਾਂਸ 'ਚ 25 ਮਿਲੀਅਨ ਯੂਰੋ ਯਾਨੀ ਤਕਰੀਬਨ 200 ਕਰੋੜ ਰੁਪਏ ਜੁਰਮਾਨਾ ਲੱਗਾ ਸੀ। ਇਹ ਜੁਰਮਾਨਾ ਪੁਰਾਣੇ ਆਈਫੋਨ ਨੂੰ ਅਪਡੇਟ ਕਰਨ ਦੇ ਬਹਾਨੇ ਜਾਣ ਬੁੱਝ ਕੇ ਹੌਲੀ ਕਰਨ ਦੇ ਦੋਸ਼ਾਂ ਤੋਂ ਬਾਅਦ ਲਗਾਇਆ ਗਿਆ ਸੀ। ਇਸ ਮਾਮਲੇ ਵਿਚ ਐਚ.ਓ.ਪੀ. ਐਸੋਸੀਏਸ਼ਨ ਵੱਲੋਂ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਜਨਵਰੀ 2018 ਵਿਚ ਜਾਂਚ ਸ਼ੁਰੂ ਕੀਤੀ ਗਈ ਸੀ। ਇਸ ਮਾਮਲੇ ਵਿਚ ਕੰਪਨੀ ਨੂੰ ਆਈਫੋਨ ਖਪਤਕਾਰਾਂ ਤੋਂ ਜਾਣਕਾਰੀ ਛੁਪਾਉਣ ਲਈ ਦੋਸ਼ੀ ਪਾਇਆ ਗਿਆ ਸੀ।
ਅਮਰੀਕਾ 'ਚ ਵੀ ਚਲ ਰਹੇ ਹਨ ਆਈਫੋਨ ਹੌਲੀ ਹੋਣ ਦੇ ਮਾਮਲੇ
ਐਪਲ ਉਪਭੋਗਤਾਵਾਂ ਨੂੰ ਪੁਰਾਣੇ ਆਈਫੋਨ ਨੂੰ ਜਾਣ ਬੁੱਝ ਕੇ ਹੌਲੀ ਕਰਨ ਦੇ ਕੇਸਾਂ ਦਾ ਨਿਪਟਾਰਾ ਕਰਨ ਲਈ 500 ਮਿਲੀਅਨ ਡਾਲਰ (3,600 ਕਰੋੜ ਰੁਪਏ) ਦਾ ਭੁਗਤਾਨ ਕਰੇਗੀ। ਇਹ ਜਾਣਕਾਰੀ ਸੈਨ ਜੋਸ ਜ਼ਿਲ੍ਹਾ ਅਦਾਲਤ ਵਿਚ ਦਾਇਰ ਕੀਤੇ ਦਸਤਾਵੇਜ਼ਾਂ ਵਿਚ ਸਾਹਮਣੇ ਆਈ ਹੈ। ਇਸ ਦੇ ਮੁਤਾਬਕ ਅਮਰੀਕਾ ਦੇ ਸਾਰੇ ਪ੍ਰਭਾਵਤ ਉਪਭੋਗਤਾਵਾਂ ਨੂੰ 25-25 ਡਾਲਰ ਦਿੱਤੇ ਜਾਣਗੇ। ਹਾਲਾਂਕਿ ਦਾਅਵਿਆਂ ਦੀ ਗਿਣਤੀ ਅਤੇ ਅਦਾਲਤ ਵਲੋਂ ਮਨਜ਼ੂਰ ਕਾਨੂੰਨੀ ਖਰਚਿਆਂ ਦੀ ਰਾਸ਼ੀ ਦੇ ਅਧਾਰ ਤੇ ਉਪਭੋਗਤਾਵਾਂ ਨੂੰ ਮਿਲਣ ਵਾਲੀ ਰਕਮ ਘੱਟ ਜਾਂ ਜ਼ਿਆਦਾ ਵੀ ਹੋ ਸਕਦੀ ਹੈ। ਅਦਾਲਤ 3 ਅਪ੍ਰੈਲ ਨੂੰ ਸੈਟਲਮੈਂਟ ਨੂੰ ਮਨਜ਼ੂਰੀ ਦੇ ਸਕਦੀ ਹੈ।
ਉਪਭੋਗਤਾ ਅਤੇ ਤਕਨੀਕੀ ਵਿਸ਼ਲੇਸ਼ਕ ਨਾਰਾਜ਼
ਅਮਰੀਕੀ ਗ੍ਰਾਹਕ ਜਿਨ੍ਹਾਂ ਨੇ 21 ਦਸੰਬਰ, 2017 ਤੋਂ ਪਹਿਲਾਂ ਆਈਫੋਨ 6, 6 ਪਲੱਸ, 6 ਐਸ, 6ਐੱਸ ਪਲੱਸ, ਆਈਫੋਨ 7, 7 ਪਲੱਸ ਜਾਂ ਐਸ.ਈ. ਖਰੀਦਿਆ ਸੀ ਅਤੇ ਫੋਨ ਹੌਲੀ ਹੋਣ ਦੀ ਸਮੱਸਿਆ ਆਈ ਸੀ, ਉਹ ਦਾਅਵੇ ਕਰ ਸਕਦੇ ਹਨ। ਐਪਲ ਦੇ ਬਹੁਤ ਸਾਰੇ ਉਪਭੋਗਤਾਵਾਂ ਅਤੇ ਤਕਨੀਕੀ ਵਿਸ਼ਲੇਸ਼ਕਾਂ ਨੇ ਦਸੰਬਰ 2017 ਵਿਚ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦਾ ਆਈਫੋਨ ਸਾਫਟਵੇਅਰ ਅਪਡੇਟ ਹੋਣ ਤੋਂ ਬਾਅਦ ਹੌਲੀ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਐਪਲ ਨੇ ਅਜਿਹਾ ਜਾਣ ਬੁੱਝ ਕੇ ਕੀਤਾ ਤਾਂ ਜੋ ਲੋਕਾਂ ਨੂੰ ਨਵਾਂ ਆਈਫੋਨ ਖਰੀਦਣ ਲਈ ਮਜ਼ਬੂਰ ਕੀਤਾ ਜਾਵੇ।
ਡੋਮੀਨੋਜ਼ ਵੱਲੋਂ 'ਜ਼ੀਰੋ ਸੰਪਰਕ ਡਲਿਵਰੀ' ਲਾਂਚ, ਕੋਰੋਨਾ ਦਾ ਕੱਢਿਆ ਤੋੜ!
NEXT STORY