ਚੰਡੀਗੜ੍ਹ (ਰਮੇਸ਼ ਹਾਂਡਾ) : ਇੱਥੇ ਸੈਕਟਰ-63 ’ਚ ਸਰਵਿਸ ਸ਼ਾਪਸ ਲਈ ਰਿਜ਼ਰਵ ਪਈ ਜ਼ਮੀਨ ’ਤੇ ਗਮਾਡਾ ਨੇ ਨਾਜਾਇਜ਼ ਤੌਰ ’ਤੇ ਪਲਾਟ ਕੱਟ ਕੇ ਨਿਲਾਮੀ ਕਰ ਦਿੱਤੀ, ਜਿਸ ’ਤੇ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ (ਆਰ. ਡਬਲਿਊ. ਏ.) ਨੇ ਰੋਸ ਜਤਾਇਆ ਅਤੇ ਐੱਸ. ਡੀ. ਐੱਮ. ਸਾਊਥ, ਚੰਡੀਗੜ੍ਹ ਪ੍ਰਸ਼ਾਸਨ ਤੇ ਚੰਡੀਗੜ੍ਹ ਹਾਊਸਿੰਗ ਬੋਰਡ ਨੂੰ ਇਸਦੀ ਸੂਚਨਾ ਦਿੱਤੀ। ਮੌਕੇ ’ਤੇ ਪਹੁੰਚੇ ਅਧਿਕਾਰੀਆਂ ਨੇ ਦਸਤਾਵੇਜ਼ਾਂ ਦੀ ਜਾਂਚ ਕਰਨ ਉਪਰੰਤ ਕਿਹਾ ਕਿ ਗਮਾਡਾ ਨੇ ਜਿਸ ਜ਼ਮੀਨ ’ਚ ਪਲਾਟ ਕੱਟ ਕੇ ਨਿਲਾਮੀ ਕੀਤੀ ਹੈ, ਉਹ ਜ਼ਮੀਨ ਚੰਡੀਗੜ੍ਹ ਹਾਊਸਿੰਗ ਬੋਰਡ ਦੀ ਹੈ, ਉਸ ’ਤੇ ਕਿਸੇ ਵੀ ਹਾਲਤ ’ਚ ਕਬਜ਼ਾ ਨਹੀਂ ਕਰਨ ਦਿੱਤਾ ਜਾ ਸਕਦਾ।
ਮੌਕੇ ’ਤੇ ਪਹੁੰਚੀ ਐੱਸ. ਡੀ. ਐੱਮ. ਦੱਖਣੀ ਖੁਸ਼ਪ੍ਰੀਤ ਕੌਰ ਨੂੰ ਤਹਿਸੀਲਦਾਰ, ਕਾਨੂੰਗੋ ਅਤੇ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਨੇ ਜ਼ਮੀਨ ਦੀ ਜਮਾਂਬੰਦੀ ਅਤੇ ਲੱਠੇ ਦੀ ਡਰਾਇੰਗ ਦਿਖਾਈ, ਜਿਸ ਵਿਚ ਉਕਤ ਜ਼ਮੀਨ ਚੰਡੀਗੜ੍ਹ ਦੀ ਪਾਈ ਗਈ। ਐੱਸ. ਡੀ. ਐੱਮ. ਨੇ ਕਿਹਾ ਹੈ ਕਿ ਉਹ ਇਸ ਸਬੰਧੀ ਗਮਾਡਾ ਨੂੰ ਤਲਬ ਕਰਕੇ ਜਵਾਬ ਮੰਗਣਗੇ। ਇਸ ਤੋਂ ਪਹਿਲਾਂ ਅਚਾਨਕ ਸਵੇਰੇ 9 ਵਜੇ ਗਮਾਡਾ ਦੀ ਟੀਮ ਉੱਥੇ ਪਹੁੰਚੀ ਅਤੇ ਬੁਰਜੀਆਂ ਲਗਾ ਦਿੱਤੀਆਂ। ਉੱਥੇ ਲੱਗੇ ਬੈਡਮਿੰਟਨ ਨੈੱਟ ਅਤੇ ਹੋਰ ਸਾਮਾਨ ਨੂੰ ਹਟਾਉਣ ਦੇ ਨਿਰਦੇਸ਼ ਵੀ ਉੱਥੇ ਮੌਜੂਦ ਲੋਕਾਂ ਨੂੰ ਦਿੱਤੇ ਗਏ, ਜਿਸ ਤੋਂ ਬਾਅਦ ਤਣਾਅ ਦਾ ਮਾਹੌਲ ਬਣ ਗਿਆ।
ਮੌਕੇ ’ਤੇ ਆਰ. ਡਬਲਿਊ. ਏ. 3ਬੀ.ਐੱਚ.ਕੇ. ਦੇ ਪ੍ਰਧਾਨ ਪਰਮਜੀਤ ਸਿੰਘ ਬੈਨੀਪਾਲ ਸਮੇਤ ਹੋਰ ਅਹੁਦੇਦਾਰ ਅਤੇ ਸੈਕਟਰ ਵਾਸੀ ਵੀ ਇਕੱਠੇ ਹੋ ਗਏ ਅਤੇ ਗਮਾਡਾ ਦੀ ਉਕਤ ਕਾਰਵਾਈ ਦਾ ਵਿਰੋਧ ਕੀਤਾ। ਬੈਨੀਪਾਲ ਨੇ ਕਿਹਾ ਕਿ ਉਕਤ ਜਗ੍ਹਾਂ ਮਾਰਕੀਟ ਲਈ ਹੈ, ਜਿਸ ’ਤੇ ਕਿਸੇ ਹੋਰ ਦਾ ਕਬਜ਼ਾ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਵੀ ਮੋਹਾਲੀ ਦੇ ਨਾਲ ਲੱਗਦੀ ਜ਼ਮੀਨ ’ਤੇ ਮੋਹਾਲੀ ਨਗਰ ਨਿਗਮ ਦੇ ਕੌਂਸਲਰ ਦੀ ਮਦਦ ਨਾਲ ਕੁਝ ਵਿਅਕਤੀਆਂ ਵੱਲੋਂ 2 ਬੀ. ਐੱਚ. ਕੇ. ਫਲੈਟਾਂ ਵਾਂਗ ਬਲਾਕ ਨੰਬਰ 13 ਦੇ ਨੇੜੇ ਪਾਰਕਿੰਗ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਨੂੰ ਸੈਕਟਰ-63 ਦੇ ਵਾਸੀਆਂ ਨੇ ਨਾਕਾਮ ਕਰ ਦਿੱਤਾ। ਉਸ ਸਮੇਂ ਵੀ ਪ੍ਰਸ਼ਾਸ਼ਨ ਦਾ ਸਟਾਫ਼ ਸਾਰੇ ਜ਼ਮੀਨੀ ਰਿਕਾਰਡ ਅਤੇ ਮੋਹਾਲੀ, ਚੰਡੀਗੜ੍ਹ ਦੀ ਹੱਦ ਨੂੰ ਵੱਖ ਕਰਦਾ ਰਿਕਾਰਡ ਲੈ ਕੇ ਪਹੁੰਚਿਆ ਸੀ ਅਤੇ ਕਾਫੀ ਵਿਵਾਦ ਤੋਂ ਬਾਅਦ ਕਬਜ਼ਾ ਹਟਾਇਆ ਗਿਆ ਸੀ।
ਪੰਜਾਬ 'ਚ ਚਲਦੇ ਕਬੱਡੀ ਟੂਰਨਾਮੈਂਟ ਦੌਰਾਨ ਵੱਡੀ ਘਟਨਾ, ਚੱਲੇ ਤੇਜ਼ਧਾਰ ਹਥਿਆਰ, ਲਾਹ 'ਤੀ ਪੱਗ
NEXT STORY