ਅੰਮ੍ਰਿਤਸਰ, (ਪ੍ਰਵੀਨ ਪੁਰੀ)- ਰੋਜ਼ੀ-ਰੋਟੀ ਕਮਾਉਣ ਇਰਾਕ ਗਏ 39 ਭਾਰਤੀ ਨੌਜਵਾਨਾਂ ਦੇ ਪਰਿਵਾਰਾਂ ਨੇ ਕੇਂਦਰ ਸਰਕਾਰ 'ਤੇ ਗਿਲਾ ਕਰਦਿਆਂ ਕਿਹਾ ਹੈ ਕਿ ਉਹ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਸੰਤਾਪ ਭੋਗ ਰਹੇ ਹਨ। ਦਿੱਲੀ ਦੇ ਗੇੜੇ ਕੱਢ ਕੇ ਵੀ ਥੱਕ ਹਾਰ ਕੇ ਘਰਾਂ 'ਚ ਬੈਠ ਗਏ ਹਨ। ਉਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ। ਸਰਕਾਰੀ ਅਧਿਕਾਰੀ ਉਨ੍ਹਾਂ ਨੂੰ ਕੁਝ ਨਹੀਂ ਦੱਸਦੇ ਤੇ ਨਾ ਅਜੇ ਤੱਕ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਪੀੜਤ ਪਰਿਵਾਰਾਂ ਨਾਲ ਕੋਈ ਸੰਪਰਕ ਕੀਤਾ ਗਿਆ ਹੈ।
ਡੀ. ਐੱਨ. ਏ. ਟੈਸਟ ਲਈ ਵੀ ਤਹਿਸੀਲਦਾਰਾਂ ਦੇ ਫੋਨ ਆਏ ਕਿ ਉਹ ਆ ਕੇ ਆਪਣੇ ਡੀ. ਐੱਨ. ਏ. ਟੈਸਟ ਲਈ ਤਿੰਨ-ਤਿੰਨ ਜੀਆਂ ਦੇ ਖੂਨ ਦੇ ਨਮੂਨੇ ਦੇਣ। ਹੁਣ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਸਿਰਫ ਆਮ ਕਾਰਵਾਈ ਲਈ ਹੈ। ਇਸ ਤੋਂ ਪਰਿਵਾਰ ਇਹ ਨਾ ਸਮਝਣ ਕਿ ਕੋਈ ਅਣਹੋਣੀ ਵਾਪਰ ਗਈ ਹੈ।
ਗੱਲਬਾਤ ਕਰਦਿਆਂ ਗੁਰਪਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਭਰਾ ਮਨਜਿੰਦਰ ਸਿੰਘ 28 ਸਾਲ ਦੀ ਉਮਰ 'ਚ ਇਰਾਕ ਰੋਜ਼ੀ-ਰੋਟੀ ਕਮਾਉਣ ਲਈ ਗਿਆ ਸੀ ਤੇ ਆਖਰੀ ਵਾਰ ਜਦੋਂ ਉਸ ਦੇ ਨਾਲ ਫੋਨ 'ਤੇ ਗੱਲ ਹੋਈ ਤਾਂ ਉਸ ਨੇ ਕਿਹਾ ਸੀ ਕਿ ਉਹ ਬੁਰੀ ਤਰ੍ਹਾਂ ਫਸ ਗਏ ਹਨ। ਜਿਥੇ ਆਈ.ਐੱਸ. ਆਈ. ਦੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਕਦੇ ਵੀ ਇਰਾਕ ਤੋਂ ਉਨ੍ਹਾਂ ਦਾ ਕੋਈ ਫੋਨ ਨਹੀਂ ਆਇਆ ਅਤੇ ਨਾ ਹੀ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਸੁੱਖ ਦੀ ਖ਼ਬਰ ਦਿੱਤੀ ਗਈ ਹੈ। ਪਰਿਵਾਰ ਹੀ ਵਿਦੇਸ਼ ਵਿਭਾਗ ਦੇ ਮੰਤਰੀ ਸੁਸ਼ਮਾ ਸਵਰਾਜ ਨੂੰ ਜਾ ਕੇ ਮਿਲਦੇ ਰਹੇ। ਜੁਲਾਈ ਵਿਚ ਸੁਸ਼ਮਾ ਸਵਰਾਜ ਦੇ ਨਾਲ ਫਿਰ ਮੀਟਿੰਗ ਹੋਈ ਸੀ ਪਰ ਉਸ ਦੇ ਬਾਅਦ ਉਨ੍ਹਾਂ ਨੂੰ ਕਦੇ ਵੀ ਕੋਈ ਸੁਨੇਹਾ ਸਰਕਾਰ ਵੱਲੋਂ ਸਿੱਧਾ ਨਹੀਂ ਆਇਆ।
ਗੁਰਪਿੰਦਰ ਕੌਰ ਨੇ ਕਿਹਾ ਕਿ 39 ਪਰਿਵਾਰ ਸਾਢੇ ਤਿੰਨ ਸਾਲਾਂ ਤੋਂ ਆਪਣੇ ਬੱਚਿਆਂ ਲਈ ਹੋਕੇ ਭਰ ਰਹੇ ਹਨ। ਸਰਕਾਰ ਦੱਸੇ ਕਿ ਉਹ ਸਾਨੂੰ ਕਿਉਂ ਨਹੀਂ ਕੁਝ ਦੱਸਦੀ? ਉਨ੍ਹਾਂ ਕਿਹਾ ਕਿ ਹੁਣ ਤਹਿਸੀਲਦਾਰਾਂ ਵੱਲੋਂ ਸਿਰਫ ਡੀ. ਐੱਨ. ਏ. ਟੈਸਟ ਦੇਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪਰਿਵਾਰਾਂ ਨਾਲ ਸਿੱਧਾ ਸੰਪਰਕ ਕਰਨਾ ਚਾਹੀਦਾ ਹੈ ਅਤੇ ਜੋ ਵੀ ਜਾਣਕਾਰੀ ਹੈ, ਪਰਿਵਾਰਾਂ ਨਾਲ ਸਾਂਝੀ ਕਰ ਕੇ ਉਨ੍ਹਾਂ ਦੇ ਦੁੱਖ ਨੂੰ ਸਮਝਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਦਾ ਪਰਿਵਾਰਾਂ ਨੂੰ ਡੀ. ਐੱਨ. ਏ. ਟੈਸਟ ਲਈ ਕਿਹਾ ਗਿਆ ਹੈ, ਉਦੋਂ ਦਾ ਪਰਿਵਾਰਾਂ 'ਚ ਫਿਰ ਸੋਗ ਵਾਲਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਮੀਡੀਆ ਰਾਹੀਂ ਉਨ੍ਹਾਂ ਨੂੰ ਪਤਾ ਲੱਗ ਰਿਹਾ ਹੈ ਕਿ ਡੀ. ਐੱਨ. ਏ. ਟੈਸਟ ਸਿਰਫ ਆਮ ਕਾਰਵਾਈ ਲਈ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੇ ਪਰਿਵਾਰਾਂ ਦੀ ਮੰਗ ਹੈ ਕਿ ਸਰਕਾਰ ਪਰਿਵਾਰਾਂ ਨਾਲ ਸਿੱਧਾ ਸੰਪਰਕ ਕਰੇ ਨਾ ਕਿ ਉਨ੍ਹਾਂ ਨੂੰ ਤਿੱਲ-ਤਿੱਲ ਕਰ ਕੇ ਮਰਨ ਲਈ ਮਜਬੂਰ ਕਰੇ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਮੀਡੀਆ ਰਾਹੀਂ ਖ਼ਬਰ ਪਰਿਵਾਰਾਂ ਤੱਕ ਪੁੱਜਦੀ ਹੈ ਤਾਂ ਉਨ੍ਹਾਂ ਦੇ ਇਕ ਵਾਰ ਹੌਸਲੇ ਟੁੱਟ ਜਾਂਦੇ ਹਨ। ਉਨ੍ਹਾਂ ਭਾਰਤ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਕਿ ਸਰਕਾਰ ਦੱਸੇ ਕਿ ਉਨ੍ਹਾਂ ਦੇ ਟੈਸਟ ਕਿਉਂ ਕਰਵਾਏ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਇਰਾਕ ਸਰਕਾਰ ਵੱਲੋਂ ਭਾਰਤ ਸਰਕਾਰ ਨੂੰ ਇਕ ਪੱਤਰ ਜਾਰੀ ਕਰ ਕੇ ਕਿਹਾ ਗਿਆ ਸੀ ਕਿ ਉਹ ਉਨ੍ਹਾਂ ਭਾਰਤੀ ਨੌਜਵਾਨਾਂ ਦੇ ਡੀ. ਐੱਨ. ਏ. ਟੈਸਟ ਐੱਫ. ਟੀ. ਏ ਤਕਨੀਕ ਨਾਲ ਕਰਵਾ ਕੇ ਭੇਜੇ, ਜਿਸ ਤੋਂ ਬਾਅਦ ਉਹ ਨੌਜਵਾਨਾਂ ਦੀ ਪਛਾਣ ਕਰ ਸਕਣ। ਸੂਤਰਾਂ ਅਨੁਸਾਰ ਇਹ ਵੀ ਕਿਹਾ ਗਿਆ ਸੀ ਕਿ ਕੁਝ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ। ਇਰਾਕ ਸਰਕਾਰ ਨੂੰ ਖਦਸ਼ਾ ਹੈ ਕਿ ਇਹ ਨੌਜਵਾਨ ਕਿਤੇ ਭਾਰਤੀ ਨਾ ਹੋਣ, ਇਸ ਕਰਕੇ ਉਨ੍ਹਾਂ ਵੱਲੋਂ ਡੀ. ਐੱਨ. ਏ. ਟੈਸਟ ਕਰਵਾਏ ਜਾ ਰਹੇ ਹਨ ਜਦੋਂਕਿ ਭਾਰਤ ਸਰਕਾਰ ਦੇ ਵਿਦੇਸ਼ ਵਿਭਾਗ ਵੱਲੋਂ ਇਕ ਬਿਆਨ ਰਾਹੀਂ ਕਿਹਾ ਗਿਆ ਹੈ ਕਿ ਡੀ.ਐੱਨ. ਏ. ਦੇ ਟੈਸਟ ਸਿਰਫ ਆਮ ਕਾਰਵਾਈ ਲਈ ਹਨ, ਪਰਿਵਾਰ ਡਰਨ ਨਾ। ਭਾਰਤ ਸਰਕਾਰ ਵੱਲੋਂ ਹੀ ਇਕ ਪੱਤਰ ਜਾਰੀ ਕਰ ਕੇ ਇਨ੍ਹਾਂ ਪਰਿਵਾਰਾਂ ਦੇ ਡੀ. ਐੱਨ. ਏ. ਟੈਸਟ ਕਰਵਾਉਣ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਲਾਈ ਗਈ ਸੀ ਤੇ ਜ਼ਿਲਾ ਅਧਿਕਾਰੀਆਂ ਵੱਲੋਂ ਇਨ੍ਹਾਂ ਪਰਿਵਾਰਾਂ ਨੂੰ ਟੈਸਟ ਲਈ ਬੁਲਾਇਆ ਗਿਆ ਸੀ। ਅੰਮ੍ਰਿਤਸਰ 'ਚ 8 ਪਰਿਵਾਰਾਂ ਦੇ ਕੋਈ 20 ਦੇ ਕਰੀਬ ਪਰਿਵਾਰਕ ਮੈਂਬਰਾਂ ਨੂੰ ਸੱਦਿਆ ਗਿਆ ਸੀ ਪਰ ਕਿੱਟਾਂ ਨਾ ਹੋਣ ਕਾਰਨ ਉਨ੍ਹਾਂ ਦੇ ਟੈਸਟ ਨਹੀਂ ਹੋ ਸਕੇ ਸਨ। ਜਦੋਂ ਕਿ ਗੁਰਦਾਸਪੁਰ ਦੇ ਤਿੰਨ ਪਰਿਵਾਰਾਂ ਦੇ ਘਰ 'ਚ ਜਾ ਕੇ ਸਿਹਤ ਵਿਭਾਗ ਦੀ ਟੀਮ ਵੱਲੋਂ ਸੈਂਪਲ ਲਏ ਗਏ ਸਨ।
ਇਰਾਕ ਗਏ ਕਮਲਜੀਤ ਸਿੰਘ ਦੀ ਮਾਂ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਉਨ੍ਹਾਂ ਦੇ ਘਰ ਆਈ ਤੇ ਉਨ੍ਹਾਂ ਵੱਲੋਂ ਉਨ੍ਹਾਂ ਦੇ ਪਰਿਵਾਰ ਦੇ ਖੂਨ ਦੇ ਸੈਂਪਲ ਲਏ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਅਜੇ ਤੱਕ ਇਹ ਸਮਝ ਨਹੀਂ ਲੱਗੀ ਕਿ ਉਹ ਇਸ ਸੈਂਪਲ ਲੈਣ ਦੀ ਕਾਰਵਾਈ ਨੂੰ ਕੀ ਸਮਝਣ। ਉਨ੍ਹਾਂ ਨੇ ਕਿਹਾ ਕਿ ਉਸ ਨੂੰ ਪੂਰੀ ਆਸ ਹੈ ਕਿ ਉਸ ਦਾ ਪੁੱਤ ਵਾਪਸ ਘਰ ਆਵੇਗਾ। ਉਨ੍ਹਾਂ ਇਹ ਵੀ ਗਿਲਾ ਕੀਤਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਸਾਨੂੰ ਪੂਰੀ ਜਾਣਕਾਰੀ ਦੇਵੇ। ਉਨ੍ਹਾਂ ਨੇ ਕਿਹਾ ਕਿ ਜਿਹੜੇ ਅਧਿਕਾਰੀ ਉਨ੍ਹਾਂ ਦੇ ਘਰ ਆਏ ਸਨ, ਨੇ ਉਨ੍ਹਾਂ ਨੂੰ ਕੁਝ ਵੀ ਨਹੀਂ ਦੱਸਿਆ। ਕਮਲਜੀਤ ਸਿੰਘ ਦੀ ਮਾਂ ਨੇ ਇਹ ਵੀ ਕਿਹਾ ਕਿ ਸਰਕਾਰ ਨੂੰ ਪਰਿਵਾਰਾਂ ਨਾਲ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ। ਇਸ ਦੇ ਨਾਲ ਉਨ੍ਹਾਂ ਦੀ ਆਸ ਬਣੀ ਰਹਿੰਦੀ ਹੈ।
ਸਹੁਰਿਆਂ ਤੋਂ ਦੁਖੀ ਨੌਜਵਾਨ ਵੱਲੋਂ ਖੁਦਕੁਸ਼ੀ
NEXT STORY