ਚੰਡੀਗੜ੍ਹ (ਰਮਨਜੀਤ, ਭਗਵਤ) : ਪੰਜਾਬ ਦੇ ਮੌੜ ਮੰਡੀ 'ਚ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੀ ਚੋਣ ਰੈਲੀ 'ਚ ਹੋਏ ਕਾਰ ਬੰਬ ਧਮਾਕੇ 'ਚ ਸਿਰਸਾ ਡੇਰਾ ਮੁਖੀ ਰਾਮ ਰਹੀਮ ਦਾ ਨਾਂ ਸਾਹਮਣੇ ਆਇਆ ਹੈ। ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਕਰਦਿਆਂ ਹਰਮਿੰਦਰ ਸਿੰਘ ਜੱਸੀ ਦੇ ਕਰੀਬੀ ਰਿਸ਼ਤੇਦਾਰ ਭੁਪਿੰਦਰ ਗੋਰਾ ਨੇ ਕਿਹਾ ਕਿ ਇਸ ਧਮਾਕੇ ਪਿੱਛੇ ਡੇਰੇ ਦਾ ਹੱਥ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਉਸ ਸਮੇਂ ਇਹ ਗੱਲ ਚੁੱਕੀ ਸੀ ਪਰ ਉਨ੍ਹਾਂ ਦੀ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਸਾਜਿਸ਼ 'ਚ ਹਰਮਿੰਦਰ ਸਿੰਘ ਜੱਸੀ ਦਾ ਵੀ ਹੱਥ ਹੈ ਅਤੇ ਇਸ ਦੀ ਵੀ ਸੀ. ਬੀ. ਆਈ. ਵਲੋਂ ਜਾਂਚ ਹੋਣੀ ਚਾਹੀਦੀ ਹੈ। ਭੁਪਿੰਦਰ ਗੋਰਾ ਨੇ ਕਿਹਾ ਕਿ ਜਿਸ ਦਿਨ ਧਮਾਕਾ ਹੋਇਆ, ਪੂਰਾ ਦਿਨ ਡੇਰਾ ਮੁਖੀ ਦਾ ਬੇਟਾ ਜੱਸੀ ਨਾਲ ਰਿਹਾ ਪਰ ਜਦੋਂ ਉਹ ਚਲਾ ਗਿਆ ਤਾਂ ਉਸ ਸਮੇਂ ਧਮਾਕਾ ਹੋ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ 302 ਦਾ ਪਰਚਾ ਦਰਜ ਹੋਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਹੀ ਹਰਮਿੰਦਰ ਸਿੰਘ ਜੱਸੀ ਨੂੰ ਪਾਰਟੀ 'ਚੋਂ ਕੱਢ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਪ੍ਰੈਸ ਕਾਨਫਰੰਸ ਦੌਰਾਨ ਜੱਸੀ ਨੂੰ ਦਿੱਤੀ ਗਈ ਜ਼ੈੱਡ ਸਕਿਓਰਿਟੀ ਦਾ ਮੁੱਦਾ ਵੀ ਚੁੱਕਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਦਿੱਤੀ ਸੁਰੱਖਿਆ ਵਾਪਸ ਲਈ ਜਾਣੀ ਚਾਹੀਦੀ ਹੈ। ਗੋਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਜੱਸੀ 'ਤੇ ਆਪਣਾ ਸਟੈਂਡ ਕਲੀਅਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਰੋਜ਼ ਧਮਕੀਆਂ ਮਿਲ ਰਹੀਆਂ ਹਨ ਪਰ ਫਿਰ ਵੀ ਮੈਂ ਡਰਨ ਵਾਲਿਆਂ 'ਚੋਂ ਨਹੀਂ ਹਾਂ।
ਡੇਰੇ 'ਚ ਅੱਤਵਾਦੀਆਂ ਨਾਲ ਦਿੱਤੀ ਜਾਂਦੀ ਸੀ ਟ੍ਰੇਨਿੰਗ
ਭੁਪਿੰਦਰ ਗੋਰਾ ਨੇ ਕਿਹਾ ਕਿ ਡੇਰੇ 'ਚ ਬੰਬ ਚਲਾਉਣ ਅਤੇ ਅਸਲੇ ਦੀ ਟ੍ਰੇਨਿੰਗ ਅੱਤਵਾਦੀਆਂ ਦੀ ਤਰ੍ਹਾਂ ਦਿੱਤੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਇਹ ਟ੍ਰੇਨਿੰਗ ਅਜਿਹੇ ਕੰਮਾਂ ਲਈ ਹੀ ਦਿੱਤੀ ਜਾ ਰਹੀ ਸੀ। ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਹਰਮਿਦੰਰ ਸਿੰਘ ਜੱਸੀ ਦੀ ਚੋਣ ਰੈਲੀ ਦੌਰਾਨ ਕਾਰ 'ਚ ਧਮਾਕਾ ਹੋ ਗਿਆ ਸੀ, ਜਿਸ ਦੌਰਾਨ 4 ਬੱਚਿਆਂ ਸਮੇਤ 6 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਗੰਭੀਰ ਜ਼ਖਮੀ ਹੋ ਗਏ ਸਨ।
ਸੀਵਰੇਜ ਵਿਛਾਉਣ ਦੌਰਾਨ ਢਿੱਗ ਥੱਲੇ ਆਇਆ ਮਜ਼ਦੂਰ
NEXT STORY