ਭੁਲੱਥ/ਕਪੂਰਥਲਾ, (ਰਜਿੰਦਰ, ਮਲਹੋਤਰਾ)- ਸਬ-ਡਵੀਜ਼ਨ ਹਸਪਤਾਲ ਭੁਲੱਥ ਵਿਖੇ ਅੱਜ ਸਿਹਤ ਵਿਭਾਗ ਦੀ ਟੀਮ ਵਲੋਂ ਚੈਕਿੰਗ ਕੀਤੀ। ਟੀਮ ਵਿਚ ਗੁਰਦਾਸਪੁਰ ਦੇ ਡੀ. ਐੱਮ. ਸੀ. ਡਾ. ਅਮਨਦੀਪ ਸਿੰਘ, ਰੇਡੀਓਗ੍ਰਾਫਰ ਸੰਜੀਵ ਕੁਮਾਰ ਤੇ ਜ਼ਿਲਾ ਕਪੂਰਥਲਾ ਦੇ ਡੀ. ਐੱਮ. ਸੀ. ਸਾਰਿਕਾ ਦੁੱਗਲ ਸਨ। ਸਵੱਛ ਭਾਰਤ ਅਭਿਆਨ ਤਹਿਤ ਸੂਬਾ ਸਰਕਾਰ ਵਲੋਂ ਚਲਾਈ ਗਈ ਕਾਇਆਕਲਪ ਮੁਹਿੰਮ ਤਹਿਤ ਹੋਈ ਇਸ ਚੈਕਿੰਗ ਦੌਰਾਨ ਟੀਮ ਵਲੋਂ ਹਸਪਤਾਲ ਦੇ ਐਮਰਜੈਂਸੀ ਵਾਰਡ, ਓ. ਪੀ. ਡੀ. ਬਲਾਕ, ਮਰੀਜ਼ਾਂ ਦੇ ਵਾਰਡ, ਲੇਬਰ ਰੂਮ, ਐਕਸ-ਰੇ ਵਿਭਾਗ, ਡਾਕਟਰਾਂ ਦੇ ਕਮਰੇ, ਲੈਬੋਰੇਟਰੀ, ਆਪ੍ਰੇਸ਼ਨ ਥੀਏਟਰ, ਸਟੋਰ ਤੇ ਡੇਂਗੂ ਵਾਰਡ ਸਮੇਤ ਹਸਪਤਾਲ 'ਚ ਮਰੀਜ਼ਾਂ ਲਈ ਬਣਾਏ ਪ੍ਰਾਈਵੇਟ ਕਮਰਿਆਂ ਦੀ ਜਾਂਚ ਵੀ ਕੀਤੀ ਗਈ। ਇਸ ਤੋਂ ਇਲਾਵਾ ਹਸਪਤਾਲ 'ਚ ਸਰਕਾਰੀ ਰਿਕਾਰਡ ਦੀ ਸਾਂਭ-ਸੰਭਾਲ ਦਾ ਜਾਇਜ਼ਾ ਵੀ ਲਿਆ ਗਿਆ ਤੇ ਹਸਪਤਾਲ ਦੀ ਬਾਹਰੀ ਦਿੱਖ ਸਮੇਤ ਹਸਪਤਾਲ ਵਿਚ ਬਣੀ ਹਰਬਲ ਪਾਰਕ, ਮੁਫਤ ਦਵਾਈਆਂ ਦਾ ਕੇਂਦਰ, ਪਾਰਕਿੰਗ ਤੇ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੱਗੇ ਸੂਚਨਾ ਬੋਰਡਾਂ ਨੂੰ ਵੀ ਦੇਖਿਆ ਗਿਆ।
ਇਸ ਮੌਕੇ 'ਜਗ ਬਾਣੀ' ਵਲੋਂ ਹਸਪਤਾਲ 'ਚ ਲਿਫਟ ਨਾ ਚੱਲਣ ਸੰਬੰਧੀ ਕੀਤੇ ਗਏ ਸਵਾਲ ਦੇ ਜਵਾਬ 'ਚ ਡਾ. ਅਮਨਦੀਪ ਸਿੰਘ ਨੇ ਕਿਹਾ ਹਸਪਤਾਲ ਵਿਚ ਲਿਫਟ ਨਾ ਚੱਲਣ ਬਾਰੇ ਪਹਿਲਾਂ ਹੀ ਹਸਪਤਾਲ ਵਲੋਂ ਸਿਹਤ ਵਿਭਾਗ ਨੂੰ ਲਿਖ ਕੇ ਭੇਜਿਆ ਜਾ ਚੁੱਕਾ ਹੈ, ਜੋ ਅਸੀਂ ਚੈਕ ਕੀਤਾ ਹੈ। ਇਸ ਮੌਕੇ ਜ਼ਿਲਾ ਕਪੂਰਥਲਾ ਦੇ ਡੀ. ਐੱਮ. ਸੀ. ਡਾ. ਸਾਰਿਕਾ ਨੇ ਪੁੱਛਣ 'ਤੇ ਦੱਸਿਆ ਕਿ ਹਸਪਤਾਲ 'ਚ ਸਟਾਫ ਦੀ ਘਾਟ ਬਾਰੇ ਲਿਖ ਕੇ ਭੇਜਿਆ ਜਾ ਚੁੱਕਾ ਹੈ ਅਤੇ ਇਥੋਂ ਦੀ ਲੈਬ ਵਿਚ ਲੋੜੀਂਦੇ ਉਪਕਰਨਾਂ ਦੀ ਘਾਟ ਸੰਬੰਧੀ ਵੀ ਸਿਹਤ ਵਿਭਾਗ ਨੂੰ ਜਾਣੂ ਕਰਵਾਇਆ ਗਿਆ ਹੈ। ਇਸ ਮੌਕੇ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਤਰਸੇਮ ਸਿੰਘ, ਨੋਡਲ ਅਫਸਰ ਭੁਲੱਥ ਡਾ. ਮੋਹਿਤ ਪਾਲ, ਬਲਾਕ ਐਕਸਟੈਂਸ਼ਨ ਐਜੂਕੇਟਰ ਮੋਨਿਕਾ ਰਾਏ ਸਮੇਤ ਸਟਾਫ ਮੌਜੂਦ ਸੀ।
ਕਪੂਰਥਲਾ ਸ਼ਹਿਰ ਸਮੇਤ ਪੂਰੇ ਜ਼ਿਲੇ 'ਚ ਡੇਂਗੂ ਨੇ ਦਿੱਤੀ ਦਸਤਕ
NEXT STORY