ਫ਼ਰੀਦਕੋਟ (ਹਾਲੀ) - ਇਥੋਂ ਦਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਸਰਕਾਰ ਦੇ ਹਜ਼ਾਰਾਂ ਕਰੋੜ ਰੁਪਏ ਹੁਣ ਤੱਕ ਖਰਚ ਕਰਵਾ ਚੁੱਕਾ ਹੈ ਪਰ ਪ੍ਰਬੰਧਕਾਂ ਦੀ ਬੇਧਿਆਨੀ ਤੇ ਲਾਪ੍ਰਵਾਹੀ ਕਰਕੇ ਇਸ ਵੇਲੇ ਇਸ ਹਾਲਾਤ ਵਿਚ ਪਹੁੰਚ ਚੁੱਕਾ ਹੈ ਕਿ ਇਥੋਂ ਕਿਸੇ ਨੂੰ ਮੁੱਢਲੀ ਸਹਾਇਤਾ ਵੀ ਨਸੀਬ ਨਹੀਂ ਹੁੰਦੀ। ਪਿਛਲੇ 3 ਸਾਲਾਂ ਤੋਂ ਹਸਪਤਾਲ ਦੀ ਇਸ ਹੋ ਰਹੀ ਦੁਰਦਸ਼ਾ ਤੇ ਮਰੀਜ਼ਾਂ ਪ੍ਰਤੀ ਵਿਵਹਾਰ ਨੂੰ ਲੈ ਕੇ ਆਖਿਰ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੇ ਹਸਪਤਾਲ ਦੇ ਪ੍ਰਬੰਧ ਸੁਧਾਰਨ ਲਈ ਇਸ ਦੇ ਪ੍ਰਬੰਧਕਾਂ ਖਿਲਾਫ਼ ਮੋਰਚਾ ਖੋਲ੍ਹਣ ਦਾ ਐਲਾਨ ਕੀਤਾ ਹੈ, ਜਿਸ ਸਬੰਧੀ ਅਗਲੇ ਹਫ਼ਤੇ ਰਣਨੀਤੀ ਤਿਆਰ ਕੀਤੀ ਜਾਵੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਤੱਤਕਲੀਨ ਮੁੱਖ ਮੰਤਰੀ ਅਤੇ ਸਵ. ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੇ ਫ਼ਰੀਦਕੋਟ ਨਿਵਾਸੀਆਂ ਨੂੰ ਮੈਡੀਕਲ ਕਾਲਜ ਦਾ ਇਕ ਤੋਹਫ਼ਾ 70ਵੇਂ ਦਹਾਕੇ ਵਿਚ ਦਿੱਤਾ ਸੀ। ਉਸ ਸਮੇਂ ਉੱਤਰੀ ਭਾਰਤ ਦਾ ਇਹ ਸਭ ਤੋਂ ਆਧੁਨਿਕ ਤਕਨੀਕਾਂ ਵਾਲਾ ਹਸਪਤਾਲ ਸੀ ਪਰ ਹੌਲੀ-ਹੌਲੀ ਇਹ ਇਸ ਦੇ ਪ੍ਰਬੰਧਕਾਂ ਤੇ ਸਰਕਾਰੀ ਨੀਤੀਆਂ ਦੀ ਭੇਟ ਚੜ੍ਹਦਾ ਰਿਹਾ। ਅੰਤ 90ਵੇਂ ਦਹਾਕੇ ਵਿਚ ਇਸ ਨੂੰ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਅਧੀਨ ਕਰ ਦਿੱਤਾ ਗਿਆ। ਇਥੋਂ ਭਾਵੇਂ ਇਸ ਦੇ ਸੁਧਾਰ ਦੀਆਂ ਕਈ ਸੰਭਾਨਾਵਾਂ ਬਣੀਆਂ ਅਤੇ 1998 ਤੱਕ ਇਸ ਦੀ ਸਥਿਤੀ ਇਹ ਸੀ ਕਿ ਇਸ ਦੇ ਅੱਧੇ ਤੋਂ ਵੱਧ ਵਾਰਡਾਂ ਨੂੰ ਡਾਕਟਰ ਨਾ ਹੋਣ ਕਾਰਨ ਜਿੰਦਰੇ ਲੱਗ ਗਏ ਸਨ।
ਇਸ ਤੋਂ ਬਾਅਦ ਫ਼ਿਰ ਇਸ ਨੂੰ ਕੁਝ ਹੁਲਾਰਾ ਮਿਲਿਆ ਤੇ 2014 ਤੱਕ ਇਸ 'ਤੇ ਹਜ਼ਾਰਾਂ ਕਰੋੜ ਰੁਪਏ ਖਰਚ ਕਰ ਕੇ ਆਲੀਸ਼ਾਨ ਬਿਡਡਿੰਗਾਂ ਬਣਾਈਆਂ ਗਈਆਂ, ਆਧੁਨਿਕ ਮਸ਼ੀਨਰੀ ਲਿਆਂਦੀ ਗਈ ਅਤੇ ਵਿਸ਼ਵ ਪੱਧਰੀ ਹਸਪਤਾਲਾਂ ਵਿਚੋਂ ਮੋਟੀਆਂ ਤਨਖਾਹਾਂ ਦੇ ਕੇ ਵੱਖ-ਵੱਖ ਰੋਗਾਂ ਦੇ ਮਾਹਿਰ ਡਾਕਟਰ ਇਥੇ ਲਿਆਂਦੇ ਗਏ। ਉਸ ਸਮੇਂ ਤੱਕ ਇਸ ਹਸਪਤਾਲ ਦੀ ਰੋਜ਼ਾਨਾ ਓ. ਪੀ. ਡੀ. 1300 ਤੱਕ ਪਹੁੰਚ ਗਈ ਸੀ। ਇਸ ਤੋਂ ਬਾਅਦ ਇਸ ਦਾ ਗ੍ਰਾਫ਼ ਇਕ ਵਾਰ ਫ਼ਿਰ ਡਿੱਗਣਾ ਸ਼ੁਰੂ ਹੋਇਆ ਤੇ ਹੁਣ ਫ਼ਿਰ ਆਪਣੀ ਪੁਰਾਣੀ ਸਥਿਤੀ ਵਿਚ ਪਹੁੰਚ ਗਿਆ ਹੈ, ਜਿਸ ਨੂੰ ਲੈ ਕੇ ਸ਼ਹਿਰ ਦੇ ਸੰਜੀਦਾ ਲੋਕ ਹੁਣ ਇਸ ਦੀ ਇਸ ਹਾਲਤ 'ਤੇ ਚਿੰਤਤ ਹਨ। ਵੱਖ-ਵੱਖ ਜਥੇਬੰਦੀਆਂ ਨਾਲ ਸਬੰਧਿਤ ਆਗੂ ਅਤੇ ਸ਼ਹਿਰ ਨੂੰ ਪਿਆਰ ਕਰਨ ਵਾਲੇ ਕੁਝ ਲੋਕਾਂ ਨੇ ਦੱਸਿਆ ਕਿ 40 ਸਾਲ ਪਹਿਲਾਂ ਮਾਲਵੇ ਦੇ ਦਸ ਜ਼ਿਲਿਆਂ ਲਈ ਸਥਾਪਿਤ ਕੀਤੇ ਹਸਪਤਾਲ ਵਿਚ ਮੌਜੂਦਾ ਸਮੇਂ 'ਚ ਲੋਕਾਂ ਨੂੰ ਮੁੱਢਲੀ ਸਹਾਇਤਾ ਵੀ ਨਹੀਂ ਮਿਲਦੀ, ਜਦਕਿ ਇਸ ਹਸਪਤਾਲ ਦੇ ਡਾਕਟਰਾਂ ਨੂੰ ਪੰਜਾਬ 'ਚ ਸਭ ਤੋਂ ਵੱਧ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ।
ਮੈਡੀਕਲ ਸੁਪਰਡੈਂਟ ਡਾ. ਰਾਜੀਵ ਜੋਸ਼ੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਹਸਪਤਾਲ ਤੇ ਐਮਰਜੈਂਸੀ ਵਿਭਾਗ ਦੀਆਂ ਸੇਵਾਵਾਂ ਵਿਚ ਸੁਧਾਰ ਲਿਆਉਣ ਲਈ ਉਨ੍ਹਾਂ ਦੇ ਉਪਰਾਲੇ ਜਾਰੀ ਹਨ। ਉਨ੍ਹਾਂ ਕਿਹਾ ਕਿ ਐਮਰਜੈਂਸੀ ਵਿਭਾਗ ਦੇ ਬਾਹਰ ਉਨ੍ਹਾਂ ਆਪਣਾ ਮੋਬਾਇਲ ਨੰਬਰ ਲਿਖਿਆ ਹੋਇਆ ਹੈ, ਜਿਸ 'ਤੇ ਉਨ੍ਹਾਂ ਨੂੰ ਕਾਫ਼ੀ ਲੋਕਾਂ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਹਸਪਤਾਲ ਅਤੇ ਐਮਰਜੈਂਸੀ ਵਿਭਾਗ ਦੀਆਂ ਸੇਵਾਵਾਂ ਸੁਧਾਰਨ ਲਈ ਉਹ ਜਲਦ ਹੀ ਉੱਚ ਪੱਧਰੀ ਮੀਟਿੰਗ ਬੁਲਾ ਰਹੇ ਹਨ ਤੇ ਜਲਦ ਹੀ ਮਰੀਜ਼ਾਂ ਤੇ ਵਾਰਿਸਾਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ।
ਰਾਈਫਲਾਂ ਤੇ ਜ਼ਿੰਦਾ ਕਾਰਤੂਸ ਬਰਾਮਦ, 3 ਨਾਮਜ਼ਦ
NEXT STORY