ਜਲੰਧਰ, ( ਰਾਜੇਸ਼)- ਓਵਰਲੋਡ ਆਟੋ ਸ਼ਹਿਰ ਤੇ ਲਿੰਕ ਸੜਕਾਂ 'ਤੇ ਯਮਰਾਜ ਬਣ ਕੇ ਘੁੰਮ ਰਹੇ ਹਨ। ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਆਟੋ ਚਾਲਕ ਕੁਝ ਪੈਸਿਆਂ ਖਾਤਰ ਲੋਕਾਂ ਦੀ ਜ਼ਿੰਦਗੀ ਨਾਲ ਖੇਡ ਰਹੇ ਹਨ। ਸਮੇਂ-ਸਮੇਂ 'ਤੇ ਪ੍ਰਸ਼ਾਸਨਿਕ ਸਖਤੀ ਦੇ ਬਾਵਜੂਦ ਸ਼ਰੇਆਮ ਘੁੰਮ ਰਹੇ 'ਯਮਰਾਜ' ਨੂੰ ਰੋਕਣ ਲਈ ਕੋਈ ਠੋਸ ਹੱਲ ਫਿਲਹਾਲ ਨਜ਼ਰ ਨਹੀਂ ਆ ਰਿਹਾ। ਨਾ ਤਾਂ ਆਟੋ ਚਾਲਕ ਨਿਯਮਾਂ ਦੀ ਪਾਲਣਾ ਕਰਨਾ ਆਪਣੀ ਡਿਊਟੀ ਸਮਝ ਰਹੇ ਹਨ ਤੇ ਪੁਲਸ ਪ੍ਰਸ਼ਾਸਨ ਦਾ ਵੀ ਰਵੱਈਆ ਇਨ੍ਹਾਂ ਪ੍ਰਤੀ ਨਰਮ ਹੀ ਹੈ।
ਬੀਤੇ ਦਿਨ ਨਕੋਦਰ ਰੋਡ 'ਤੇ ਵੰਡਰਲੈਂਡ ਨੇੜੇ ਭਿਆਨਕ ਹਾਦਸਾ ਹੋਇਆ। ਹਾਦਸੇ ਵਿਚ ਆਟੋ ਵਿਚ ਸਵਾਰ ਬੱਚੀ, ਆਟੋ ਚਾਲਕ ਸਣੇ 5 ਲੋਕਾਂ ਦੀ ਮੌਤ ਹੋਈ ਤੇ ਬਾਕੀ ਤਿੰਨ ਬੱਚਿਆਂ ਸਣੇ 6 ਲੋਕ ਜ਼ਖਮੀ ਹੋਏ।
ਗਲਤੀ ਭਾਵੇਂ ਦੁੱਧ ਟੈਂਕਰ ਚਾਲਕ ਦੀ ਸੀ। ਪੁਲਸ ਨੇ ਉਸ ਖਿਲਾਫ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਪਰ ਇਸ ਦੁੱਖਦਾਇਕ ਘਟਨਾ ਦਾ ਦੂਜਾ ਪਹਿਲੂ ਇਹ ਵੀ ਹੈ ਕਿ ਆਟੋ ਵਿਚ ਵੀ ਟ੍ਰੈਫਿਕ ਨਿਯਮਾਂ ਨੂੰ ਅੱਖੋਂ ਪਰੋਖੇ ਰੱਖ 10 ਸਵਾਰੀਆਂ ਬਿਠਾਈਆਂ ਗਈਆਂ ਸਨ। ਹਾਦਸੇ ਵਿਚ ਇਕ ਹੀ ਪਰਿਵਾਰ ਦੇ ਕਈ ਲੋਕ ਜਾਨ ਗੁਆ ਬੈਠੇ। ਪਿਛਲੇ ਮਹੀਨੇ ਪਟੇਲ ਚੌਕ ਕੋਲ ਵੀ ਦੋ ਆਟੋਜ਼ ਦੀ ਟੱਕਰ ਵਿਚ ਦੂਜੇ ਸੂਬੇ ਤੋਂ ਆਏ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਅਜਿਹੇ ਹਾਦਸੇ ਪਹਿਲਾਂ ਵੀ ਕਈ ਵਾਰ ਵਾਪਰ ਚੁੱਕੇ ਹਨ। ਕਈ ਵਾਰ ਬੇਕਾਬੂ ਆਟੋ ਪਲਟੇ ਤੇ ਹਾਦਸਾਗ੍ਰਸਤ ਹੋਣ ਕਾਰਨ ਕਈ ਲੋਕ ਜਾਨ ਗੁਆ ਬੈਠੇ ਹਨ।
ਰੋਡ ਟ੍ਰੈਫਿਕ ਐਕਟ ਵਿਚ ਆਟੋਜ਼ ਨੂੰ ਲੈ ਕੇ ਨਿਯਮ ਸਪੱਸ਼ਟ ਹਨ ਪਰ ਦੁੱਖ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਨਿਯਮਾਂ ਵੱਲ ਕੋਈ ਧਿਆਨ ਨਹੀਂ ਦਿੰਦਾ। ਖਾਸ ਕਰ ਆਟੋ ਚਲਾਉਣ ਵਾਲੇ ਚਾਲਕ ਤਾਂ ਬਿਲਕੁਲ ਵੀ ਨਹੀਂ। ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਹੋਣ ਕਾਰਨ ਹੀ ਜ਼ਿਆਦਾਤਰ ਹਾਦਸੇ ਹੁੰਦੇ ਹਨ। ਅਜਿਹਾ ਸੜਕ ਹਾਦਸਿਆਂ ਨੂੰ ਲੈ ਕੇ ਸਬੰਧਿਤ ਵਿਭਾਗ ਵੱਲੋਂ ਇਕੱਠੇ ਕੀਤੇ ਅੰਕੜੇ ਦੱਸਦੇ ਹਨ।
ਆਟੋ ਫੈਲਾਉਂਦੇ ਹਨ ਪ੍ਰਦੂਸ਼ਣ
ਇਹ ਕਹਿਣਾ ਗਲਤ ਨਹੀਂ ਹੈ ਕਿ ਆਟੋ ਚਲਾਉਣ ਵਾਲੇ ਬੇਰੋਜ਼ਗਾਰ ਤੇ ਆਰਥਿਕ ਪੱਖੋਂ ਮਜ਼ਬੂਤ ਨਹੀਂ ਹੁੰਦੇ। ਇਸ ਲਈ ਉਹ ਬੱਚਤ ਦੇ ਚੱਕਰ ਵਿਚ ਨਿਯਮਾਂ ਦੀ ਉਲੰਘਣਾ ਕਰਦੇ ਹਨ। ਪੈਟਰੋਲ, ਡੀਜ਼ਲ ਤੇ ਕੁਝ ਹੋਰ ਜਲਣਸ਼ੀਲ ਪਦਾਰਥ ਮਿਕਸ ਕਰਨ ਕਾਰਨ ਆਟੋ ਜ਼ਿਆਦਾ ਪ੍ਰਦੂਸ਼ਣ ਵੀ ਫੈਲਾਉਂਦੇ ਹਨ।
ਆਟੋ ਚਾਲਕਾਂ ਨੂੰ ਨਹੀਂ ਨਿਯਮਾਂ ਦੀ ਪ੍ਰਵਾਹ
ਆਟੋ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪ੍ਰਵਾਹ ਤਾਂ ਦੂਰ, ਸਹੀ ਢੰਗ ਨਾਲ ਜਾਣਕਾਰੀ ਵੀ ਨਹੀਂ ਹੈ। ਇਸਦਾ ਕਾਰਨ ਇਹ ਹੈ ਕਿ ਜਿਸ ਬੇਰੁਜ਼ਗਾਰ ਵਿਅਕਤੀ ਨੂੰ ਕੋਈ ਕੰਮ ਨਹੀਂ ਮਿਲਦਾ ਉਹ ਜਾਂ ਤਾਂ ਕਿਰਾਏ 'ਤੇ ਜਾਂ ਬੈਂਕਾਂ ਜਾਂ ਪ੍ਰਾਈਵੇਟ ਬੈਂਕਾਂ ਦੇ ਨਿਯਮਾਂ ਦਾ ਫਾਇਦਾ ਲੈਂਦਿਆਂ ਆਟੋ ਲੈ ਕੇ ਉਸੇ ਦਿਨ ਤੋਂ ਸ਼ਹਿਰ ਤੇ ਲਿੰਕ ਮਾਰਗਾਂ 'ਤੇ ਚਲਾਉਣਾ ਸ਼ੁਰੂ ਕਰ ਦਿੰਦਾ ਹੈ। ਆਟੋ ਚਲਾਉਣ ਲਈ ਕਿਸੇ ਤਰ੍ਹਾਂ ਦੀ ਪ੍ਰਮਿਸ਼ਨ ਦਾ ਵੀ ਇੰਤਜ਼ਾਰ ਨਹੀਂ ਕਰਦਾ। ਇਹੀ ਕਾਰਨ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਸ਼ਹਿਰ ਤੇ ਪਿੰਡਾਂ ਵਿਚ ਆਟੋਜ਼ ਦੀ ਗਿਣਤੀ ਵੱਧਦੀ ਜਾ ਰਹੀ ਹੈ। ਆਟੋ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਨਾ ਹੋਣ ਕਾਰਨ ਉਹ ਪਾਲਣਾ ਵੀ ਨਹੀਂ ਕਰਦੇ। ਜਿਨ੍ਹਾਂ ਨੂੰ ਜਾਣਕਾਰੀ ਹੁੰਦੀ ਹੈ ਉਹ ਵੀ ਨਿੱਜੀ ਹਿੱਤਾਂ ਖਾਤਰ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਦਿਸਦੇ ਹਨ।
ਜ਼ਿਆਦਾ ਸਵਾਰੀਆਂ ਕਾਰਨ ਨਹੀਂ ਰਹਿੰਦਾ ਕੰਟਰੋਲ
ਆਟੋਜ਼ ਲਈ ਨਿਯਮ ਸਪੱਸ਼ਟ ਹਨ ਕਿ ਆਟੋ ਵਿਚ 3 ਤੋਂ 4 ਸਵਾਰੀਆਂ ਹੀ ਬਿਠਾਈਆਂ ਜਾ ਸਕਦੀਆਂ ਹਨ ਪਰ ਆਟੋ ਚਾਲਕ ਨਿਯਮਾਂ ਦੀ ਪ੍ਰਵਾਹ ਨਾ ਕਰਦਿਆਂ 10 ਤੋਂ 12 ਸਵਾਰੀਆਂ ਬਿਠਾ ਕੇ ਸ਼ਹਿਰ ਦੀਆਂ ਸੜਕਾਂ 'ਤੇ ਯਮਰਾਜ ਬਣ ਕੇ ਉੱਡਦੇ ਨਜ਼ਰ ਆਉਂਦੇ ਹਨ। ਇਥੋਂ ਤਕ ਕਿ ਆਟੋ ਚਾਲਕ ਸਵਾਰੀ ਬਿਠਾਉਣ ਜਾਂ ਉਤਾਰਨ ਲਈ ਸੜਕ ਵਿਚਕਾਰ ਹੀ ਆਟੋ ਰੋਕ ਕੇ ਖੜ੍ਹੇ ਹੋ ਜਾਂਦੇ ਹਨ ਤੇ ਸ਼ਹਿਰ ਵਿਚ ਟ੍ਰੈਫਿਕ ਜਾਮ ਦੀ ਸਮੱਸਿਆ ਦਾ ਕਾਰਨ ਬਣਦੇ ਹਨ। ਆਟੋ ਰਿਪੇਅਰ ਦੇ ਇਕ ਮਕੈਨਿਕ ਮੁਤਾਬਕ ਆਟੋ ਵਿਚ 3-4 ਸਵਾਰੀਆਂ ਬਿਠਾਉਣ ਦੀ ਪ੍ਰਮਿਸ਼ਨ ਇਸ ਲਈ ਵੀ ਹੈ ਕਿਉਂਕਿ ਆਟੋ ਵਿਚ ਤਿੰਨ ਟਾਇਰ ਹੁੰਦੇ ਹਨ। 3-4 ਸਵਾਰੀਆਂ ਕਾਰਨ ਆਟੋ ਦਾ ਸੰਤੁਲਨ ਬਣਿਆ ਰਹਿੰਦਾ ਹੈ, ਪਰ ਜਿਵੇਂ ਹੀ ਸਵਾਰੀਆਂ ਤਿੰਨ ਗੁਣਾ ਹੋ ਜਾਂਦੀਆਂ ਹਨ ਤਾਂ ਆਟੋ ਚਾਲਕ ਦਾ ਵੀ ਪੂਰੀ ਤਰ੍ਹਾਂ ਕੰਟਰੋਲ ਨਹੀਂ ਰਹਿੰਦਾ। ਹਲਕਾ ਜਿਹਾ ਕੱਟ ਮਾਰਨ 'ਤੇ ਵੀ ਆਟੋ ਪਲਟ ਜਾਂਦਾ ਹੈ। ਇਹ ਟੈਕਨੀਕਲ ਫਾਲਟ ਹੈ। ਇਸ ਲਈ ਜ਼ਿਆਦਾ ਸਵਾਰੀਆਂ ਬਿਠਾਉਣ ਦੀ ਇਜਾਜ਼ਤ ਨਹੀਂ ਹੈ।
1 ਮਹੀਨੇ ਵਿਚ 700 ਚਲਾਨ , ਸ਼ਹਿਰ ਵਿਚ ਪਰਮਿਟ
ਸਿਰਫ 2800, ਚਲਦੇ ਹਨ 6000 ਤੋਂ ਵੱਧ ਆਟੋ
ਭਿਆਨਕ ਰੂਪ ਧਾਰਦੀ ਜਾ ਰਹੀ ਸਮੱਸਿਆ ਸਬੰਧੀ ਪਿਛਲੇ ਦਿਨੀਂ ਸਖਤੀ ਵਰਤਣ ਵਾਲੇ ਏ. ਡੀ. ਸੀ. ਪੀ. ਟ੍ਰੈਫਿਕ ਕੁਲਵੰਤ ਸਿੰਘ ਹੀਰ ਨੇ ਦੱਸਿਆ ਕਿ ਇਕ ਮਹੀਨੇ ਤੋਂ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਟ੍ਰੈਫਿਕ ਜਾਮ ਦਾ ਪ੍ਰਮੁੱਖ ਕਾਰਨ ਆਟੋਜ਼ 'ਤੇ ਸ਼ਿਕੰਜਾ ਕੱਸਿਆ ਗਿਆ। ਏ. ਡੀ. ਸੀ. ਪੀ. ਹੀਰ ਨੇ ਦੱਸਿਆ ਕਿ ਟ੍ਰੈਫਿਕ ਪੁਲਸ ਵੱਲੋਂ ਸਿਰਫ ਪੀ. ਐੱਨ. ਬੀ. ਚੌਕ ਤੋਂ ਬਸਤੀ ਅੱਡਾ ਚੌਕ ਤਕ ਵਿਦਾਊਟ ਪਰਮਿਟ ਆਟੋ ਦੀ ਐਂਟਰੀ ਬੰਦ ਕੀਤੀ ਗਈ ਹੈ। ਇਸ ਨਾਲ ਕਾਫੀ ਫਾਇਦਾ ਮਿਲਿਆ। ਏ. ਡੀ. ਸੀ. ਪੀ. ਨੇ ਦੱਸਿਆ ਕਿ ਪਿਛਲੇ ਇਕ ਮਹੀਨੇ ਤੋਂ ਓਵਰਲੋਡ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਆਟੋ ਚਾਲਕਾਂ ਦੇ 700 ਦੇ ਕਰੀਬ ਚਲਾਨ ਕੱਟੇ ਗਏ ਤੇ ਜਾਂਚ ਵਿਚ ਪਤਾ ਲੱਗਾ ਹੈ ਕਿ ਟਰਾਂਸਪੋਰਟ ਵਿਭਾਗ ਵੱਲੋਂ ਸ਼ਹਿਰ ਵਿਚ ਆਟੋ ਚਲਾਉਣ ਲਈ ਸਿਰਫ 2800 ਪਰਮਿਟ ਜਾਰੀ ਕੀਤੇ ਗਏ ਹਨ, ਪਰ ਆਲੇ-ਦੁਆਲੇ ਦੇ ਕਸਬਿਆਂ ਤੋਂ ਲਏ ਗਏ ਪਰਮਿਟ ਦੇ ਆਟੋ ਵੀ ਸ਼ਹਿਰ ਵਿਚ ਚਲਦੇ ਹਨ। ਅਨੁਮਾਨ ਹੈ ਕਿ ਸ਼ਹਿਰ ਵਿਚ 6 ਹਜ਼ਾਰ ਤੋਂ ਕਿਤੇ ਵੱਧ ਆਟੋ ਚੱਲ ਰਹੇ ਹਨ। ਏ. ਡੀ. ਸੀ. ਪੀ. ਨੇ ਕਿਹਾ ਕਿ ਪੁਲਸ ਸਖਤੀ ਨਾਲ ਆਪਣੀ ਡਿਊਟੀ ਕਰ ਰਹੀ ਹੈ।
ਆਟੋ ਵਿਚ ਗਿਣਤੀ ਤੋਂ ਵੱਧ ਸਵਾਰੀਆਂ ਨਾ ਬੈਠਣ
ਏ. ਡੀ. ਸੀ. ਪੀ. ਕੁਲਵੰਤ ਸਿੰਘ ਹੀਰ ਨੇ ਆਮ ਜਨਤਾ ਨੂੰ ਵੀ ਅਪੀਲ ਕੀਤੀ ਹੈ ਕਿ ਜਿਸ ਆਟੋ ਵਿਚ 3-4 ਤੋਂ ਵੱਧ ਸਵਾਰੀਆਂ ਬੈਠੀਆਂ ਹਨ ਉਸ ਆਟੋ ਵਿਚ ਲੋਕ ਖੁਦ ਵੀ ਬੈਠਣ ਤੋਂ ਇਨਕਾਰ ਕਰਨ। ਨਾਲ ਹੀ ਆਟੋ ਚਾਲਕ ਵੀ ਨਿਯਮਾਂ ਦੀ ਪਾਲਣਾ ਕਰਨਾ ਆਪਣੀ ਡਿਊਟੀ ਸਮਝਣ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ।
ਨਵੇਂ ਸਾਲ ਦੇ ਪਹਿਲੇ ਹੀ ਦਿਨ ਇਕੋ ਥਾਣੇ 'ਚ ਨਸ਼ਾ ਸਮੱਗਲਿੰਗ ਦੇ ਦਰਜ ਹੋਏ 4 ਕੇਸ
NEXT STORY