ਨਵੀਂ ਦਿੱਲੀ — ਇੰਟਰਨੈਸ਼ਨਲ ਐਵੀਏਸ਼ਨ ਕੰਸਲਟੈਂਸੀ ਫਰਮ ਸੈਂਟਰ ਫਾਰ ਏਸ਼ੀਆ ਪੈਸੇਫਿਕ ਐਵੀਏਸ਼ਨ (ਸੀ. ਏ. ਪੀ. ਏ.) ਨੇ ਇਕ ਨੋਟ ਜਾਰੀ ਕਰ ਕੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਕਹਿਰ ਕਾਰਣ ਮਈ ਦੇ ਅੰਤ ਤੱਕ ਦੁਨੀਆ ਭਰ ਦੀਆਂ ਸਾਰੀਆਂ ਏਅਰਲਾਈਨਾਂ ਬੈਂਕ੍ਰਪਟ (ਦੀਵਾਲੀਆ) ਹੋ ਜਾਣਗੀਆਂ। ਸੀ. ਏ. ਪੀ. ਏ. ਨੇ ਕਿਹਾ ਕਿ ਜੇਕਰ ਇਸ ਤਬਾਹੀ ਨੂੰ ਰੋਕਣਾ ਹੈ ਤਾਂ ਸਰਕਾਰਾਂ ਨੂੰ ਮਦਦ ਕਰਨੀ ਪਵੇਗੀ ਅਤੇ ਇੰਡਸਟਰੀ ਨੂੰ ਤੁਰੰਤ ਠੀਕ ਕਦਮ ਚੁੱਕਣੇ ਹੋਣਗੇ। ਸੀ. ਏ. ਪੀ. ਏ. ਨੇ ਆਪਣੇ ਨੋਟ ’ਚ ਕਿਹਾ ਹੈ ਕਿ ਕੋਰੋਨਾ ਵਾਇਰਸ ਕਾਰਣ ਕਈ ਦੇਸ਼ਾਂ ਦੀਆਂ ਸਰਕਾਰਾਂ ਨੇ ਯਾਤਰਾ ’ਤੇ ਪਾਬੰਦੀਆਂ ਲਾ ਦਿੱਤੀਆਂ ਹਨ। ਇਸ ਕਾਰਣ ਸੰਭਵ ਹੈ ਕਿ ਕਈ ਕੰਪਨੀਆਂ ਟੈਕਨੀਕਲ ਬੈਂਕ੍ਰਪਸੀ ’ਤੇ ਪਹੁੰਚ ਗਈਆਂ ਹਨ ਜਾਂ ਫਿਰ ਉਹ ਡੈੱਟ ਡਿਫਾਲਟ ਦੇ ਕੋਲ ਪਹੁੰਚ ਗਈਆਂ ਹਨ।
ਏਅਰਲਾਈਨਸ ਨੇ ਆਪ੍ਰੇਸ਼ਨ ’ਚ ਕੀਤੀ ਭਾਰੀ ਕਟੌਤੀ
ਨੋਟ ’ਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਨੂੰ ਵੇਖਦਿਆਂ ਪੂਰੀ ਦੁਨੀਆ ’ਚ ਏਅਰਲਾਈਨਸ ਨੇ ਆਪਣੇ ਆਪ੍ਰੇਸ਼ਨ (ਸੰਚਾਲਨ) ’ਚ ਭਾਰੀ ਕਟੌਤੀ ਕੀਤੀ ਹੈ। ਉਦਾਹਰਣ ਲਈ ਅਮਰੀਕਾ ਦੀ ਡੈਲਟਾ ਏਅਰਲਾਈਨਸ ਨੇ ਐਤਵਾਰ ਨੂੰ ਕਿਹਾ ਕਿ ਉਸ ਨੇ 300 ਏਅਰਕ੍ਰਾਫਟ ਨੂੰ ਗਰਾਊਂਡਿਡ ਕਰ ਦਿੱਤਾ ਹੈ ਅਤੇ 40 ਫ਼ੀਸਦੀ ਉਡਾਣਾਂ ਘੱਟ ਕਰ ਦਿੱਤੀਆਂ ਗਈਆਂ ਹਨ। ਅਮਰੀਕਾ ਨੇ ਯੂਰਪੀ ਯੂਨੀਅਨ, ਯੂ. ਕੇ. ਅਤੇ ਆਇਰਲੈਂਡ ਤੋਂ ਆਉਣ ਵਾਲੇ ਸਾਰੇ ਸੈਲਾਨੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਹਨ। ਇਸ ਤਰ੍ਹਾਂ ਭਾਰਤ ਸਰਕਾਰ ਨੇ ਵੀ 15 ਅਪ੍ਰੈਲ ਤੱਕ ਹਰ ਕਿਸਮ ਦੇ ਟੂਰਿਸਟ ਵੀਜ਼ੇ ਰੱਦ ਕਰ ਦਿੱਤੇ ਹਨ। ਸੀ. ਏ. ਪੀ. ਏ. ਨੇ ਕਿਹਾ ਹੈ ਕਿ ਏਅਰਕ੍ਰਾਫਟ ਦੇ ਗਰਾਊਂਡਿਡ ਹੋਣ ਕਾਰਣ ਏਅਰਲਾਈਨਸ ਦਾ ਕੈਸ਼ ਰਿਜ਼ਰਵ ਤੇਜ਼ੀ ਨਾਲ ਘਟ ਰਿਹਾ ਹੈ, ਜੋ ਵੀ ਫਲਾਈਟਸ ਚੱਲ ਰਹੀਆਂ ਹਨ ਉਨ੍ਹਾਂ ’ਚ ਅੱਧੇ ਤੋਂ ਘੱਟ ਯਾਤਰੀ ਰਹਿ ਗਏ ਹਨ। ਇਸ ਤੋਂ ਇਲਾਵਾ ਸਰਕਾਰ ਨੇ ਲੋਕਾਂ ਨੂੰ ਵਿਦੇਸ਼ ਯਾਤਰਾ ਤੋਂ ਪ੍ਰਹੇਜ਼ ਲਈ ਕਿਹਾ ਹੈ। ਕਈ ਹੋਰ ਦੇਸ਼ਾਂ ਨੇ ਵੀ ਆਪਣੀਆਂ ਫਲਾਈਟਸ ਨੂੰ ਰੱਦ ਕਰ ਦਿੱਤਾ ਹੈ।
ਇੰਡੀਗੋ ਦੀ ਬੁਕਿੰਗ 20 ਫ਼ੀਸਦੀ ਤੱਕ ਡਿੱਗੀ
ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਦੇ ਬੇੜੇ ’ਚ 260 ਜਹਾਜ਼ ਹਨ। ਇੰਡੀਗੋ ਨੇ ਬੀਤੇ ਵੀਰਵਾਰ ਨੂੰ ਕਿਹਾ ਸੀ ਕਿ ਪਿਛਲੇ ਕੁਝ ਦਿਨਾਂ ਤੋਂ ਉਸ ਦੀ ਰੋਜ਼ਾਨਾ ਬੁਕਿੰਗ ’ਚ 15 ਤੋਂ 20 ਫ਼ੀਸਦੀ ਦੀ ਗਿਰਾਵਟ ਹੋ ਰਹੀ ਹੈ। ਸਸਤੀ ਹਵਾਈ ਯਾਤਰਾ ਕਰਾਉਣ ਲਈ ਮਸ਼ਹੂਰ ਇੰਡੀਗੋ ਨੇ ਕਿਹਾ ਕਿ ਬੁਕਿੰਗ ’ਚ ਆਈ ਗਿਰਾਵਟ ਦਾ ਉਸ ਦੀ ਤਿਮਾਹੀ ਕਮਾਈ ’ਤੇ ਡੂੰਘਾ ਅਸਰ ਪਵੇਗਾ। ਸੀ. ਏ. ਪੀ. ਏ. ਨੇ ਕਿਹਾ ਹੈ ਕਿ ਤਾਲਮੇਲ ਦੀ ਕਮੀ ’ਚ ਭਵਿੱਖ ’ਚ ਇਸ ਖੇਤਰ ’ਚ ਬਹੁਤ ਘੱਟ ਮੁਕਾਬਲੇਬਾਜ਼ੀ ਰਹਿ ਜਾਵੇਗੀ। ਇਸ ਤੋਂ ਇਲਾਵਾ ਵਿਸਤਾਰਾ, ਸਪਾਈਸਜੈੱਟ ਦੀ ਬੁਕਿੰਗ ’ਚ ਵੀ ਭਾਰੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟਰਾਂ ਅਨੁਸਾਰ ਭਾਰਤੀ ਹਵਾਈ ਕੰਪਨੀਆਂ ਨੇ 50 ਤੋਂ ਜ਼ਿਆਦਾ ਏਅਰਕ੍ਰਾਫਟ ਨੂੰ ਗਰਾਊਂਡਿਡ (ਜ਼ਮੀਨ ’ਤੇ ਖੜ੍ਹੇ ਕਰਨਾ) ਕਰ ਦਿੱਤਾ ਹੈ।
ਕੋਰੋਨਾ: RBI ਦੀ ਅਪੀਲ, ਪੇਮੈਂਟ ਲਈ ਨੋਟ ਨਹੀਂ ਡਿਜੀਟਲ ਮੋਡ ਦੀ ਕਰੋ ਵਰਤੋਂ
NEXT STORY