ਬੁਢਲਾਡਾ (ਬਾਂਸਲ) : ਕਣਕ ਦੀ ਢੌਆ ਢੋਆਈ ਨਾ ਹੋਣ ਦੇ ਕਾਰਨ ਮੰਡੀਆਂ 'ਚ ਬੈਠੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੇ ਰੋਸ ਵਜੋਂ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬੁਢਲਾਡਾ ਸੁਨਾਮ ਮੁੱਖ ਸੜਕ ਚੱਕਾ ਜਾਮ ਕਰਕੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂ ਨਿਹਾਲ ਸਿੰਘ, ਜੰਟਾ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਮੰਡੀਆਂ 'ਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਾ ਆਉਣ ਦੇ ਦਮਗਜੇ ਮਾਰ ਕੇ ਅੱਜ ਕਿਸਾਨਾਂ ਨੂੰ ਜਲੀਲ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੰਡੀਆਂ 'ਚ ਖਰੀਦ ਪ੍ਰਬੰਧਾਂ ਦਾ ਜਨਾਜ਼ਾ ਬੁਰੀ ਤਰ੍ਹਾਂ ਨਿਕਲ ਚੁੱਕਾ ਹੈ ਅਤੇ ਕਿਸਾਨ ਛਾਂ ਅਤੇ ਪਾਣੀ ਨੂੰ ਵੀ ਤਰਸ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਡੀ ਬੋਰਡ ਦੇ ਅਧਿਕਾਰੀਆਂ ਵੱਲੋਂ ਖਰੀਦ ਪ੍ਰਬੰਧਾਂ ਸੰਬੰਧੀ ਉਚ ਅਧਿਕਾਰੀਆਂ ਨੂੰ ਖਾਨਾ ਪੂਰਤੀ ਕਰਦਿਆਂ ਕਾਗਜਾਂ ਤੱਕ ਸੀਮਤ ਰੱਖ ਦਿੱਤੇ। ਉਨ੍ਹਾਂ ਮੰਗ ਕੀਤੀ ਕਿ ਮੰਡੀਆਂ 'ਚ ਢੋਆ ਢੋਆਈ ਦੀ ਰਫਤਾਰ ਤੇਜੀ ਨਾਲ ਅਮਲ 'ਚ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਯੂਨੀਅਨ ਖਰੀਦ ਪ੍ਰਬੰਧਾਂ ਸੰਬੰਧੀ ਅਣਗਹਿਲੀ ਬਰਦਾਸ਼ਤ ਨਹੀਂ ਕਰੇਗੀ। ਇਸ ਮੌਕੇ ਮੇਜਰ ਸਿੰਘ, ਮਿੱਠੂ ਸਿੰਘ, ਲਾਭ ਸਿੰਘ, ਹੰਸ ਰਾਜ ਅਤੇ ਜਗਸੀਰ ਸਿੰਘ ਆਦਿ ਹਾਜ਼ਰ ਸਨ। ਇਸ ਸੰਬੰਧੀ ਐੱਸ.ਡੀ.ਐੱਮ. ਬੁਢਲਾਡਾ ਗੁਰਸਿਮਰਨ ਸਿੰਘ ਢਿੱਲੋਂ ਨਾਲ ਗੱਲ ਕਰਨ ਤੇ ਉਨ੍ਹਾਂ ਕਿਹਾ ਕਿ ਢੋਆ ਢੋਆਈ ਦਾ ਕੰਮ ਜਿਸ ਠੇਕੇਦਾਰ ਨੂੰ ਦਿੱਤਾ ਗਿਆ ਸੀ, ਉਸ ਕੋਲ ਸਮੇਂ ਸਿਰ ਸਾਧਨ ਪੂਰੇ ਨਾ ਹੋਣ ਕਾਰਨ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਸ ਸੰਬੰਧੀ ਡਿਪਟੀ ਕਮਿਸ਼ਨਰ ਮਾਨਸਾ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ, ਜਿਸ ਦਾ ਹੱਲ ਜਲਦ ਹੀ ਕੱਢ ਲਿਆ ਜਾਵੇਗਾ।
ਪੁਲਸ ਫੋਰਸ 'ਚ ਔਰਤਾਂ ਦੀ ਹਿੱਸੇਦਾਰੀ 'ਚ ਪੰਜਾਬ ਪਛੜਿਆ
NEXT STORY