ਚੰਡੀਗੜ੍ਹ (ਸੁਸ਼ੀਲ) - ਟ੍ਰੈਫਿਕ ਪੁਲਸ ਦੇ ਸਬ-ਇੰਸਪੈਕਟਰ ਨੇ ਬਾਪੂਧਾਮ ਵਾਸੀ ਇਕ ਨੌਜਵਾਨ ਦੀ ਬਿਨਾਂ ਕਾਗਜ਼ਾਂ ਵਾਲੀ ਐਕਟਿਵਾ ਜ਼ਬਤ ਕੀਤੀ ਤਾਂ ਨੌਜਵਾਨ ਨੇ ਐੱਸ. ਆਈ. ਦੀ ਮੋਬਾਇਲ ਫੋਨ 'ਤੇ ਪੈਸੇ ਦੇ ਲੈਣ-ਦੇਣ ਸਬੰਧੀ ਵੀਡੀਓ ਬਣਾ ਕੇ ਫੇਸਬੁੱਕ 'ਤੇ ਪੋਸਟ ਕਰ ਦਿੱਤੀ। ਨੌਜਵਾਨ ਨੇ ਐੱਸ. ਆਈ. 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਜੜ ਕੇ ਵੀਡੀਓ ਵੱਧ ਤੋਂ ਵੱਧ ਵਾਇਰਲ ਕਰਕੇ ਐੱਸ. ਆਈ. ਖਿਲਾਫ ਕਾਰਵਾਈ ਦੀ ਮੰਗ ਕੀਤੀ। ਵਾਇਰਲ ਹੋਈ ਵੀਡੀਓ ਟ੍ਰੈਫਿਕ ਪੁਲਸ ਦੇ ਐੱਸ. ਐੱਸ. ਪੀ. ਸ਼ਸ਼ਾਂਕ ਆਨੰਦ ਕੋਲ ਪਹੁੰਚੀ। ਉਨ੍ਹਾਂ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ। ਡੀ. ਐੱਸ. ਪੀ. ਟ੍ਰੈਫਿਕ ਯਸ਼ਪਾਲ
ਨੇ ਜਾਂਚ ਦੌਰਾਨ ਪਾਇਆ ਕਿ ਸੈਕਟਰ-27/30 ਚੌਕ 'ਤੇ ਸਬ-ਇੰਸਪੈਕਟਰ
ਰਣਜੀਤ ਸਿੰਘ ਨੇ ਇਕ ਮੋਟਰਸਾਈਕਲ ਸਵਾਰ ਦਾ ਬਿਨਾਂ ਹੈਲਮੇਟ ਤੋਂ ਚਲਾਨ ਕੱਟਿਆ ਸੀ। ਮੋਟਰਸਾਈਕਲ ਸਵਾਰ ਨੌਜਵਾਨ ਨੇ ਐੱਸ. ਆਈ. ਨੂੰ ਕਿਹਾ ਕਿ ਉਸਦਾ ਰਿਸ਼ਤੇਦਾਰ ਬੀਮਾਰ ਹੈ, ਉਸ ਨੇ ਉਥੇ ਜਾਣਾ ਹੈ, ਇਸ ਲਈ ਉਹ ਮੌਕੇ 'ਤੇ ਚਲਾਨ ਦਾ ਭੁਗਤਾਨ ਕਰ ਲਏ।
ਐੱਸ. ਆਈ. ਨੇ ਨੌਜਵਾਨ ਦੀ ਮਜਬੂਰੀ ਵੇਖਦਿਆਂ ਮੌਕੇ 'ਤੇ ਬਿਨਾਂ ਹੈਲਮੇਟ ਤੋਂ ਕੱਟੇ ਚਲਾਨ ਦੇ 300 ਰੁਪਏ ਜੁਰਮਾਨਾ ਵਸੂਲ ਕੇ ਰਸੀਦ ਉਸਨੂੰ ਦੇ ਦਿੱਤੀ। ਐੱਸ. ਆਈ. ਨੇ 29 ਨਵੰਬਰ ਨੂੰ 300 ਰੁਪਏ ਚਲਾਨਿੰਗ ਬ੍ਰਾਂਚ ਵਿਚ ਜਾ ਕੇ ਜਮ੍ਹਾ ਵੀ ਕਰਵਾਏ।
ਟ੍ਰੈਫਿਕ ਪੁਲਸ ਨੂੰ ਬਦਨਾਮ ਕਰਨ ਵਾਲੇ ਨੌਜਵਾਨ 'ਤੇ ਹੁਣ ਚੰਡੀਗੜ੍ਹ ਪੁਲਸ ਕਾਰਵਾਈ ਕਰੇਗੀ, ਤਾਂ ਜੋ ਆਉਣ ਵਾਲੇ ਸਮੇਂ 'ਚ ਕੋਈ ਗਲਤ ਵੀਡੀਓ ਪੋਸਟ ਕਰਕੇ ਪੁਲਸ ਕਰਮਚਾਰੀਆਂ ਨੂੰ ਬਦਨਾਮ ਨਾ ਕਰ ਸਕੇ।
ਨੌਜਵਾਨ ਨੇ ਚਲਾਨ ਦੇ 500 ਰੁਪਏ ਦਿੱਤੇ ਤਾਂ ਐੱਸ. ਆਈ. ਨੇ 200 ਰੁਪਏ ਕੀਤੇ ਸਨ ਵਾਪਸ
ਬਾਪੂਧਾਮ ਵਾਸੀ ਸਾਹਿਲ ਤੇ ਉਸਦਾ ਦੋਸਤ ਆਕਾਸ਼ 29 ਨਵੰਬਰ ਨੂੰ ਐਕਟਿਵਾ 'ਤੇ ਸੈਕਟਰ-32 ਨੂੰ ਜਾ ਰਹੇ ਸਨ। ਐਕਟਿਵਾ ਦੇ ਪਿੱਛੇ ਬੈਠੇ ਨੌਜਵਾਨ ਨੇ ਹੈਲਮੇਟ ਨਹੀਂ ਪਾਇਆ ਹੋਇਆ ਸੀ। ਸੈਕਟਰ-27/30 ਚੌਕ 'ਚ ਤਾਇਨਾਤ ਐੈੱਸ. ਆਈ. ਰਣਜੀਤ ਸਿੰਘ ਨੇ ਬਿਨਾਂ ਹੈਲਮੇਟ ਦੇ ਐਕਟਿਵਾ ਸਵਾਰ ਸਾਹਿਲ ਤੇ ਇਕ ਹੋਰ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਰੋਕ ਲਿਆ। ਐੱਸ. ਆਈ. ਰਣਜੀਤ ਸਿੰਘ ਨੇ ਸਾਹਿਲ ਕੋਲ ਐਕਟਿਵਾ ਦੇ ਕਾਗਜ਼ ਨਾ ਹੋਣ 'ਤੇ ਉਸਦੀ ਐਕਟਿਵਾ ਨੂੰ ਜ਼ਬਤ ਕਰ ਲਿਆ। ਇਸ ਤੋਂ ਬਾਅਦ ਸਬ-ਇੰਸਪੈਕਟਰ ਨੇ ਨੌਜਵਾਨ ਦਾ ਬਿਨਾਂ ਹੈਲਮੇਟ ਦਾ ਚਲਾਨ ਕੱਟ ਕੇ ਰਸੀਦ ਦੇ ਦਿੱਤੀ ਤੇ ਉਸਦਾ ਲਾਇਸੈਂਸ ਜ਼ਬਤ ਕਰ ਲਿਆ। ਇਸ ਦੌਰਾਨ ਸਾਹਿਲ ਤੇ ਉਸਦੇ ਦੋਸਤ ਆਕਾਸ਼ ਨੇ ਐੱਸ. ਆਈ. ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਨੌਜਵਾਨ ਨੇ ਜੁਰਮਾਨਾ ਅਦਾ ਕਰਨ ਲਈ 500 ਰੁਪਏ ਐੱਸ. ਆਈ. ਰਣਜੀਤ ਸਿੰਘ ਨੂੰ ਦੇ ਦਿੱਤੇ। ਰਣਜੀਤ ਸਿੰਘ ਨੇ 500 ਰੁਪਏ ਪਰਸ 'ਚ ਰੱਖ ਕੇ 100 ਰੁਪਏ ਆਪਣੇ ਕੋਲੋਂ ਤੇ 100 ਰੁਪਏ ਹੋਮਗਾਰਡ ਜਵਾਨ ਨਰਿੰਦਰ ਸਿੰਘ ਤੋਂ ਲੈ ਕੇ ਨੌਜਵਾਨ ਨੂੰ ਦੇ ਦਿੱਤੇ। ਇਸ ਤੋਂ ਬਾਅਦ ਸਬ-ਇੰਸਪੈਕਟਰ ਨੇ 300 ਰੁਪਏ ਜੁਰਮਾਨੇ ਦੀ ਰਸੀਦ ਕੱਟ ਕੇ ਨੌਜਵਾਨ ਨੂੰ ਫੜਾ ਦਿੱਤੀ। ਐਕਟਿਵਾ ਜ਼ਬਤ ਹੋਣ ਕਾਰਨ ਨਾਰਾਜ਼ ਸਾਹਿਲ ਨੇ 30 ਨਵੰਬਰ ਨੂੰ ਐੱਸ. ਆਈ. ਦੀ ਵੀਡੀਓ ਫੇਸਬੁੱਕ 'ਤੇ ਪੋਸਟ ਕਰ ਦਿੱਤੀ।
ਬਿਜਲੀ ਕਰਮਚਾਰੀਆਂ ਵੱਲੋਂ ਪਾਵਰਕਾਮ ਮੈਨੇਜਮੈਂਟ ਵਿਰੁੱਧ ਨਾਅਰੇਬਾਜ਼ੀ
NEXT STORY