ਕਪੂਰਥਲਾ/ਪੈਰਿਸ— ਕਪੂਰਥਲਾ ਦੇ ਭੁਲੱਥ ਨੇੜੇ ਪੈਂਦੇ ਪਿੰਡ ਨਿੱਕੀ ਮਯਾਨੀ ਦੇ ਰਹਿਣ ਵਾਲੇ ਇਕਬਾਲ ਸਿੰਘ ਭੱਟੀ ਅੱਜ ਫਰਾਂਸ 'ਚ ਭਾਰਤੀ ਮੂਲ ਦੇ ਲੋਕਾਂ ਲਈ ਮਸੀਹਾ ਬਣ ਚੁਕੇ ਹਨ। ਉਨ੍ਹਾਂ ਨੇ 16 ਸਾਲ ਪਹਿਲਾਂ ਲਾਵਾਰਿਸ ਲਾਸ਼ਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਵਦੇਸ਼ ਭੇਜਣ ਦਾ ਮਿਸ਼ਨ ਸ਼ੁਰੂ ਕੀਤਾ ਸੀ ਅਤੇ ਹੁਣ ਤੱਕ ਉਹ 130 ਲਾਸ਼ਾਂ ਨੂੰ ਭਾਰਤ ਭਿਜਵਾ ਚੁੱਕੇ ਹਨ। ਹੁਣ ਫਰਾਂਸ ਸਰਕਾਰ ਵੀ ਉਨ੍ਹਾਂ ਦਾ ਲੋਹਾ ਮੰਨਣ ਨੂੰ ਮਜਬੂਰ ਹੋ ਗਈ ਹੈ। ਇਹੀ ਕਾਰਨ ਹੈ ਕਿ ਫਰਾਂਸ 'ਚ ਜਦੋਂ ਵੀ ਕਿਸੇ ਭਾਰਤੀ ਮੂਲ ਦੇ ਵਿਅਕਤੀ ਦੀ ਲਾਵਾਰਿਸ ਲਾਸ਼ ਮਿਲਦੀ ਹੈ ਤਾਂ ਸਭ ਤੋਂ ਪਹਿਲਾਂ ਇਕਬਾਲ ਸਿੰਘ ਨੂੰ ਫੋਨ ਕੀਤਾ ਜਾਂਦਾ ਹੈ। ਪੁਲਸ ਉਨ੍ਹਾਂ ਦੀ ਮਦਦ ਲੈ ਕੇ ਲਾਸ਼ ਦੀ ਪਛਾਣ ਕਰਦੀ ਹੈ।
1991 'ਚ ਫਰਾਂਸ ਗਏ ਸਨ ਇਕਬਾਲ
63 ਸਾਲ ਦੇ ਇਕਬਾਲ ਸਿੰਘ 1991 'ਚ ਫਰਾਂਸ ਗਏ ਸਨ। ਇਥੇ ਉਨ੍ਹਾਂ ਨੇ ਪਹਿਲਾਂ ਰਾਜਮਿਸਤਰੀ ਦਾ ਕੰਮ ਕੀਤਾ ਅਤੇ ਅੱਜਕਲ੍ਹ ਇਕ ਸਟੋਰ 'ਤੇ ਸੇਲਸਮੈਨ ਦੇ ਤੌਰ 'ਤੇ ਕੰਮ ਕਰ ਰਹੇ ਹਨ।
ਇਸ ਘਟਨਾ ਨੇ ਬਦਲਿਆ ਇਕਬਾਲ ਦੇ ਜੀਵਨ ਦਾ ਮਕਸਦ
2003 ਨੂੰ ਫਰਾਂਸ 'ਚ ਭੁਲੱਥ ਦਾ ਨੌਜਵਾਨ ਸੁਖਵਿੰਦਰ ਸਿੰਘ ਲਾਪਤਾ ਹੋ ਗਿਆ ਸੀ। ਉਥੇ ਬਣੇ ਹਰ ਗੁਰਦੁਆਰੇ 'ਚ ਅਨਾਊਂਸਮੈਂਟ ਹੋਣ ਲੱਗੀ। ਉਸ ਦੇ ਦੋਸਤ ਵੀ ਕਾਫੀ ਪਰੇਸ਼ਾਨ ਸਨ। ਭੱਟੀ ਕਹਿੰਦੇ ਹਨ ਕਿ ਇਸ ਘਟਨਾ ਨੇ ਉਨ੍ਹਾਂ ਦੇ ਜੀਵਨ ਦਾ ਮਕਸਦ ਬਦਲ ਦਿੱਤਾ। ਸੁਖਵਿੰਦਰ ਨੇ ਸਿਆਸੀ ਸ਼ਰਨ ਲਈ ਫਰਾਂਸ ਸਰਕਾਰ ਨੂੰ ਅਪੀਲ ਕਰ ਰੱਖੀ ਸੀ। ਸੁਖਵਿੰਦਰ ਨੂੰ ਲੈ ਕੇ ਉਨ੍ਹਾਂ ਦੇ ਅੰਦਰ ਦਰਦ ਉੱਠਿਆ ਅਤੇ ਉਨ੍ਹਾਂ ਨੇ ਖੋਜਬੀਣ ਸ਼ੁਰੂ ਕੀਤੀ। ਇਸ ਦੇ ਬਾਅਦ ਪੈਰਿਸ ਤੋਂ ਲਗਭਗ 1500 ਕਿਲੋਮੀਟਰ ਦੂਰ ਪੁਰਤਗਾਲ ਬਾਰਡਰ ਤੋਂ ਉਨ੍ਹਾਂ ਨੇ ਸੁਖਵਿੰਦਰ ਦੀ ਲਾਸ਼ ਲੱਭੀ।
ਉਨ੍ਹਾਂ ਨੇ ਦੱਸਿਆ ਕਿ ਸੁਖਵਿੰਦਰ ਦੀ ਭਾਲ ਕਰਦੇ ਹੋਏ ਉਹ ਇਕ ਜਾਸੂਸ ਵਾਂਗ ਕੰਮ ਕਰਨ ਲੱਗ ਗਏ ਸਨ। ਭਾਲ ਕਰਦੇ ਹੋਏ ਉਨ੍ਹਾਂ ਪਤਾ ਲੱਗਾ ਸੀ ਕਿ ਸੁਖਵਿੰਦਰ ਹਮੇਸ਼ਾ ਚਾਈਨੀਜ਼ ਲੜਕੀ ਨਾਲ ਮੁਲਾਕਾਤ ਕਰਨ ਲਈ ਕਲੱਬ ਜਾਂਦਾ ਸੀ। ਉਹ ਉਸ ਨੂੰ ਲੱਭਦੇ ਹੋਏ ਕਲੱਬ ਤੱਕ ਪਹੁੰਚੇ ਅਤੇ ਮੈਨੇਜਰ ਨੂੰ ਆਪਣਾ ਫੋਨ ਨੰਬਰ ਦੇ ਕੇ ਕਿਹਾ ਕਿ ਜੇਕਰ ਚਾਈਨੀਜ਼ ਲੜਕੀ ਮਿਲੇ ਤਾਂ ਉਸ ਨਾਲ ਮੇਰੀ ਗੱਲ ਕਰਵਾ ਦਿੱਤੀ ਜਾਵੇ। ਥੋੜ੍ਹੇ ਦਿਨਾਂ ਉਨ੍ਹਾਂ ਨੂੰ ਚਾਈਨੀਜ਼ ਲੜਕੀ ਦਾ ਫੋਨ ਆਇਆ। ਉਸ ਨੇ ਦੱਸਿਆ ਕਿ ਸੁਖਵਿੰਦਰ ਗੈਰ-ਕਾਨੂੰਨੀ ਤਰੀਕੇ ਨਾਲ ਫਰਾਂਸ ਆਇਆ ਸੀ ਅਤੇ ਸਰਕਾਰ ਨੇ ਉਸ ਨੂੰ ਪੁਰਤਗਾਲ ਬਾਰਡਰ 'ਤੇ ਭੇਜ ਦਿੱਤਾ। ਰਾਤ 11 ਵਜੇ ਭੱਟੀ ਨੇ ਆਪਣੀ ਕਾਰ ਚੁੱਕੀ ਅਤੇ ਸੁਖਵਿੰਦਰ ਦੀ ਭਾਲ ਲਈ ਪੁਰਤਗਾਲ ਬਾਰਡਰ ਵੱਲ ਨਿਕਲ ਪਏ।
ਉਥੇ ਜਾ ਕੇ ਪਤਾ ਲੱਗਾ ਕਿ ਸੁਖਵਿੰਦਰ ਸਰਕਾਰੀ ਘਰ 'ਚ ਰੁਕਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ ਸੀ। ਸਰਕਾਰੀ ਘਰ ਦੇ ਮੈਨੇਜਰ ਨੂੰ ਸੁਖਵਿੰਦਰ ਕੋਲੋਂ ਕੋਈ ਫੋਨ ਨੰਬਰ ਨਹੀਂ ਮਿਲਿਆ, ਜਿਸ ਨਾਲ ਉਸ ਦੀ ਪਛਾਣ ਹੋ ਸਕੇ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਦੇ ਪਰਿਵਾਰ ਨਾਲ ਸਪੰਰਕ ਕੀਤਾ ਅਤੇ ਘਟਨਾ ਤੋਂ ਜਾਣੂ ਕਰਵਾਇਆ। ਭੱਟੀ ਨੇ ਉਸ ਤੋਂ ਬਾਅਦ ਸੁਖਵਿੰਦਰ ਦੀ ਮਾਂ ਅਤੇ ਜੀਜਾ ਨੂੰ ਫਰਾਂਸ ਬੁਲਾਇਆ ਅਤੇ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਬਿਨਾਂ ਪਛਾਣ ਫਰਾਂਸ ਤੋਂ ਬਾਹਰ ਨਹੀਂ ਜਾ ਸਕਦੀ ਲਾਸ਼
ਭੱਟੀ ਦੱਸਦੇ ਹਨ ਕਿ ਤੁਸੀਂ ਫਰਾਂਸ 'ਚ ਬਿਨਾਂ ਕਾਗਜ਼ਾਂ ਦੇ ਦਾਖਲ ਤਾਂ ਹੋ ਸਕਦੇ ਹੋ ਪਰ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਅਸਲ ਪਛਾਣ ਤੈਅ ਕੀਤੇ ਬਿਨਾਂ ਉਸ ਦੀ ਲਾਸ਼ ਨੂੰ ਫਰਾਂਸ ਤੋਂ ਬਾਹਰ ਨਹੀਂ ਲਿਜਾਇਆ ਜਾ ਸਕਦਾ।
ਸਾਵਧਾਨੀ ਨਾਲ ਕਰਨਾ ਪੈਂਦਾ ਹੈ ਇਹ ਕੰਮ
ਉਹ ਦੱਸਦੇ ਹਨ ਕਿ ਉਨ੍ਹਾਂ ਦੀ ਸੰਸਥਾ ਮ੍ਰਿਤਕ ਦੇ ਪਰਿਵਾਰ ਨਾਲ ਸੰਪਰਕ ਕਰਦੀ ਹੈ ਅਤੇ ਉਸ ਦੇ ਦਸਤਾਵੇਜ਼, ਪਰਿਵਾਰ ਦੇ ਨਾਲ ਫੋਟੋ ਅਤੇ ਤਮਾਮ ਦਸਤਾਵੇਜ਼ਾਂ ਦਾ ਬੰਦੋਬਸਤ ਕਰਦੀ ਹੈ। ਕਈ ਮਹੀਨਿਆਂ ਤੋਂ ਬਾਅਦ ਮ੍ਰਿਤਕ ਦੀ ਦੇਹ ਨੂੰ ਰਜਿਸਟਰ ਕੀਤਾ ਜਾਂਦਾ ਹੈ। ਰਜਿਸਟ੍ਰੇਸ਼ਨ ਤੋਂ ਬਅਦ ਦੋ ਰਸਤੇ ਹੁੰਦੇ ਹਨ ਜਾਂ ਉਸ ਦੀ ਲਾਸ਼ ਭੇਜੀ ਜਾਵੇ ਜਾਂ ਫਿਰ ਉਸ ਦਾ ਸਸਕਾਰ ਕਰਕੇ ਕਲਸ਼ 'ਚ ਅਸਥੀਆਂ ਪਾ ਕੇ ਭਾਰਤ ਰਵਾਨਾ ਕੀਤੀਆਂ ਜਾਣ। ਜੇਕਰ ਅਸਥੀਆਂ ਭੇਜਣੀਆਂ ਹੁੰਦੀਆਂ ਹਨ ਤਾਂ ਕਲਸ਼ ਨੂੰ ਸੀਲ ਕੀਤਾ ਜਾਂਦਾ ਹੈ ਅਤੇ ਜੇਕਰ ਸੀਲ ਟੁੱਟ ਜਾਵੇ ਤਾਂ ਘੱਟੋ-ਘੱਟ 6 ਮਹੀਨਿਆਂ ਦੀ ਜੇਲ ਦੀ ਸਜ਼ਾ ਹੈ। ਇਸੇ ਕਰਕੇ ਇਸ ਕੰਮ ਨੂੰ ਬੜੀ ਹੀ ਸਾਵਧਾਨੀ ਨਾਲ ਕੀਤਾ ਜਾਂਦਾ ਹੈ।
ਪਰਗਟ ਦੀ ਕੈਪਟਨ ਨੂੰ ਲਿਖੀ ਵਾਇਰਲ ਹੋਈ ਚਿੱਠੀ ਨੇ ਪਾਇਆ ਭੜਥੂ
NEXT STORY