ਕਪੂਰਥਲਾ, (ਮਲਹੋਤਰਾ)- ਡਿਪਟੀ ਕਮਿਸ਼ਨਰ ਮੁਹੰਮਦ ਤਇਅਬ ਵੱਲੋਂ ਕਿਸਾਨਾਂ ਅਤੇ ਖਪਤਕਾਰਾਂ ਦਰਮਿਆਨ ਵਿਚੋਲਿਆਂ ਨੂੰ ਪਾਸੇ ਕਰਕੇ ਸਿੱਧੇ ਮੰਡੀਕਰਨ ਦੇ ਸਿਧਾਂਤ ਅਨੁਸਾਰ ਸ਼ਹਿਰ ਵਿਚ ਸ਼ੁਰੂ ਕੀਤੀ ਗਈ 'ਆਪਣੀ ਮੰਡੀ' ਅੱਜ ਸਿਟੀ ਹਾਲ, ਮਾਡਲ ਟਾਊਨ ਵਿਖੇ ਲੱਗੀ, ਜਿਸ ਨੂੰ ਕਪੂਰਥਲਾ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਮੰਡੀ ਦੇ ਨਿਰੀਖਣ ਲਈ ਪੁੱਜੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਤਾਰ ਸਿੰਘ ਭੁੱਲਰ ਨੇ ਇਸ ਮੌਕੇ ਮੰਡੀ ਵਿਚ ਆਪਣੀਆਂ ਜਿਣਸਾਂ ਵੇਚਣ ਲਈ ਪੁੱਜੇ ਕਿਸਾਨਾਂ ਅਤੇ ਖ਼ਰੀਦਦਾਰੀ ਕਰਨ ਵਾਲੇ ਲੋਕਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਭੁੱਲਰ ਅਤੇ ਉਨ੍ਹਾਂ ਦੇ ਨਾਲ ਆਏ ਅਧਿਕਾਰੀਆਂ ਨੇ ਵੀ ਖ਼ਰੀਦਦਾਰੀ ਕੀਤੀ।
ਏ. ਡੀ. ਸੀ. ਅਵਤਾਰ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਮੰਡੀ ਹਫ਼ਤੇ ਵਿਚ ਦੋ ਦਿਨ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਲੱਗਿਆ ਕਰੇਗੀ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ 'ਆਪਣੀ ਮੰਡੀ' ਪੁਰਾਣੀ ਅਬਰੋਲ ਫੈਕਟਰੀ (ਪਟਾਕਾ ਮਾਰਕੀਟ) ਸਰਕੂਲਰ ਰੋਡ ਕਪੂਰਥਲਾ ਵਿਖੇ ਲੱਗਿਆ ਕਰੇਗੀ, ਜਦਕਿ ਸ਼ੁੱਕਰਵਾਰ ਨੂੰ ਇਹ ਕਮਿਊਨਿਟੀ ਹਾਲ (ਸਿਟੀ ਹਾਲ) ਮਾਡਲ ਟਾਊਨ ਕਪੂਰਥਲਾ ਵਿਖੇ ਲਾਈ ਜਾਇਆ ਕਰੇਗੀ। 6 ਫਰਵਰੀ ਦਿਨ ਮੰਗਲਵਾਰ ਨੂੰ ਇਹ ਮੰਡੀ ਪੁਰਾਣੀ ਅਬਰੋਲ ਫੈਕਟਰੀ (ਪਟਾਕਾ ਮਾਰਕੀਟ) ਸਰਕੂਲਰ ਰੋਡ, ਕਪੂਰਥਲਾ ਵਿਖੇ ਲੱਗੇਗੀ।
ਉਨ੍ਹਾਂ ਕਿਹਾ ਕਿ 'ਆਪਣੀ ਮੰਡੀ' ਵਿਚੋਂ ਸਸਤੇ ਭਾਅ 'ਤੇ ਵਧੀਆ ਕਿਸਮ ਦੇ ਫਲ, ਸਬਜ਼ੀਆਂ, ਹਲਦੀ, ਗੁੜ ਤੇ ਸ਼ਹਿਦ ਆਦਿ ਸਿੱਧਾ ਕਿਸਾਨਾਂ ਵੱਲੋਂ ਖਪਤਕਾਰਾਂ ਨੂੰ ਵੇਚਿਆ ਜਾ ਰਿਹਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ 'ਆਪਣੀ ਮੰਡੀ' ਦਾ ਭਰਪੂਰ ਫਾਇਦਾ ਉਠਾਉਣ ਦੀ ਅਪੀਲ ਕੀਤੀ।
ਇਸ ਮੌਕੇ ਡੀ. ਡੀ. ਪੀ. ਓ. ਗੁਰਦਰਸ਼ਨ ਕੁੰਡਲ, ਮੁੱਖ ਖੇਤੀਬਾੜੀ ਅਫ਼ਸਰ ਡਾ. ਰਵੇਲ ਸਿੰਘ ਔਲਖ, ਖੇਤੀਬਾੜੀ ਅਫ਼ਸਰ ਸੁਲਤਾਨਪੁਰ ਲੋਧੀ ਜਸਬੀਰ ਸਿੰਘ ਖਿੰਡਾ, ਰੇਸ਼ਮ ਸਿੰਘ ਧੰਜੂ, ਖੇਤੀਬਾੜੀ ਵਿਕਾਸ ਅਫ਼ਸਰ ਵਿਸ਼ਾਲ ਕੌਸ਼ਲ, ਸਾਹਿਲ ਓਬਰਾਏ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।
ਕਾਰ ਸਵਾਰ ਨਕਾਬਪੋਸ਼ ਲੁਟੇਰਿਆਂ ਨੇ ਖੋਹਿਆ ਕੈਮਰਾ
NEXT STORY